ਸਵਿੰਦਰ ਕੌਰ, ਮੋਹਾਲੀ
ਕੈਨੇਡਾ ਦੇ ਕੁਝ ਖ਼ਾਲਿਸਤਾਨ-ਪੱਖੀ ਕਾਰਕੁੰਨਾਂ ਨੇ ‘ਸਿੱਖ ਕਮਿਊਨਿਟੀ` (ਸਿੱਖ ਕੌਮ) ਦੇ ਬੈਨਰ ਹੇਠ ਪਾਕਿਸਤਾਨੀ ਫ਼ੌਜ ਦੇ ਮੁਖੀ ਕਮਰ ਜਾਵੇਦ ਬਾਜਵਾ ਨੂੰ ਸਨਮਾਨਿਤ ਕੀਤਾ ਹੈ। ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਵਿੱਚ ਹਾਂ-ਪੱਖੀ ਭੂਮਿਕਾ ਲਈ ਉਸ ਨੂੰ ਸਨਮਾਨਿਤ ਕੀਤਾ ਗਿਆ ਹੈ। ਇਹ ਲਾਂਘਾ ਜਿੱਥੇ ਡੇਰਾ ਬਾਬਾ ਨਾਨਕ ਅਤੇ ਗੁਰਦੁਆਰਾ ਦਰਬਾਰ ਕਰਤਾਰਪੁਰ ਸਾਹਿਬ ਨੂੰ ਆਪਸ ਵਿੱਚ ਜੋੜੇਗਾ। ‘ਖ਼ਾਲਿਸਤਾਨੀਆਂ ਵੱਲੋਂ ਪਾਕਿ ਫ਼ੌਜ ਦੇ ਮੁਖੀ ਨੂੰ ਸਨਮਾਨਿਤ ਕਰਨ ਤੋਂ ਦੋਵਾਂ ਦੀ ਮਿਲੀਭੁਗਤ ਜੱਗ-ਜ਼ਾਹਿਰ ਹੋਣ` ਦੀਆਂ ਗੱਲਾਂ ਤੁਰ ਪਈਆਂ ਹਨ।
ਪਾਕਿਸਤਾਨੀ ਫ਼ੌਜ ਮੁਖੀ ਵੱਲੋਂ ਇਹ ਸਨਮਾਨ ਟੋਰਾਂਟੋ ਸਥਿਤ ਪਾਕਿ ਕੌਂਸਲ ਜਨਰਲ ਇਮਰਾਨ ਅਹਿਮਦ ਸਿੱਦੀਕੀ ਨੇ ਹਾਸਲ ਕੀਤਾ। ਇਮਰਾਨ ਸਿੱਦੀਕੀ ਇਸ ਮੌਕੇ ਨਾ ਸਿਰਫ਼ ਵੱਖਵਾਦੀ ਤੱਤਾਂ ਨਾਲ ਘੁਲਿਆ-ਮਿਲਿਆ ਵਿਖਾਈ ਦਿੱਤਾ, ਸਗੋਂ ਉਹ ਝੂਠ ਬੋਲਦਾ ਤੇ ਭਾਰਤ ਵਿਰੁੱਧ ਗ਼ਲਤ ਜਾਣਕਾਰੀ ਦਿੰਦਾ ਵੀ ਦਿਸਿਆ।
ਪਾਕਿਸਤਾਨ ਨੇ ਭਾਰਤ ਵਿਰੁੱਧ ਜ਼ਹਿਰ ਉਗਲਣ ਲਈ ਪਹਿਲੀ ਵਾਰ ਕਿਸੇ ਹੋਰ ਦੇਸ਼ ਦੀ ਧਰਤੀ ਨੂੰ ਨਹੀਂ ਵਰਤਿਆ, ਅਜਿਹਾ ਕਰਨਾ ਉਸ ਦੀ ਆਦਤ ਹੈ ਤੇ ਭਾਰਤ ਨੂੰ ਕਮਜ਼ੋਰ ਕਰਨਾ ਉਸ ਦੇ ਏਜੰਡੇ `ਤੇ ਹੈ।
ਪਿਛਲੇ ਮਹੀਨੇ ਜਦ ਤੋ਼ ਪਾਕਿਸਤਾਨ ਵਿੱਚ ਕਰਤਾਰਪੁਰ ਸਾਹਿਬ ਲਾਂਘੇ ਦਾ ਨੀਂਹ ਪੱਥਰ ਰੰਖਿਆ ਗਿਆ ਹੈ, ਤਦ ਤੋਂ ਹੀ ਉਸ ਦੇਸ਼ ਦੀ ਖ਼ੁਫ਼ੀਆ ਏਜੰਸੀ ਆਈਐੱਸਆਈ ਭਾਰਤ ਦਾ ਅਕਸ ਵਿਗਾੜਨ `ਚ ਕੋਈ ਕਸਰ ਬਾਕੀ ਨਹੀਂ ਛੱਡ ਰਹੀ।
ਪਾਕਿਸਤਾਨ ਦੀਆਂ ਅਜਿਹੀਆਂ ਹਰਕਤਾਂ ਕਾਰਨ ਹੀ ਅਮਰੀਕਾ ਉਸ ਦਾ ਸਾਥ ਛੱਡ ਚੁੱਕਾ ਹੈ।