65.01 F
New York, US
October 13, 2024
PreetNama
ਸਮਾਜ/Social

ਕਿੱਤੇ ਨੂੰ ਸਮਰਪਿਤ ਅਧਿਆਪਕ ਜੋੜੀ ਰਾਜਿੰਦਰ ਕੁਮਾਰ ਅਤੇ ਹਰਿੰਦਰ ਕੌਰ (ਸਰਕਾਰੀ ਪ੍ਰਾਇਮਰੀ ਸਕੂਲ ਵਾੜਾ ਭਾਈ ਕਾ)

ਪਿੰਡ ਵਾੜਾ ਭਾਈ ਕਾ ਦਾ ਸਰਕਾਰੀ ਪ੍ਰਾਇਮਰੀ ਸਕੂਲ ਕਿਸੇ ਜਾਣ-ਪਛਾਣ ਦਾ ਮੁਹਤਾਜ਼ ਨਹੀਂ ਹੈ। ਸਕੂਲ ਦੀ ਆਧੁਨਿਕ ਸਹੂਲਤਾਂ ਨਾਲ ਲੈਸ ਸੋਹਣੀ ਇਮਾਰਤ, ਹਰਿਆ-ਭਰਿਆ ਬਗੀਚਾ, ਸਮਾਰਟ ਕਲਾਸਰੂਮ, ਅਨੁਸ਼ਾਸ਼ਨ, ਸੁੰਦਰ ਵਰਦੀ, ਸਾਊਂਡ ਸਿਸਟਮ, ਸ਼ਾਨਦਾਰ ਲਾਇਬਰੇਰੀ ਪ੍ਰਾਈਵੇਟ ਸਕੂਲਾਂ ਨੂੰ ਮਾਤ ਪਾਉਂਦੇ ਹਨ। ਕਿਸੇ ਕਵੀ ਨੇ ਕਿਹਾ ਸੀ, ”ਉਆਸਮਾਂ ਮੇਂ ਭੀ ਛੇਦ ਹੋ ਸਕਦਾ ਹੈ, ਏਕ ਪੱਥਰ ਜ਼ਰਾ ਤਬੀਅਤ ਸੇ ਉਛਾਲੋ ਯਾਰੋ” ਇਹ ਸਤਰਾਂ ਇਸ ਅਧਿਆਪਕ ਰਜਿੰਦਰ ਸਿੰਘ ਤੇ ਉਸਦੀ ਪਤਨੀ ਹਰਿੰਦਰ ਕੌਰ ਤੇ ਪੂਰੀ ਤਰ੍ਹਾਂ ਢੁੱਕਦੀਆਂ ਹਨ। ਜਿਨ੍ਹਾਂ ਨੇ 2008 ਵਿੱਚ ਇਸ ਸਕੂਲ ਵਿੱਚ ਪ੍ਰਵੇਸ਼ ਕੀਤਾ ਤੇ ਕੁਝ ਹੀ ਸਾਲਾਂ ਵਿੱਚ ਹੀ ਇਕ ਪਛੜੇ ਜਿਹੇ ਸਕੂਲ ਨੂੰ ਪੰਜਾਬ ਦੇ ਮੋਹਰੀ ਸਕੂਲਾਂ ਦੀ ਕਤਾਰ ਵਿੱਚ ਲਿਆ ਖੜ੍ਹਾ ਕੀਤਾ।
ਪਿਤਾ ਰੂਪ ਚੰਦ ਦੇ ਘਰ ਮਾਤਾ ਸੀਤਾ ਦੇਵੀ ਦੀ ਕੁੱਖੋਂ ਪਿੰਡ ਬਾਜਾਖਾਨਾ ਵਿਖੇ ਜਨਮੇ ਤਿੰਨ ਭੈਣਾਂ ਅਤੇ ਦੋ ਭਰਾਵਾਂ ਵਿੱਚੋਂ ਰਾਜਿੰਦਰ ਕੁਮਾਰ ਸਭ ਤੋਂ ਛੋਟਾ ਹੈ। ਉਸ ਦਾ ਬਚਪਨ ਘਰ ਦੀਆਂ ਤੰਗੀਆਂ ਤਰੁਸ਼ੀਆਂ ਵਿੱਚ ਬਤੀਤ ਹੋਇਆ। ਪਿਤਾ ਦੋਧੀ ਦਾ ਕੰਮ ਕਰਦੇ ਸਨ ਅਤੇ ਮਾਤਾ ਕੱਪੜੇ ਸਿਉਂ ਕੇ ਘਰ ਦਾ ਗੁਜ਼ਾਰਾ ਕਰਦੇ ਸਨ। ਰਾਜਿੰਦਰ ਕੁਮਾਰ ਨੂੰ ਮੇਹਨਤ ਕਰਨ ਦੀ ਜਾਗ ਘਰ ਦੇ ਹਾਲਾਤਾਂ ਨੇ ਹੀ ਲਾਈ। ਨਿਗੂਣੀ ਜਿਹੀ ਤਨਖਾਹ ਲੈ ਕੇ ਲੰਬਾ ਸਮਾਂ ਕਈ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਾਇਆ ਤੇ ਹਰ ਥਾਂ ਮਿਸਾਲੀ ਕੰਮ ਕੀਤਾ। ਹਰ ਦੁਖ-ਸੁਖ ਵਿੱਚ ਸਾਥ ਦੇਣ ਵਾਲੀ ਤੇ ਉਸੇ ਵਾਂਗ ਮੇਹਨਤੀ ਸੁਭਾਅ ਵਾਲੀ ਉਸਦੀ ਪਤਨੀ ਹਰਿੰਦਰ ਕੌਰ ਦਾ ਕਹਿਣਾ ਹੈ ਕਿ ਉਸ ਨੇ ਕਦੇ ਵੀ ਆਪਣੇ ਲਈ ਸੁਖ-ਸਹੂਲਤਾਂ ਬਾਰੇ ਨਹੀਂ ਸੋਚਿਆ ਬਲਕਿ ਉਹ ਹਮੇਸ਼ਾਂ ਸਕੂਲ ਲਈ ਕੁਝ ਨਾ ਕੁਝ ਕਰਦੇ ਰਹਿੰਦੇ ਹਨ ਤੇ ਉਹਨਾਂ ਦਾ ਵਧੇਰੇ ਸਮਾਂ ਸਕੂਲ ਵਿੱਚ ਹੀ ਬਤੀਤ ਹੁੰਦਾ ਹੈ।
ਜ਼ਿਆਦਾਤਰ ਲੋਕ ਸਰਕਾਰੀ ਨੌਕਰੀ ਵਿੱਚ ਆ ਕੇ ਮੇਹਨਤ ਤੋਂ ਟਾਲ਼ਾ ਵੱਟਦੇ ਹਨ ਪਰ ਇਸ ਧਾਰਨਾ ਦੇ ਉਲਟ ਇਸ ਜੋੜੀ ਨੇ ਰੱਬ ਦਾ ਸ਼ੁਕਰਾਨਾ ਕਰਦੇ ਹੋਏ ਸਰਕਾਰੀ ਸਕੂਲ ਵਿੱਚ ਤਨ, ਮਨ ਤੇ ਧਨ ਨਾਲ ਸੇਵਾ ਕੀਤੀ ਤੇ ਸਕੂਲ ਦਾ ਮੂੰਹ-ਮੁਹਾਂਦਰਾ ਬਦਲ ਕੇ ਇਸ ਸਕੂਲ ਨੂੰ ਪੰਜਾਬ ਦੇ ਚੰਗੇ ਸਕੂਲਾਂ ਵਿੱਚੋਂ ਮੂਹਰਲੀ ਕਤਾਰ ਤੇ ਲਿਆ ਖੜ੍ਹਾ ਕੀਤਾ। ਮੇਹਨਤ ਦੋਹਾਂ ਦੇ ਸੁਭਾਅ ਦਾ ਅੰਗ ਬਣ ਚੁੱਕੀ ਹੈ। ਇਸ ਜੋੜੀ ਦੀ ਇਹ ਭਾਵਨਾ ਮਹਿਜ਼ ਇਕ ਦਿਖਾਵਾ ਜਾਂ ਐਵਾਰਡ ਪ੍ਰਾਪਤ ਕਰਨ ਵਾਲੀ ਨਾ ਹੋ ਕੇ ਸੱਚੇ ਦਿਲੋਂ ਸੇਵਾ ਕਰਨ ਵਾਲੀ ਹੈ। ਸਕੂਲ ਵਿੱਚ ਸਮੇਂ ਤੋਂ ਪਹਿਲਾਂ ਪਹੁੰਚ ਕੇ ਸਕੂਲ ਵਿੱਚ ਆਪ ਝਾੜੂ ਲਾਉਣਾ,ਫਲੱਸ਼ਾਂ ਸਾਫ ਕਰਨੀਆਂ, ਮਿਡ-ਡੇ-ਮੀਲ ਦੀ ਤਿਆਰੀ ਕਰਨਾ, ਬੱਚਿਆਂ ਨੂੰ ਘਰਾਂ ਤੋਂ ਲੈ ਕੇ ਆਉਣਾ, ਗਰੀਬ ਮਾਪਿਆਂ ਦੀ ਮਜ਼ਬੂਰੀ ਨੂੰ ਸਮਝਦੇ ਹੋਏ ਬੱਚਿਆਂ ਨੂੰ ਹੱਥੀਂ ਨਹਾ-ਧੁਆ ਕੇ ਤਿਆਰ ਕਰਨਾ ਤੇ ਗਰੀਬਾਂ ਦੀ ਆਰਥਿਕ ਮਦਦ ਕਰਨੀ ਇਹਨਾਂ ਦਾ ਸ਼ੌਂਕ ਹੈ।
ਦੋਹਾਂ ਪਤੀ-ਪਤਨੀ ਨੂੰ ਵੀ ਹੋਰ ਅਧਿਆਪਕਾਂ ਵਾਂਗ ਬਹੁਤ ਸਾਰੀਆਂ ਮੁਸ਼ਕਲਾਂ, ਚੁਣੌਤੀਆਂ ਤੇ ਅਲੋਚਨਾਵਾਂ ਦਾ ਸਾਹਮਣਾ ਕਰਨਾ ਪੈਂਦਾ ਰਿਹਾ ਹੈ ਪਰ ਸਰਕਾਰੀ ਸਹੂਲਤਾਂ ਦਾ ਰੋਣਾ ਨਾ ਰੋ ਕੇ ਇਸ ਨਿਮਾਣੀ ਜਿਹੀ ਜੋੜੀ ਨੇ ਆਪਣੀਆਂ ਕੋਸ਼ਸ਼ਾਂ ਜਾਰੀ ਰੱਖੀਆਂ ਭਾਵੇਂ ਉਹਨਾਂ ਨੇ ਸਕੂਲ ਲਈ ਸਥਾਨਕ ਪ੍ਰਸ਼ਾਸ਼ਨ ਤੇ ਹੋਰ ਸਮਾਜ ਸੇਵੀ ਸੰਸਥਾਵਾਂ ਦੀ ਮਦਦ ਵੀ ਲਈ ਪਰ ਉਹ ਕਈ ਲੱਖਾਂ ਰੁਪਿਆ ਆਪਣੀ ਜੇਬ ਵਿੱਚੋਂ ਵੀ ਖਰਚ ਕਰ ਚੁੱਕੇ ਹਨ । ਇਹਨਾਂ ਦੀ ਸਕੂਲ ਪ੍ਰਤੀ ਸਮਰਪਣ ਭਾਵਨਾ ਅਤੇ ਸੱਚੀ ਕੋਸ਼ਿਸ਼ ਅੱਗੇ ਵੱਡੀਆਂ-ਵੱਡੀਆਂ ਮੁਸ਼ਕਲਾਂ ਨੇ ਗੋਡੇ ਟੇਕ ਦਿੱਤੇ। ਸਕੂਲ ਦਾ ਆਪਣਾ ‘ਆਲ਼ੇ-ਭੋਲ਼ੇ’ ਨਾਂ ਦਾ ਬੈਂਡ ਇੱਕ ਮਿਸਾਲ ਹੈ ਜਿਸ ਵਿੱਚ 80 ਦੇ ਕਰੀਬ ਬੱਚੇ ਹਨ ਅਤੇ ਜਿਸਦੀ ਵਰਦੀ ਤੇ ਸਾਜੋ-ਸਮਾਨ ਤੇ ਲੱਖ ਰੁਪਏ ਦੇ ਲਗਭਗ ਖਰਚ ਕੀਤਾ ਗਿਆ ਹੈ। ਸਕੂਲ ਦੀ ਗੱਤਕੇ ਦੀ ਟੀਮ ਦਾ ਕੋਈ ਸਾਨੀ ਨਹੀਂ ਹੈ।
ਇਸ ਜੋੜੀ ਦੀ ਮੇਹਨਤ ਤੇ ਸਮੂਹ ਸਟਾਫ ਦੇ ਸਹਿਯੋਗ ਸਦਕਾ ਸਕੂਲ ਨੂੰ  ਜ਼ਿਲ੍ਹਾ ਪੱਧਰ ਤੇ ਅਵਾਰਡ,ਡੀ.ਜੀ.ਐਸ.ਈ.ਵੱਲੋਂ ਅਤੇ ਵਰਲਡ ਕੇਅਰ ਕੈਂਸਰ ਵੱਲੋਂ ਅਵਾਰਡ ਮਿਲ ਚੁੱਕਾ ਹੈ। ਰਾਜਿੰਦਰ ਕੁਮਾਰ ਨੂੰ ਸਕੂਲ ਦੀਆਂ ਇਹਨਾਂ ਪ੍ਰਾਪਤੀਆਂ ਲਈ ਦੋ ਵਾਰ ਜ਼ਿਲ੍ਹਾ ਪੱਧਰ ਤੇ ਡੀ.ਸੀ.ਵੱਲੋਂ, ਲਾਇਨਜ਼ ਕਲੱਬ ਅਤੇ ਸਿੱਖਿਆ ਵਿਭਾਗ ਵੱਲੋਂ ਅਤੇ ਸਮਾਜ ਸੇਵਾ ਲਈ ਮੁੱਖ ਮੰਤਰੀ ਪੰਜਾਬ ਵੱਲੋਂ,ਅਧਿਆਪਕ ਦਿਵਸ ਤੇ ਸਟੇਟ ਵੱਲੋਂ ਸਨਮਾਨ ਪੱਤਰ ਮਿਲਿਆ ਹੈ। ਇਸ ਸੁਤੰਤਰਤਾ ਦਿਵਸ ਤੇ ਦੋਹਾਂ ਪਤੀ-ਪਤਨੀ ਨੂੰ ਡੀ.ਸੀ.ਵੱਲੋਂ ਸਨਮਾਨਿਤ ਕੀਤਾ ਗਿਆ ਹੈ। ਇਸ ਜੋੜੀ ਦੀ ਸੱਚੀ ਭਾਵਨਾ ਦੀ ਮਿਸਾਲ ਇਹ ਹੈ ਕਿ ਉਹਨਾਂ ਨੇ ਬਤੌਰ ਸਾਇੰਸ ਅਧਿਆਪਕ ਮਿਲਣ ਵਾਲੀ ਤਰੱਕੀ ਲੈ ਕੇ ਸਕੂਲ ਛੱਡਣ ਦੀ ਬਜਾਏ ਤਰੱਕੀ ਛੱਡਣ ਦਾ ਫੈਸਲਾ ਕੀਤਾ। ਨਿਮਰਤਾ ਦੇ ਧਾਰਨੀ ਇਸ ਅਧਿਆਪਕ ਜੋੜੇ ਨੇ ਪਿੰਡ ਵਾਸੀਆਂ ਤੇ ਪੂਰੇ ਸਟਾਫ ਦਾ ਸਹਿਯੋਗ ਪ੍ਰਾਪਤ ਕਰਕੇ ਜਿਸ ਤਰ੍ਹਾਂ ਕੇਵਲ ਵਿੱਦਿਆ ਦੇ ਖੇਤਰ ਵਿੱਚ ਹੀ ਨਹੀਂ ਬਲਕਿ ਸੱਭਿਆਚਾਰਕ ਤੇ ਖੇਡਾਂ ਵਿੱਚ ਵੀ ਸ਼ਾਨਦਾਰ ਪ੍ਰਾਪਤੀਆਂ ਕੀਤੀਆਂ ਹਨ ਸੱਚਮੁਚ ਕਿੱਤੇ ਪ੍ਰਤੀ ਸਮਰਪਿਤ ਅਜਿਹੇ ਅਧਿਆਪਕਾਂ ਨੂੰ ਸਿਜਦਾ ਕਰਨਾ ਬਣਦਾ ਹੈ। ਸ਼ਾਲਾ! ਹਰ ਅਧਿਆਪਕ ਅਜਿਹੀ ਭਾਵਨਾ ਨਾਲ ਕੰਮ ਕਰੇ ਤਾਂ ਜੋ ਸਮਾਜ ਦਾ ਵਿਗਿੜਿਆ ਮੁਹਾਂਦਰਾ ਸੰਵਾਰਿਆ ਜਾ ਸਕੇ।
ਪਰਮਜੀਤ ਕੌਰ ਸਰਾਂ, ਕੋਟਕਪੂਰਾ
(ਫੋਨ 98158-41321 ਰਾਜਿੰਦਰ ਕੁਮਾਰ)

Related posts

ਘਰ ਦੀ ਜ਼ਮੀਨ ‘ਚੋਂ ਨਿਕਲੇ ਦਰਜਨ ਤੋਂ ਵੱਧ ਕੋਬਰਾ ਸੱਪ, ਘਰ ਵਾਲਿਆਂ ਦੇ ਸੁੱਕੇ ਸਾਹ

On Punjab

Bengal News : ਬੰਗਾਲ ਦੀ ਕੋਲ਼ਾ ਖਾਨ ’ਚ ਧਮਾਕਾ, ਛੇ ਮਜ਼ਦੂਰਾਂ ਦੀ ਮੌਤ; ਕਈ ਮਜ਼ਦੂਰਾਂ ਦੇ ਖਾਨ ‘ਚ ਫਸੇ ਹੋਣ ਦਾ ਸ਼ੱਕ ਬੰਗਾਲ ਵਿਚ ਬੀਰਭੂਮ ਜ਼ਿਲ੍ਹੇ ਦੇ ਗੰਗਾਰਾਮਚਕ ਇਲਾਕੇ ਵਿਚ ਸੋਮਵਾਰ ਨੂੰ ਕੋਲ਼ਾ ਖਾਨ ਵਿਚ ਡੇਟੋਨੇਟਰ ਨਾਲ ਲੱਦੇ ਟਰੱਕ ਵਿਚ ਭਿਆਨਕ ਧਮਾਕਾ ਹੋ ਗਿਆ। ਇਸ ਨਾਲ ਛੇ ਮਜ਼ਦੂਰਾਂ ਦੀ ਮੌਤ ਹੋ ਗਈ ਜਦਕਿ ਕਈ ਹੋਰ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ।

On Punjab

ਪਾਕਿਸਤਾਨ ਨੇ ਛੱਡਿਆ ਹੋਰ ਪਾਣੀ, ਹੁਣ ਫ਼ਿਰੋਜ਼ਪੁਰ ‘ਤੇ ਹੜ੍ਹ ਦਾ ਖਤਰਾ

On Punjab