ਇਕ ਤਾਜ਼ਾ ਅਧਿਐਨ ਮੁਤਾਬਕ, ਕੋਰੋਨਾ ਦਾ ਓਮੀਕ੍ਰੋਨ ਵੇਰੀਐਂਟ ਡੈਲਟਾ ਤੇ ਕੋਵਿਡ-19 ਦੇ ਮੂਲ ਸਟ੍ਰੇਨ ਸਾਰਸ-ਸੀਓਵੀ-2 ਦੀ ਤੁਲਨਾ ’ਚ 70 ਗੁਣਾ ਤੇਜ਼ੀ ਨਾਲ ਫੈਲਦਾ ਹੈ। ਪਰ ਇਸ ਕਾਰਨ ਹੋਣ ਵਾਲੀ ਬਿਮਾਰੀ ਦੀ ਗੰਭੀਰਤਾ ਬਹੁਤ ਘੱਟ ਹੋਣ ਦੀ ਸੰਭਾਵਨਾ ਹੈ।
ਹਾਂਗਕਾਂਗ ਯੂਨੀਵਰਸਿਟੀ ਦੇ ਸ਼ੋਧਕਰਤਾਵਾਂ ਨੇ ਇਸ ਵੇਰੀਐਂਟ ’ਤੇ ਕੀਤੇ ਗਏ ਅਧਿਐਨ ਤੋਂ ਪਾਇਆ ਕਿ ਇਹ ਵੇਰੀਐਂਟ ਸਾਹ ਪ੍ਰਣਾਲੀ ਨੂੰ ਪ੍ਰਭਾਵਿਤ ਕਰਦਾ ਹੈ। ਓਮੀਕ੍ਰੋਨ, ਮਾਨਵ ਬ੍ਰੋਨਕਸ ’ਚ ਡੈਲਟਾ ਤੇ ਮੂਲ ਸਾਰਸ-ਸੀਓਵੀ-2 ਦੀ ਤੁਲਨਾ ’ਚ 70 ਗੁਣਾ ਤੇਜ਼ੀ ਨਾਲ ਇਨਫੈਕਸ਼ਨ ਕਰਦਾ ਹੈ। ਬ੍ਰੋਨਕਸ ਹੇਠਲੇ ਸਾਹ ਪ੍ਰਣਾਲੀ ’ਚ ਇਕ ਮਾਰਗ ਜਾਂ ਹਵਾ ਮਾਰਗ ਹੈ ਜੋ ਫੇਫਡ਼ਿਆਂ ’ਚ ਹਵਾ ਦਾ ਸੰਚਾਲਨ ਕਰਦਾ ਹੈ। ਅਧਿਐਨ ਤੋਂ ਇਹ ਵੀ ਪਤਾ ਲੱਗਾ ਹੈ ਕਿ ਫੇਫਡ਼ਿਆਂ ’ਚ ਓਮੀਕ੍ਰੋਨ ਦੀ ਇਨਫੈਕਸ਼ਨ ਮੂਲ ਸਾਰਸ-ਸੀਓਵੀ-2 ਦੀ ਤੁਲਨਾ ’ਚ ਕਾਫ਼ੀ ਘੱਟ ਹੈ, ਜੋ ਰੋਗ ਦੀ ਘੱਟ ਗੰਭੀਰਤਾ ਦਾ ਸੰਕੇਤ ਦਿੰਦਾ ਹੈ।
ਸ਼ੋਧਕਰਤਾਵਾਂ ਨੇ ਓਮੀਕ੍ਰੋਨ ਦੀ ਇਨਫੈਕਸ਼ਨ ਦੀ ਤੀਬਰਤਾ ਤੇ ਰੋਗ ਦੀ ਘੱਟ ਗੰਭੀਰਤਾ ਨੂੰ ਸਮਝਣ ਲਈ ਸਾਹ ਪਥ ਦੀ ਐਕਸ-ਵੀਵੋ ਕਲਚਰ ਦੀ ਵਰਤੋਂ ਕੀਤੀ ਹੈ। ਇਸ ਵਿਧੀ ’ਚ ਸਾਹ ਪਥ ਦੇ ਵਾਇਰਲ ਰੋਗਾਂ ਦੀ ਜਾਂਚ ਲਈ ਕੱਢੇ ਗਏ ਫੇਫਡ਼ੇ ਦੇ ਟਿਸ਼ੂਆਂ ਦੀ ਵਰਤੋਂ ਕੀਤੀ ਜਾਂਦੀ ਹੈ।
ਹਾਂਗਕਾਂਗ ਯੂਨੀਵਰਸਿਟੀ ’ਚ ਐਸੋਸੀਏਟ ਪ੍ਰੋਫੈਸਰ ਮਾਈਕਲ ਚੈਨ ਚੀ-ਵਾਈ ਤੇ ਉਨ੍ਹਾਂ ਦੀ ਟੀਮ ਨੇ ਓਮੀਕ੍ਰੋਨ ਨੂੰ ਸਫਲਤਾ ਨਾਲ ਵੱਖ ਕੀਤਾ ਤੇ ਮੂਲ ਸਾਰਸ-ਸੀਓਵੀ-2 ਤੇ ਡੈਲਟਾ ਵੇਰੀਐਂਟ ਨਾਲ ਇਨਫੈਕਸ਼ਨ ਦੀ ਤੁਲਨਾ ਕੀਤੀ। ਟੀਮ ਨੇ ਪਾਇਆ ਕਿ ਓਮੀਕ੍ਰੋਨ ਮਾਨਵ ਬ੍ਰੋਨਕਸ ’ਚ ਮੂਲ ਸਾਰਸ-ਸੀਓਵੀ-2 ਵਾਇਰਸ ਤੇ ਡੈਲਟਾ ਦੀ ਤੁਲਨਾ ’ਚ ਤੇਜ਼ੀ ਨਾਲ ਆਪਣੀ ਨਕਲ ਤਿਆਰ ਕਰਦਾ ਹੈ। ਸ਼ੋਧਕਰਤਾਵਾਂ ਨੇ ਪਾਇਆ ਕਿ ਇਨਫੈਕਸ਼ਨ ਦੇ 24 ਘੰਟੇ ਬਾਅਦ, ਓਮੀਕ੍ਰੋਨ ਨੇ ਡੈਲਟਾ ਤੇ ਮੂਲ ਸਾਰਸ-ਸੀਓਵੀ-2 ਦੀ ਤੁਲਨਾ ’ਚ ਲਗਪਗ 70 ਗੁਣਾ ਜ਼ਿਆਦਾ ਨਕਲ ਤਿਆਰ ਕੀਤੀਆਂ। ਉੱਥੇ ਓਮੀਕ੍ਰੋਨ ਨੇ ਸਾਰਸ-ਸੀਓਵੀ-2 ਵਾਇਰਸ ਦੀ ਤੁਲਨਾ ’ਚ ਮਾਨਵ ਫੇਫਡ਼ਿਆਂ ਦੇ ਟਿਸ਼ੂਆਂ ’ਚ 10 ਗੁਣਾ ਘੱਟ ਸਮਰੱਥਾ ’ਚ ਨਕਲ ਤਿਆਰ ਜੋ ਬਿਮਾਰੀ ਦੀ ਘੱਟ ਗੰਭੀਰਤਾ ਦਾ ਸੰਕੇਤ ਦੇ ਰਿਹਾ ਹੈ।
ਚਾਨ ਨੇ ਇਕ ਬਿਆਨ ’ਚ ਕਿਹਾ ਕਿ ਇਹ ਧਿਆਨ ਰੱਖਣਾ ਅਹਿਮ ਹੈ ਕਿ ਮਨੁੱਖਾਂ ’ਚ ਬਿਮਾਰੀ ਦੀ ਗੰਭੀਰਤਾ ਨਾ ਸਿਰਫ਼ ਵਾਇਰਸ ਨਕਲ ਵੱਲੋਂ ਨਿਰਧਾਰਤ ਕੀਤੀ ਜਾਂਦੀ ਹੈ, ਬਲਕਿ ਇਨਫੈਕਸ਼ਨ ਪ੍ਰਤੀ ਮੇਜ਼ਬਾਨ ਪ੍ਰਤੀਰੱਖਿਆ ਪ੍ਰਤੀਕਿਰਿਆ ’ਤੇ ਵੀ ਨਿਰਭਰ ਹੁੰਦੀ ਹੈ। ਇਹ ਜਨਮਜਾਤ ਪ੍ਰਤੀਰੱਖਿਆ ਪ੍ਰਣਾਲੀ ਨੂੰ ਪ੍ਰਭਾਵਿਤ ਕਰ ਸਕਦੀ ਹੈ।
ਉਨ੍ਹਾਂ ਦੱਸਿਆ ਕਿ ਇਹ ਵੀ ਧਿਆਨ ਦੇਣ ਦੀ ਗੱਲ ਹੈ ਕਿ ਕਈ ਲੋਕਾਂ ਨੂੰ ਇਨਫੈਕਟਿਡ ਕਰਨ ਨਾਲ, ਇਕ ਬਹੁਤ ਹੀ ਖ਼ਤਰਨਾਕ ਵਾਇਰਸ ਜ਼ਿਆਦਾ ਗੰਭੀਰ ਬਿਮਾਰੀ ਤੇ ਮੌਤ ਦਾ ਕਾਰਨ ਬਣ ਸਕਦਾ ਹੈ, ਬੇਸ਼ੱਕ ਹੀ ਵਾਇਰਸ ਖ਼ੁਦ ਘੱਟ ਰੋਗ ਜਨਕ ਹੋਵੇ।
ਸ਼ੋਧਕਰਤਾਵਾਂ ਨੇ ਕਿਹਾ ਕਿ ਓਮੀਕ੍ਰੋਨ, ਟੀਕਿਆਂ ਤੇ ਪਿਛਲੀ ਇਨਫੈਕਸ਼ਨ ਤੋਂ ਅੰਸ਼ਿਕ ਰੂਪ ’ਚ ਬਣੀ ਪ੍ਰਤੀਰੱਖਿਆ ਨੂੰ ਧੋਖਾ ਦੇ ਸਕਦਾ ਹੈ। ਇਸ ਤਰ੍ਹਾਂ ਇਸ ਦੇ ਬਹੁਤ ਖ਼ਤਰਨਾਕ ਹੋਣ ਦੀ ਸੰਭਾਵਨਾ ਹੈ।