ਲਵਾੜਾ, 25 ਜੁਲਾਈ: ਸ਼ਮੀ: ਤਲਵਾੜਾ ਦਾ ਜੰਮਪਲ ਜਸਵਿੰਦਰ ਸਿੰਘ ਦਿਲਾਵਰੀ ਇਨ੍ਹੀ ਦਿਨੀਂ ਕੈਨੇਡਾ ਪਾਰਲੀਮੈਂਟ ਦੀਆਂ ਆਮ ਚੋਣਾਂ ਵਿੱਚ ਪੀਪਲਜ਼ ਪਾਰਟੀ ਆਫ਼ ਕੈਨੇਡਾ ਵੱਲੋਂ ਸਰੀ ਸੈਂਟਰਲ ਤੋ ਉਮੀਦਵਾਰ ਚਰਚਾ ਵਿੱਚ ਹੈ। ਪੰਜਾਬੀਅਤ ਦੇ ਆਲੰਬਰਦਾਰ ਆਪਣੇ ਪਿਤਾ ਸਵ. ਰਸ਼ਪਾਲ ਸਿੰਘ ਦਿਲਾਵਰੀ ਸੇਵਾ ਮੁਕਤ ਐਕਸੀਅਨ ਮੁਕੇਰੀਆਂ ਹਾਈਡਲ ਅਤੇ ਮਾਤਾ ਸੁਰਿੰਦਰ ਕੌਰ ਬੇਦੀ ਰਿਟਾ. ਮੁੱਖ ਅਧਿਆਪਿਕਾ ਦੇ ਨਕਸ਼ੇ ਕਦਮਾਂ ਦੇ ਪੱਕੇ ਪੈਰੀਂ ਵਧਦੇ ਹੋਏ ਜਸਵਿੰਦਰ ਦਿਲਾਵਰੀ ਦੀ ਪੜ੍ਹਾਈ ਲਿਖਾਈ ਦਾ ਸਫ਼ਰ ਤਲਵਾੜਾ ਦੇ ਸਰਕਾਰੀ ਮਾਡਲ ਹਾਈ ਸਕੂਲ ਸੈਕਟਰ 2, ਸਰਕਾਰੀ ਸੈਕੰਡਰੀ ਸਕੂਲ ਸੈਕਟਰ 1, ਸਰਕਾਰੀ ਕਾਲਜ ਤਲਵਾੜਾ ਤੋਂ ਸ਼ੁਰੂ ਹੋਇਆ। 13 ਸਾਲ ਪੰਜਾਬ ਦੇ ਵੱਖ ਵੱਖ ਇੰਜੀਨੀਅਰਿੰਗ ਕਾਲਜਾਂ ਵਿੱਚ ਪੜ੍ਹਾਉਣ ਵੱਲ ਰਿਹਾ ਤੇ ਕੰਟੀਨੈਂਟਲ ਇੰਜੀਨੀਅਰਿੰਗ ਕਾਲਜ ਫ਼ਤਿਹਗੜ੍ਹ ਸਾਹਿਬ ਦੇ ਪ੍ਰਿੰਸੀਪਲ ਵਜੋਂ ਸੇਵਾਵਾਂ ਨਿਭਾਈਆਂ। ਕੰਪਿਉਟਰ ਤੇ ਤਿੰਨ ਪੁਸਤਕਾਂ ਅਤੇ 113 ਖੋਜ ਪੱਤਰਾਂ ਤੋਂ ਇਲਾਵਾ ਮੋਹਾਲੀ ਪ੍ਰੈੱਸ ਕਲੱਬ ਦੇ ਸਲਾਹਾਕਾਰ, ਪੰਜਾਬ ਯੂਥ ਵੈਲਫ਼ੇਅਰ ਐਸੋਸੀਏਸ਼ਨ ਦੇ ਚੇਅਰਮੈਨ ਵਜੋਂ ਵਿਚਰਿਆ। ਸਾਲ 2014 ਵਿੱਚ ਕੈਨੇਡਾ ਪੀ. ਆਰ. ਮਿਲਣ ਉਪਰੰਤ ਉੱਥੇ ਅਧਿਆਪਨ ਦੇ ਨਾਲ ਪੱਤਰਕਾਰੀ ਦੇ ਖੇਤਰ ਨਾਲ ਸਰਗਰਮੀ ਨਾਲ ਜੁੜੇ ਰਹੇ ਦਿਲਾਵਰੀ ਦਾ ਕਹਿਣਾ ਹੈ ਕਿ ਉਹ ਅਤੇ ਉਨ੍ਹਾਂ ਦੀ ਪਾਰਟੀ ਲਈ ਪਰਵਾਸੀਆਂ ਨਾਲ ਜੁੜੇ ਮਸਲੇ ਅਤੇ ਕੈਨੇਡਾ ਦੀ ਤਰੱਕੀ ਮੁੱਖ ਤਰਜੀਹਾਂ ਹਨ। ਦਿਲਾਵਰੀ ਦੇ ਅਧਿਆਪਕ ਤੇ ਪੰਜਾਬੀ ਸਾਹਿਤ ਅਤੇ ਕਲਾ ਮੰਚ ਤਲਵਾੜਾ ਦੇ ਪ੍ਰਧਾਨ ਉੱਘੇ ਪੰਜਾਬੀ ਲੇਖਕ ਡਾ. ਸੁਰਿੰਦਰ ਮੰਡ ਨੇ ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦਿਲਾਵਰੀ ਦਾ ਇੰਨੀ ਵੱਕਾਰੀ ਚੋਣ ਲੜਨਾ ਤਲਵਾੜਾ ਲਈ ਮਾਣ ਵਾਲੀ ਗੱਲ ਹੈ ਅਤੇ ਸਖ਼ਤ ਮਿਹਨਤ ਤੇ ਸਮਰਪਣ ਦੀ ਭਾਵਨਾ ਨਾਲ ਇੰਨੇ ਘੱਟ ਸਮੇਂ ਵਿੱਚ ਮਾਣਮੱਤੀਆਂ ਮੱਲਾਂ ਮਾਰਨਾ ਨੌਜਵਾਨਾਂ ਲਈ ਪ੍ਰੇਰਨਾਸਰੋਤ ਹੈ। ਦਿਲਾਵਰੀ ਨੇ ਦੱਸਿਆ ਕਿ 2018 ਵਿੱਚ ਕੈਨੇਡਾ ਦੀ ਨਾਗਰਿਕਤਾ ਮਿਲਦਿਆਂ ਹੀ ਉਹ ਪੀਪਲਜ਼ ਪਾਰਟੀ ਆਫ਼ ਕੈਨੇਡਾ ਵਿੱਚ ਸ਼ਾਮਿਲ ਹੋ ਗਏ ਕਿਉਂਕਿ ਇਹ ਪਾਰਟੀ ਕੈਨੇਡਾ ਦੇ ਮੂਲ ਸਰੋਕਾਰਾਂ ਨਾਲ ਜੁੜ ਕੇ ਲੋਕਾਂ ਦੇ ਬੁਨਿਆਦੀ ਹੱਕਾਂ ਦੀ ਰਾਖ਼ੀ ਅਤੇ ਸਰਵਪੱਖੀ ਵਿਕਾਸ ਦਾ ਪਰਚਮ ਬੁਲੰਦ ਕਰਨ ਲਈ ਦ੍ਰਿੜ ਸੰਕਲਪ ਹੈ। ਜਿਕਰਯੋਗ ਹੈ ਕਿ ਦਿਲਾਵਰੀ ਵੱਲੋਂ ਸਰੀ ਅਤੇ ਆਸ ਪਾਸ ਦੇ ਖੇਤਰ ਵਿੱਚ ਬੇਘਰੇ ਲੋਕਾਂ ਲਈ ਲੰਗਰ ਦਾ ਪ੍ਰਬੰਧ ਕਰਨ ਵਾਲੀਆਂ ਜਥੇਬੰਦੀਆਂ ਨਾਲ ਜੁੜ ਕੇ ਸਮਾਜਸੇਵੀ ਕਾਰਜਾਂ ਵਿੱਚ ਵਧ ਚੜ੍ਹ ਕੇ ਯੋਗਦਾਨ ਦਿੱਤਾ ਜਾ ਰਿਹਾ ਹੈ। ਇਮੀਗ੍ਰੇਸ਼ਨ ਸਲਾਹਕਾਰ, ਰੇਡੀਉ, ਟੀਵੀ ਅਤੇ ਪ੍ਰਿੰਟ ਮੀਡੀਆ ਵਿੱਚ ਸਰਗਰਮ ਭੂਮਿਕਾ, ਬੀ. ਸੀ. ਪੰਜਾਬੀ ਪ੍ਰੈੱਸ ਕਲੱਬ, ਸੈਂਟਰਲ ਐਸੋਸੀਏਸ਼ਨ ਆਫ਼ ਪੰਜਾਬੀ ਰਾਈਟਰਜ਼ ਨਾਰਥ ਅਮਰੀਕਾ ਦੇ ਮੈਂਬਰ ਅਤੇ ਸਮਾਜ ਸੇਵੀ ਸਰਗਰਮੀਆਂ ਸਦਕਾ ਉਹ ਜਾਣਿਆ ਪਹਿਚਾਣਿਆ ਚਿਹਰਾ ਅਤੇ ਕਾਂਟੇ ਦੀ ਟੱਕਰ ਦੇਣ ਵਾਲਾ ਉਮੀਦਵਾਰ ਬਣ ਚੁੱਕਾ ਹੈ।
previous post