ਚੰਡੀਗੜ੍ਹ: ਕੈਪਟਨ ਅਮਰਿੰਦਰ ਸਿੰਘ ਸੱਤਾ ਵਿੱਚ ਆਉਣ ਤੋਂ ਤਕਰੀਬਨ ਦੋ ਸਾਲ ਬਾਅਦ ਆਪਣਾ ਵੱਡਾ ਚੋਣ ਵਾਅਦਾ ਪੂਰਾ ਕਰਨ ਜਾ ਰਹੇ ਹਨ। ਲੰਮੇ ਸਮੇਂ ਤੋਂ ਆਲੇ-ਟਾਲੇ ਕਰਦੀ ਆ ਰਹੀ ਪੰਜਾਬ ਸਰਕਾਰ ਆਖ਼ਰ ਹੁਣ ਨੌਜਵਾਨਾਂ ਨੂੰ ਸਮਾਰਟਫ਼ੋਨ ਵੰਡਣ ਜਾ ਰਹੀ ਹੈ। ਲੋਕ ਸਭਾ ਚੋਣਾਂ ਨੇੜੇ ਆਉਂਦੇ ਵੇਖ ਕਾਂਗਰਸ ਸਰਕਾਰ ਨੌਜਵਾਨ ਵੋਟਰਾਂ ਤੋਂ ਇਸ ਸਕੀਮ ਦਾ ਲਾਭ ਉਠਾਉਣ ਦੇ ਰੌਂਅ ਵਿੱਚ ਹੈ।
ਬੁੱਧਵਾਰ ਨੂੰ ਹੋਈ ਕੈਬਨਿਟ ਬੈਠਕ ਤੋਂ ਬਾਅਦ ‘ਏਬੀਪੀ ਸਾਂਝਾ’ ਨਾਲ ਗੱਲਬਾਤ ਕਰਦੇ ਹੋਏ ਕੈਬਨਿਟ ਮੰਤਰੀ ਅਰੁਨਾ ਚੌਧਰੀ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਫੈਸਲਾ ਲਿਆ ਹੈ ਕਿ ਸਮਾਰਟਫ਼ੋਨ ਵੰਡਣ ਦੀ ਸ਼ੁਰੂਆਤ ਸਰਕਾਰੀ ਸਕੂਲਾਂ, ਕਾਲਜਾਂ ਤੇ ਹੋਰ ਤਕਨੀਕੀ ਅਦਾਰਿਆਂ ਤੋਂ ਪਾਸ ਹੋਣ ਵਾਲੇ ਵਿਦਿਆਰਥੀਆਂ ਤੋਂ ਕੀਤੀ ਜਾਵੇਗੀ। ਸਿਰਫ਼ ਉਨ੍ਹਾਂ ਵਿਦਿਆਰਥੀਆਂ ਦੇ ਭਾਗ ਜਾਗਣਗੇ, ਜੋ ਸਵੈ-ਘੋਸ਼ਣਾ ਪੱਤਰ ਦੇਣਗੇ ਕਿ ਉਹ ਕੋਈ ਵੀ ਸਮਾਰਟਫ਼ੋਨ ਨਹੀਂ ਰੱਖਦੇ।