38.5 F
New York, US
December 3, 2024
PreetNama
ਖਬਰਾਂ/News

ਕੋਈ ਨਹੀਂ ਭੁਲਾ ਸਕਦਾ ਸਾਰਾਗੜ੍ਹੀ ਦੇ 21 ਜਾਂਬਾਜ਼ ਸਿੱਖ ਜਵਾਨਾਂ ਦੀ ਸ਼ਹਾਦਤ

ਸਾਰਾਗੜ੍ਹੀ ਦੇ 21 ਜਾਂਬਾਜ਼ ਜੋਧੇ ਸਿੰਘਾਂ ਦੀ ਸ਼ਹਾਦਤ ਨੂੰ ਕੋਈ ਵੀ ਨਹੀਂ ਭੁਲਾ ਸਕਦਾ। ਇਹ ਸਾਰੇ ਸਤੰਬਰ 1897 ਦੌਰਾਨ ਹਜ਼ਾਰਾਂ ਓਰਾਕਜ਼ਾਈ ਕਬਾਇਲੀਆਂ ਨਾਲ ਜੰਗ ਦੌਰਾਨ ਬਹਾਦਰੀ ਨਾਲ ਲੜਦੇ ਹੋਏ ਸ਼ਹੀਦ ਹੋਏ ਸਨ। ਇਹ ਸਭ ਸਾਰਾਗੜ੍ਹੀ ਦੀ ਚੌਕੀ ਵਿੱਚ ਤਾਇਨਾਤ ਸਨ; ਇਸੇ ਲਈ ਉਨ੍ਹਾਂ ਨੂੰ ‘ਸਾਰਾਗੜ੍ਹੀ ਦੀ ਜੰਗ’ ਦੇ ਸ਼ਹੀਦਾਂ ਵਜੋਂ ਅੱਜ ਵੀ ਚੇਤੇ ਕੀਤਾ ਜਾਂਦਾ ਹੈ।

 

 

36ਵੀਂ ਸਿੱਖ ਰੈਜਿਮੈਂਟ ਦੇ ਇਨ੍ਹਾਂ ਬਹਾਦਰ ਜੋਧਿਆਂ ਬਾਰੇ ਹੁਣ ਤੱਕ ਅਨੇਕ ਪੁਸਤਕਾਂ ਲਿਖੀਆਂ ਜਾ ਚੁੱਕੀਆਂ ਹਨ; ਅਣਗਿਣਤ ਲੇਖ ਛਪ ਚੁੱਕੇ ਹਨ, ਦਸਤਾਵੇਜ਼ੀ ਫ਼ਿਲਮਾਂ, ਫ਼ੀਚਰ ਫ਼ਿਲਮਾਂ ਬਣ ਚੁੱਕੀਆਂ ਹਨ। ਇਸੇ ਮਹੀਨੇ ਬਾਲੀਵੁੱਡ ਦੇ ਅਦਾਕਾਰ ਅਕਸ਼ੇ ਕੁਮਾਰ ਦੀ ਰਿਲੀਜ਼ ਹੋ ਰਹੀ ਫ਼ਿਲਮ ‘ਕੇਸਰੀ’ ਵੀ ਸਾਰਾਗੜ੍ਹੀ ਦੇ ਸ਼ਹੀਦਾਂ ਨੂੰ ਹੀ ਸਮਰਪਿਤ ਹੈ।

 

 

ਪਰ ਕੀ ਤੁਸੀਂ ਜਾਣਦੇ ਹੋ ਕਿ ਸਾਰਾਗੜ੍ਹੀ ਦੀ ਜੰਗ ਦੀਆਂ ਤਾਰਾਂ ਇੱਕ ਤਰ੍ਹਾਂ ਆਸਟ੍ਰੇਲੀਆ ਨਾਲ ਵੀ ਜੁੜੀਆਂ ਹੋਈਆਂ ਹਨ? ਜੀ ਹਾਂ, ਇਹ ਬਿਲਕੁਲ ਸੱਚ ਹੈ। ਤਦ 10 ਤੋਂ 12 ਹਜ਼ਾਰ ਪਸ਼ਤੂਨ ਕਬਾਇਲੀਆਂ ਨੇ ਕਈ ਦਿਨਾਂ ਤੱਕ ਆਪਣੇ ਹਮਲੇ ਜਾਰੀ ਰੱਖੇ ਸਨ। ਪਰ ਸਾਰਾਗੜ੍ਹੀ ਦੀ ਪ੍ਰਸਿੱਧ ਜੰਗ 12 ਸਤੰਬਰ, 1897 ਨੂੰ ਹੋਈ ਸੀ। ਸਾਰਾਗੜ੍ਹੀ ਦੀ ਚੌਕੀ ਪਾਕਿਸਤਾਨ ਦੇ ਮੌਜੂਦਾ ਖ਼ੈਬਰ ਪਖ਼ਤੂਨਖ਼ਵਾ ਸੂਬੇ (ਤਦ ਇਹ ਉੱਤਰ–ਪੱਛਮੀ ਸੀਮਾਂਤ ਸੂਬਾ ਅਖਵਾਉਂਦਾ ਸੀ) ਵਿੱਚ ਗੁਲਿਸਤਾਂ ਦੇ ਕਿਲੇ (ਕਾਵਗਨਾਰੀ) ਅਤੇ ਲੌਕਹਾਰਟ ਕਿਲੇ ਦੇ ਵਿਚਕਾਰ ਸਥਿਤ ਸੀ।

 

 

ਸਾਰਾਗੜ੍ਹੀ ਦੀ ਇਸ ਨਿੱਕੀ ਜਿਹੀ ਚੌਕੀ ਉੱਤੇ ਸਿਰਫ਼ 21 ਸਿੱਖ ਜਵਾਨ ਤਾਇਨਾਤ ਸਨ। ਉਨ੍ਹਾਂ ਨੇ ਕਈ ਘੰਟਿਆਂ ਬੱਧੀ ਤੱਕ ਹਜ਼ਾਰਾਂ ਪਸ਼ਤੂਨਾਂ ਦੀ ਫ਼ੌਜ ਨੂੰ ਸਖ਼ਤ ਟੱਕਰ ਦਿੱਤੀ ਸੀ। ਉਨ੍ਹਾਂ ਦੀ ਅਗਵਾਈ ਹੌਲਦਾਰ ਈਸ਼ਰ ਸਿੰਘ ਕਰ ਰਹੇ ਸਨ ਤੇ ਉਹ ਸਭ ਆਪਣੇ ਆਖ਼ਰੀ ਸਾਹਾਂ ਤੱਕ ਲੜਦੇ ਰਹੇ ਸਨ। ਉਨ੍ਹਾਂ ਨੇ ਉਸ ਜੰਗ ਦੌਰਾਨ ਹਜ਼ਾਰਾਂ ਧਾੜਵੀਆਂ ਨੂੰ ਜਾਂ ਤਾਂ ਮਾਰ ਮੁਕਾਇਆ ਸੀ ਤੇ ਜਾਂ ਫਿਰ ਜ਼ਖ਼ਮੀ ਕਰ ਦਿੱਤਾ ਸੀ।

 

 

15 ਸਤੰਬਰ, 1897 ਨੂੰ ‘ਸਿਡਨੀ ਮੌਰਨਿੰਗ ਹੈਰਾਲਡ’ ਨਾਂਅ ਦੇ ਅਖ਼ਬਾਰ ਵਿੱਚ ਸਾਰਾਗੜ੍ਹੀ ਦੀ ਜੰਗ ਬਾਰੇ ਖ਼ਬਰ ਛਪੀ ਸੀ। ਉਸ ਵਿੱਚ ਲਿਖਿਆ ਸੀ ਕਿ ਸਿਰਫ਼ ਮੁੱਠੀ–ਭਰ (21) ਸਿੱਖ ਜੋਧਿਆਂ ਨੇ ਛੇ ਘੰਟਿਆਂ ਤੱਕ ਹਜ਼ਾਰਾਂ ਹਮਲਾਵਰਾਂ ਦੀ ਫ਼ੌਜ ਨੂੰ ਰੋਕੀ ਰੱਖਿਆ ਸੀ। ਇੱਕ ਬਹਾਦਰ ਸਿੱਖ ਜਵਾਨ ਗਾਰਡ ਰੂਮ ਵਿੱਚ ਇਕੱਲਾ ਹੀ ਸੀ ਤੇ ਉਸ ਇਕੱਲੇ ਨੇ 20 ਦੁਸ਼ਮਣਾਂ ਨੂੰ ਮਾਰ ਮੁਕਾਇਆ ਸੀ ਪਰ ਅੰਤ ਦੁਸ਼ਮਣਾਂ ਨੇ ਉਸ ਕਮਰੇ ਨੂੰ ਅੱਗ ਲਾ ਦਿੱਤੀ ਸੀ ਤੇ ਉਹ ਉੱਥੇ ਸ਼ਹੀਦ ਹੋ ਗਿਆ ਸੀ।

 

 

ਉਸੇ ਦਿਨ ‘ਬ੍ਰਿਸਬੇਨ ਕੂਰੀਅਰ’ ਨਾਂਅ ਦੇ ਇੱਕ ਹੋਰ ਅਖ਼ਬਾਰ ਨੇ ਵੀ ਇਹੋ ਖ਼ਬਰ ਪ੍ਰਕਾਸ਼ਿਤ ਕੀਤੀ ਸੀ। ਇਸ ਅਖ਼ਬਾਰ ਨੇ ਪਸ਼ਤੂਨਾਂ ਦੀ ਫ਼ੌਜ ਦੀ ਗਿਣਤੀ 10,000 ਦੱਸੀ ਸੀ। ਉਨ੍ਹਾਂ ਨੂੰ ਫਿਰ ਬ੍ਰਿਗੇਡੀਅਰ ਜਨਰਲ ਯੀਟਮੈਨ–ਬਿੱਗਸ ਨੇ ਸਮਾਨਾ ਦੇ ਪਰਬਤਾਂ ਉੱਤੇ ਟੱਕਰ ਦਿੱਤੀ ਸੀ।

 

 

ਇਹ ਬ੍ਰਿਗੇਡੀਅਰ ਬਿੱਗਸ ਹੀ 36ਵੀਂ ਸਿੱਖ ਰੈਜਿਮੈਂਟ ਦਾ ਸੈਕੰਡ–ਇਨ–ਕਮਾਂਡ ਸੀ। ਉਸ ਨੇ 21 ਸ਼ਹੀਦ ਸਿੱਖ ਜਵਾਨਾਂ ਨੂੰ ‘ਮੇਰੇ ਬੰਦੇ’ ਆਖਦਿਆਂ ਕਿਹਾ ਸੀ ਕਿ ਉਹ ਸਭ ‘ਜਾਂਬਾਜ਼ਾਂ ਵਾਂਗ ਲੜਦਿਆਂ ਸ਼ਹੀਦ ਹੋਏ ਹਨ।’ ਬ੍ਰਿਗੇਡੀਅਰ ਬਿੱਗਸ ਨੂੰ ਭਾਵੇਂ 3 ਦਿਨਾਂ ਤੱਕ ਪਸ਼ਤੂਨਾਂ ਦੀ ਫ਼ੌਜ ਨੇ ਘੇਰਾ ਪਾਈ ਰੱਖਿਆ ਸੀ ਪਰ ਅਖ਼ੀਰ ਉਨ੍ਹਾਂ ਨੇ ਆਪਣੇ ਗੁਲਿਸਤਾਂ ਕਿਲੇ ਨੂੰ ਬਚਾ ਲਿਆ ਸੀ।

 

 

ਸਾਰਾਗੜ੍ਹੀ ਦੀ ਜੰਗ ਤੋਂ ਛੇ ਸਾਲ ਪਹਿਲਾਂ ਆਸਟ੍ਰੇਲੀਆ ਦੀ ਕੁਈਨਜ਼ਲੈਂਡ ਰੱਖਿਆ ਫ਼ੌਜ ਬੰਗਾਲ (ਭਾਰਤ) ਦੀ ਥਲ–ਸੈਨਾ ਦੀ 36ਵੀਂ ਸਿੱਖ ਰੇਜਿਮੈਂਟ ਵਿੱਚ ਜਾ ਸ਼ਾਮਲ ਹੋਈ ਸੀ। ਮੇਜਰ ਚਾਰਲਸ ਡੇਸ ਵੌਈਅਕਸ ਉਸ ਦੇ ਡਿਪਟੀ ਅਸਿਸਟੈਂਟ ਐਜੂਟੈਂਟ ਜਨਰਲ ਅਤੇ ਥਲ ਸੈਨਾ ਸਟਾਫ਼ ਆਫ਼ੀਸਰ  ਵਜੋਂ ਸੇਵਾ ਨਿਭਾਉਂਦੇ ਰਹੇ ਸਨ ਤੇ ਉਨ੍ਹਾਂ ਦੀ ਡਿਊਟੀ ਭਾਰਤ ਵਿੱਚ ਲੱਗੀ ਸੀ।  ਮੇਜਰ ਚਾਰਲਸ ਤੇ 36ਵੀਂ ਸਿੱਖ ਰੈਜਿਮੈਂਟ ਦੇ 166 ਹੋਰ ਜਵਾਨ ਆਪਣੇ ਪਰਿਵਾਰਾਂ ਸਮੇਤ 1897 ਵਿੱਚ ਗੁਲਿਸਤਾਂ ਕਿਲੇ ਵਿੱਚ ਭੇਜੇ ਗਏ ਸਨ ਤੇ ਉਸੇ ਦੌਰਾਨ ਸਾਰਾਗੜ੍ਹੀ ਦੀ ਜੰਗ ਹੋਈ ਸੀ।

 

 

ਹਜ਼ਾਰਾਂ ਕਬਾਇਲੀਆਂ ਨੇ ਗੁਲਿਸਤਾਂ ਕਿਲੇ ਨੂੰ ਘੇਰਾ ਪਾ ਲਿਆ ਸੀ, ਜਿੱਥੇ ਮੇਜਰ ਚਾਰਲਸ, ਉਨ੍ਹਾਂ ਦੀ ਗਰਭਵਤੀ ਪਤਨੀ ਈਲੀਨਰ ਤੇ ਉਨ੍ਹਾਂ ਦੇ ਤਿੰਨ ਬੱਚੇ ਵੀ ਉਸ ਕਿਲੇ ਵਿੱਚ ਫਸ ਗਏ ਸਨ। ਉੱਥੇ ਮੇਜਰ ਚਾਰਲਸ ਦੀ ਅਗਵਾਈ ਹੇਠ ਬਹੁਤ ਭਾਰੀ ਜੰਗ ਹੋਈ ਸੀ ਤੇ 36ਵੀਂ ਸਿੱਖ ਰੈਜਿਮੈਂਟ ਨੇ ਪਸ਼ਤੂਨਾਂ ਕੋਲ ਆਪਣੀ ਇੱਕ ਇੰਚ ਜ਼ਮੀਨ ਵੀ ਨਹੀਂ ਜਾਣ ਦਿੱਤੀ ਸੀ; ਭਾਵੇਂ ਰੈਜਿਮੈਂਟ ਦਾ ਭਾਰੀ ਜਾਨੀ ਨੁਕਸਾਨ ਹੋਇਆ ਸੀ।

 

 

8 ਜਨਵਰੀ, 1898 ਨੂੰ ਛਪੇ ‘ਆਸਟ੍ਰੇਲੀਨ ਟਾਊਨ ਐਂਡ ਕੰਟਰੀ ਜਰਨਲ’ ਨਾਂਅ ਦੇ ਅਖ਼ਬਾਰ ਦੇ ਇੱਕ ਲੇਖ ਵਿੱਚ ਹੌਲਦਾਰ ਕਾਲਾ ਸਿੰਘ ਤੇ ਸੁੰਦਰ ਸਿੰਘ ਦੀ ਬਹਾਦਰੀ ਦਾ ਖ਼ਾਸ ਤੌਰ ਉੱਤੇ ਵਰਨਣ ਕੀਤਾ ਗਿਆ ਸੀ। ਰਿਕਾਰਡ ਦਰਸਾਉਂਦੇ ਹਨ ਕਿ ਈਲੀਨਰ ਡੇਸ ਵੌਈਅਕਸ ਤੇ ਉਨ੍ਹਾਂ ਦੀ ਆਸਟ੍ਰੇਲੀਅਨ ਨੈਨੀ ਟੈਰੇਸਾ ਮੈਕਗ੍ਰਾਥ ਨੇ ਮਿਲ ਕੇ ਆਪਣੀ ਰੈਜਿਮੈਂਟ ਦੇ ਜ਼ਖ਼ਮੀ ਫ਼ੌਜੀ ਜਵਾਨਾਂ ਦੀ ਸੇਵਾ ਕੀਤੀ ਸੀ। ਉਹ ਜੰਗ ਤਿੰਨ ਦਿਨ ਚੱਲੀ ਸੀ। ਉਸੇ ਦੌਰਾਨ ਈਲੀਨਰ ਨੇ ਇੱਕ ਬੇਟੀ ਨੂੰ ਜਨਮ ਦਿੱਤਾ ਸੀ। ਉਸ ਦਾ ਨਾਂਅ ਵਾਇਲਟ ਸਮਾਨਾ ਰੱਖਿਆ ਗਿਆ ਸੀ ਕਿਉਂਕਿ ਉਹ ਕਿਲਾ ਸਮਾਨਾ ਪਰਬਤਾਂ ਦੀ ਲੜੀ ਵਿੱਚ ਸਥਿਤ ਸੀ।

 

 

ਕੈਪਟਨ ਜੇ ਸਿੰਘ–ਸੋਹਲ, ਜਿਨ੍ਹਾਂ ਕਿਤਾਬ ‘ਸਾਰਾਗੜ੍ਹੀ: ਦਿ ਫ਼ੌਰਗੌਟਨ ਬੈਟਲ’ ਲਿਖੀ ਸੀ ਤੇ ਉਨ੍ਹਾਂ ਨੇ ਦਸਤਾਵੇਜ਼ੀ–ਨਾਟਕ ‘ਸਾਰਾਗੜ੍ਹੀ: ਇੱਕ ਸੱਚੀ ਕਹਾਣੀ’ ਵੀ ਪੇਸ਼ ਕੀਤਾ ਸੀ; ਨੇ ਐੱਸਬੀਐੱਸ ਪੰਜਾਬੀ ਨੂੰ ਮੇਜਰ ਚਾਰਲਸ ਡੇਸ ਵੌਈਅਕਸ ਦੀ ਉਸ ਜੰਗ ਵਿੱਚ ਭੂਮਿਕਾ ਬਾਰੇ ਦੱਸਿਆ।

 

 

ਮੇਜਰ ਚਾਰਲਸ ਦਾ ਜਨਮ 1853 ਦੌਰਾਨ ਆਇਰਲੈਂਡ ਵਿੱਚ ਹੋਇਆ ਸੀ। ਉਹ ਅਗਸਤ 1891 ਦੌਰਾਨ 36ਵੀਂ ਸਿੱਖ ਰੈਜਿਮੈਂਟ ਵਿੱਚ ਆ ਕੇ ਸ਼ਾਮਲ ਹੋਏ ਸਨ ਤੇ ਉਨ੍ਹਾਂ ਦੀ ਡਿਊਟੀ ਗੁਲਿਸਤਾਂ ਕਿਲੇ ਉੱਤੇ ਲੱਗੀ ਸੀ, ਜਦੋਂ ਸਤੰਬਰ 1898 ਦੌਰਾਨ ਕਬਾਇਲੀਆਂ ਨੇ ਸਾਰਾਗੜ੍ਹੀ ਉੱਤੇ ਹਮਲਾ ਬੋਲਿਆ ਸੀ।

 

 

ਮੇਜਰ ਚਾਰਲਸ ਨੇ 18 ਸਤੰਬਰ, 1897 ਨੂੰ ਇੱਕ ਚਿੱਠੀ ਲਿਖੀ ਸੀ; ਜਿਸ ਵਿੱਚ ਉਸ ਜੰਗ ਦਾ ਪੂਰਾ ਵਰਨਣ ਕੀਤਾ ਗਿ ਆਸੀ। ‘ਬ੍ਰਿਸਬੇਨ ਕੂਰੀਅਰ ਮੇਲ’ ਨੇ ਉਹੀ ਚਿੱਠੀ ਬਾਅਦ ਵਿੱਚ ਪ੍ਰਕਾਸ਼ਿਤ ਕੀਤੀ ਸੀ ਤੇ ਕੁਈਨਜ਼ਲੈਂਡ (ਆਸਟ੍ਰੇਲੀਆ) ਦੀਆਂ ਦੋ ਬਹਾਦਰ ਔਰਤਾਂ ਦੇ ਨਾਲ–ਨਾਲ ਸਿੱਖ ਫ਼ੌਜੀ ਜਵਾਨਾਂ ਦੀ ਵੀਰਤਾ ਦਾ ਵੀ ਵਰਨਣ ਕੀਤਾ ਸੀ।

 

 

ਗੁਲਿਸਤਾਂ ਕਿਲੇ ਵਿੱਚ ਮੇਜਰ ਚਾਰਲਸ ਦੇ 166 ਸਾਥੀਆਂ ਵਿੱਚੋਂ 44 ਸ਼ਹੀਦ ਹੋ ਗਏ ਸਨ ਤੇ ਸਾਰਾਗੜ੍ਹੀ ਦੇ ਸਾਰੇ 21 ਸਿੱਖ ਜਵਾਨ ਤਾਂ ਪਹਿਲਾਂ ਹੀ ਸ਼ਹਾਦਤ ਪਾ ਗਏ ਸਨ।

 

 

ਸਾਰਾਗੜ੍ਹੀ ਦੇ ਸ਼ਹੀਦਾਂ ਨੂੰ ਮਰਨ–ਉਪਰੰਤ ‘ਇੰਡੀਅਨ ਆਰਡਰ ਆਫ਼ ਮੈਰਿਟ’ (IOM) ਨਾਲ ਸਨਮਾਨਿਤ ਕੀਤਾ ਗਿਆ ਸੀ। ਕੈਪਟਨ ਜੇ ਸਿੰਘ ਸੋਹਲ ਨੇ ਦੱਸਿਆ ਕਿ ਗੁਲਿਸਤਾਂ ਕਿਲੇ ਨੂੰ ਬਚਾਉਣ ਦੀ ਜੰਗ ਲੜਦੇ ਹੋਏ ਸੁੰਦਰ ਸਿੰਘ ਤੇ ਹਰਨਾਮ ਸਿੰਘ ਜਿਹੇ ਜਾਂਬਾਜ਼ ਜਵਾਨਾਂ ਨੇ ਵੀ ਤਦ ਬਹੁਤ ਬਹਾਦਰੀ ਵਿਖਾਈ ਸੀ।

Related posts

ਸ਼ਿਵਾਲਿਕਾ ਖੰਨਾ ਪੈਰਿਸ ਦੀ ਯੂਨੀਵਰਸਿਟੀ ਵੱਲੋਂ ਪੀਐੱਚਡੀ ਦੀ ਆੱਨਰੇਰੀ ਡਿਗਰੀ ਨਾਲ ਸਨਮਾਨਿਤ

On Punjab

ਚੋਰਾਂ ਦੀ ਦਹਿਸ਼ਤ ਅੱਗੇ ਮੂਕ ਦਰਸ਼ਕ ਬਣੀ ਪੁਲਿਸ!

Pritpal Kaur

ਪੰਚਾਇਤੀ ਚੋਣਾਂ ‘ਚ ਸਰਕਾਰ ਨੇ ਕੀਤਾ ਧੱਕਾ : ਸੁਖਬੀਰ

Pritpal Kaur