ਚੰਡੀਗੜ੍ਹ: ਆਪਣੀ ਹੀ ਸਰਕਾਰ ਖਿਲਾਫ ਝੰਡਾ ਚੁੱਕਣ ਵਾਲੇ ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੀਆਂ ਮੁਸ਼ਕਲਾਂ ਅਜੇ ਮੁੱਕਦੀਆਂ ਨਜ਼ਰ ਨਹੀਂ ਆ ਰਹੀਆਂ। ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮਾਲਵਾ ਜ਼ੋਨ ਦੇ ਵਿਧਾਇਕਾਂ ਤੇ ਹਲਕਾ ਇੰਚਾਰਜਾਂ ਦੀ ਮੀਟਿੰਗ ਵਿੱਚੋਂ ਵਿਧਾਇਕ ਜ਼ੀਰਾ ਨੂੰ ਆਊਟ ਕਰ ਦਿੱਤਾ ਗਿਆ।
ਚੰਡੀਗੜ੍ਹ ਵਿੱਚ ਹੋ ਰਹੀ ਮੀਟਿੰਗ ਵਿੱਚ ਕੁਲਬੀਰ ਜ਼ੀਰਾ ਨੂੰ ਬੈਠਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਹਾਲਾਂਕਿ ਸ਼ੁੱਕਰਵਾਰ ਨੂੰ ਕੁਲਬੀਰ ਜ਼ੀਰਾ ਪੰਜਾਬ ਭਵਨ ਵਿੱਚ ਹੋਈ ਬੈਠਕ ਤੋਂ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਕਾਂਗਰ ਪ੍ਰਧਾਨ ਸੁਨੀਲ ਜਾਖੜ ਤੇ ਆਸ਼ਾ ਕੁਮਾਰੀ ਨੂੰ ਮਿਲੇ ਸਨ। ਮੀਟਿੰਗ ਵਿੱਚ ਕਾਂਗਰਸ ਨੇ ਸਭ ਠੀਕ ਹੋਣ ਦਾ ਸੰਕੇਤ ਵੀ ਦਿੱਤਾ ਸੀ।
ਯਾਦ ਰਹੇ ਬੀਤੇ ਦਿਨ ਕੁਲਬੀਰ ਜ਼ੀਰਾ ਨੇ ਪੁਲਿਸ ਉੱਪਰ ਨਸ਼ਾ ਤਸਕਰਾਂ ਨੂੰ ਸ਼ਹਿ ਦੇਣ ਦੇ ਇਲਜ਼ਾਮ ਲਾਉਂਦਿਆਂ ਸਮਾਗਮ ਦਾ ਬਾਈਕਾਟ ਕਰ ਦਿੱਤਾ ਸੀ। ਇਸ ਮਗਰੋਂ ਜ਼ੀਰਾ ਨੂੰ ਪਾਰਟੀ ਵਿੱਚੋਂ ਮੁਅੱਤਲ ਕਰ ਦਿੱਤਾ ਗਿਆ ਸੀ। ਸ਼ੁੱਕਰਵਾਰ ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਨੂੰ ਮੁਅੱਤਲੀ ਰੱਦ ਕਰਨ ਦੀ ਵੀ ਗੁਜ਼ਾਰਸ਼ ਕੀਤੀ ਸੀ।
ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੁਲਬੀਰ ਜ਼ੀਰਾ ਨੂੰ ਵਿਧਾਇਕਾਂ ਦੀ ਚੱਲ ਰਹੀ ਬੈਠਕ ਖਤਮ ਹੋਣ ਤੱਕ ਇੰਤਜ਼ਾਰ ਕਰਨ ਲਈ ਕਿਹਾ ਗਿਆ। ਮੁੱਖ ਮੰਤਰੀ ਨੇ ਜ਼ੀਰਾ ਨੂੰ ਕਿਹਾ ਕਿ ਬੈਠਕ ਖਤਮ ਹੋਣ ਤੋਂ ਬਾਅਦ ਉਨ੍ਹਾਂ ਦੀ ਗੁਜ਼ਾਰਸ਼ ‘ਤੇ ਫੈਸਲਾ ਕੀਤਾ ਜਾਵੇਗਾ।