ਅੰਮ੍ਰਿਤਸਰ: ਬੇਅਦਬੀ ਤੇ ਗੋਲ਼ੀਕਾਂਡ ਦੀ ਪੜਤਾਲ ਲਈ ਬਣੀ ਵਿਸ਼ੇਸ਼ ਜਾਂਚ ਟੀਮ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਤੋਂ ਪੁੱਛਗਿੱਛ ਕੀਤੇ ਜਾਣ ਬਾਰੇ ਸਥਿਤੀ ਕੁਝ ਸਾਫ਼ ਹੋ ਗਈ ਹੈ। ਗਿਆਨੀ ਗੁਰਬਚਨ ਸਿੰਘ ਐਸਆਈਟੀ ਕੋਲ ਪੇਸ਼ ਨਹੀਂ ਹੋਣਗੇ, ਉਨ੍ਹਾਂ ਕਿਹਾ ਕਿ ਜੇਕਰ ਐਸਆਈਟੀ ਨੇ ਕੋਈ ਸਵਾਲ-ਜਵਾਬ ਕਰਨਾ ਹੈ ਤਾਂ ਅਧਿਕਾਰੀ ਉਨ੍ਹਾਂ ਕੋਲ ਆ ਸਕਦੇ ਹਨ।
ਸਾਬਕਾ ਜਥੇਦਾਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਐਸਆਈਟੀ ਦਾ ਸਤਿਕਾਰ ਕਰਦੇ ਹਨ, ਜੇਕਰ ਉਹ ਉਨ੍ਹਾਂ ਤੋਂ ਕੋਈ ਸਵਾਲ ਜਾਂ ਕਿਸੇ ਤਰ੍ਹਾਂ ਦੇ ਪੁੱਛਗਿੱਛ ਕਰਨਾ ਚਾਹੁੰਦੀ ਹੈ ਤਾਂ ਉਹ ਜਵਾਬ ਦੇਣ ਲਈ ਤਿਆਰ ਹਨ। ਬਸ਼ਰਤੇ ਕੋਈ ਉਨ੍ਹਾਂ ਨੂੰ ਆ ਕੇ ਆਪਣੇ ਸਵਾਲ ਕਰੇ। ਉਨ੍ਹਾਂ ਕਿਹਾ ਕਿ ਉਹ ਐਸਆਈਟੀ ਤੇ ਕੁੰਵਰ ਵਿਜੇ ਪ੍ਰਤਾਪ ਵਰਗੇ ਅਫ਼ਸਰਾਂ ਦਾ ਵੀ ਸਤਿਕਾਰ ਕਰਦੇ ਹਨ ਤੇ ਉਹ ਸਵਾਲਾਂ ਦੇ ਜਵਾਬ ਦੇਣ ਲਈ ਤਿਆਰ ਹਨ।
ਰਾਮ ਰਹੀਮ ਨੂੰ ਮੁਆਫ਼ੀ ਦੇਣ ਦੇ ਮਾਮਲੇ ਵਿੱਚ ਘਿਰਨ ਸਾਬਕਾ ਜਥੇਦਾਰ ਇਸ ਮੁੱਦੇ ‘ਤੇ ਵੀ ਗੱਲਬਾਤ ਕਰਨ ਲਈ ਰਜ਼ਾਮੰਦ ਹਨ। ਉਨ੍ਹਾਂ ਕਿਹਾ ਕਿ ਕਿਸੇ ਨੂੰ ਮਾਫੀ ਦੇਣਾ ਜਾਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਮਿਲੀ ਕਿਸੇ ਵੀ ਅਰਜ਼ੀ ‘ਤੇ ਵਿਚਾਰ ਕਰਨਾ ਪੰਜ ਸਿੰਘ ਸਾਹਿਬਾਨਾਂ ਦੇ ਅਧਿਕਾਰ ਖੇਤਰ ਅਧੀਨ ਆਉਂਦਾ ਹੈ। ਜੇਕਰ ਇਸ ਬਾਰੇ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਉਹ ਜਵਾਬ ਦੇ ਦੇਣਗੇ। ਪਿਛਲੇ ਕਈ ਦਿਨਾਂ ਤੋਂ ਅਜਿਹੇ ਅੰਦਾਜ਼ੇ ਸਨ ਕਿ ਐਸਆਈਟੀ ਹੁਣ ਤਤਕਾਲੀ ਜਥੇਦਾਰ ਤੋਂ ਵੀ ਪੁੱਛਗਿੱਛ ਕਰ ਸਕਦੀ ਹੈ, ਕਿਉਂਕਿ ਬੇਅਦਬੀਆਂ ਦਾ ਮਾਮਲਾ ਡੇਰਾ ਸਿਰਸਾ ਨਾਲ ਵੀ ਜੁੜਦਾ ਵਿਖਾਈ ਦੇ ਰਿਹਾ ਹੈ।