48.96 F
New York, US
March 4, 2024
PreetNama
ਸਮਾਜ/Social

ਕਿਸਮਤ ਦੇ ਰੰਗ

ਕਿਸਮਤ ਦੇ ਰੰਗ

ਰਮਨ ਤੇ ਗਗਨ ਬਚਪਨ ਦੀਆਂ ਸਹੇਲੀਆਂ ਸਨ। ਪਹਿਲੀ ਜਮਾਤ ਤੋਂ ਹੀ ਇਕੱਠੀਆਂ ਪੜ੍ਹੀਆਂ। ਬਹੁਤ ਪਿਆਰ ਸੀ ਦੋਵਾਂ ਦਾ ਆਪਸ ਵਿੱਚ ਪਿੰਡ ਵੀ ਦੋਹਾਂ ਦੇ ਕੋਲੇ ਕੋਲੇ ਹੀ ਸਨ ਤੇ ਇੱਕੋ ਹੀ ਬੱਸ ਚ ਕਾਲਜ ਜਾਂਦੀਆਂ। ਦੋਹਾਂ ਨੇ ਵਕਾਲਤ ਦੀ ਪੜ੍ਹਾਈ ਵੱਡੇ ਸ਼ਹਿਰ ਤੋਂ ਕੀਤੀ । ਕਾਰੋਬਾਰ ਪੱਖੋਂ ਦੋਨੋਂ ਹੀ ਚੰਗੇ ਤਕੜੇ ਘਰਾਂ ਦੀਆਂ ਸਨ । ਕਦੇ ਕਿਸੇ ਚੀਜ਼ ਦੀ ਕਮੀ ਨਹੀਂ ਰਹੀ ।

ਰਮਨ ਸੋਹਣੀ ਤੇ ਜਵਾਨ ਸੀ। ਪਰ ਗਗਨ ਦਾ ਰੰਗ ਥੋੜ੍ਹਾ ਸਾਂਵਲਾ ਸੀ ਤੇ ਕਦ ਵੀ ਮੱਧਮ ਜਿਹਾ। ਸੁਭਾਅ ਪੱਖੋਂ ਪਰ ਗਗਨ ਖੁੱਲੇ ਦਿਲ ਵਾਲੀ ਤੇ ਛੇਤੀ ਹੀ ਸਭ ਵਿੱਚ ਘੁਲ ਮਿਲ ਜਾਣ ਵਾਲੀ ਕੁੜੀ ਸੀ। ਪਰ ਰਮਨ ਵਿੱਚ ਥੋੜ੍ਹੀ ਆਕੜ ਰਹਿੰਦੀ । ਜੇਕਰ ਕੋਈ ਉਸ ਨੂੰ ਪਹਿਲਾਂ ਬੁਲਾਵੇ ਉਹ ਤਾਂ ਹੀ ਉਸ ਨਾਲ ਬੋਲਦੀ ।ਆਪ ਪਹਿਲ ਕਰਨ ਨੂੰ ਉਹ ਆਪਣੀ ਅਣਖ ਦੇ ਖਿਲਾਫ਼ ਸਮਝਦੀ । ਰਮਨ ਤੇ ਗਗਨ ਹੁਣ ਜਵਾਨ ਹੋ ਗਈਆਂ ਸਨ । ਦੋਹਾਂ ਦੇ ਹੀ ਘਰ ਦੇ ਉਨ੍ਹਾਂ ਲਈ ਰਿਸ਼ਤਾ ਲੱਭ ਰਹੇ ਸਨ । ਰਮਨ ਤਾਂ ਚਾਹੁੰਦੀ ਸੀ ਕਿ ਉਸ ਨੂੰ ਕਿਸੇ ਵਿਦੇਸ਼ੀ ਮੁੰਡੇ ਦਾ ਰਿਸ਼ਤਾ ਹੋਵੇ। ਉਸ ਨੂੰ ਲੱਗਦਾ ਸੀ ਕਿ ਵਿਦੇਸ਼ ਵਿੱਚ ਰਹਿੰਦਾ ਅਮੀਰ ਘਰ ਦਾ ਮੁੰਡਾ ਹੋਵੇਗਾ ਤਾਂ ਉਹ ਹਮੇਸ਼ਾ ਖ਼ੁਸ਼ ਰਹੇਗੀ । ਉਸ ਦੀ ਜ਼ਿੰਦਗੀ ਬਣ ਜਾਵੇਗੀ । ਉਧਰ ਦੂਸਰੇ ਬੰਨ੍ਹੇ ਗਗਨ ਨੂੰ ਇਨ੍ਹਾਂ ਸਭ ਗੱਲਾਂ ਨਾਲ ਕੋਈ ਫ਼ਰਕ ਨਹੀਂ ਸੀ ਪੈਂਦਾ । ਉਹ ਆਖਦੀ ਮੁੰਡਾ ਬੇਸ਼ੱਕ ਇਧਰ ਦਾ ਹੋਵੇ ਜਾਂ ਬਾਹਰਲਾ ਪਰ ਮੈਨੂੰ ਸਮਝਣ ਵਾਲਾ ਤੇ ਮਿਹਨਤੀ ਹੋਵੇ । ਘਰ – ਬਾਰ ਪੱਖੋਂ ਬੇਸ਼ੱਕ ਘੱਟ ਹੋਵੇ ਕੁਝ ਪਰ ਦਿਲ ਚ ਇਮਾਨਦਾਰੀ ਰੱਖਦਾ ਹੋਵੇ ।

ਕੁਝ ਸਮਾਂ ਬੀਤਿਆ ਰਮਨ ਨੂੰ ਕੈਨੇਡਾ ਦੇ ਇਕ ਮੁੰਡੇ ਦੀ ਵਿਆਹ ਲਈ ਦੱਸ ਪਈ । ਰਮਨ ਦਾ ਤਾਂ ਜਿਵੇਂ ਸੁਪਨਾ ਹੀ ਪੂਰਾ ਹੋ ਗਿਆ ਹੋਵੇ । ਉਹ ਤਾਂ ਹਵਾ ਚ ਉਡਾਰੀਆਂ ਮਾਰਨ ਲੱਗੀ । ਰੋਜ਼ ਜਹਾਜ਼ਾਂ ਦੇ ਸੁਪਨੇ ਲੈਂਦੀ। ਦਰਅਸਲ ਇਹ ਰਿਸ਼ਤਾ ਉਨ੍ਹਾਂ ਦੀ ਗੁਆਂਢਣ ਮਨਜੀਤ ਕੌਰ ਆਪਣੇ ਪੇਕਿਆਂ ਦੇ ਪਿੰਡ ਤੋਂ ਕਰਵਾ ਰਹੀ ਸੀ। ਇਸ ਲਈ ਰਮਨ ਦੇ ਘਰਦਿਆਂ ਨੇ ਵੀ ਬਾਹਲੀ ਜਾਂਚ ਪੜਤਾਲ ਨਹੀਂ ਕੀਤੀ ਮੁੰਡੇ ਬਾਰੇ । ਮਨਜੀਤ ਕੌਰ ਨੇ ਦੱਸਿਆ ਕਿ ਮੁੰਡਾ ਕੈਨੇਡਾ ਦਾ ਹੈ ।ਚੰਗਾ ਕਾਰੋਬਾਰ ਕਰਦਾ ਹੈ ਤੇ ਘਰ ਵੀ ਆਪਣਾ ਲਿਆ ਹੋਇਆ ਹੈ। ਬੱਸ ਉਮਰ ਥੋੜ੍ਹੀ ਜ਼ਿਆਦਾ ਏ ।ਘੱਟ ਤੋਂ ਘੱਟ ਆਪਣੀ ਰਮਨ ਤੋਂ ਦਸ ਕੁ ਸਾਲ ਵੱਡਾ ਹੋਊ ।

ਪਰ ਰਮਨ ਨੂੰ ਤਾਂ ਬਸ ਹੁਣ ਕੈਨੇਡਾ ਹੀ ਦਿਖ ਰਿਹਾ ਸੀ ।ਉਸ ਨੇ ਰਿਸ਼ਤੇ ਲਈ ਹਾਂ ਕਰਤੀ । ਬਹੁਤ ਧੂਮਧਾਮ ਨਾਲ਼ ਰਮਨ ਦਾ ਵਿਆਹ ਜਸਪ੍ਰੀਤ ਨਿੱਕ ਨੇਮ (ਜਸ )ਨਾਲ ਕਰ ਦਿੱਤਾ ਗਿਆ। ਥੋੜ੍ਹਾ ਹੀ ਸਮੇਂ ਬਾਅਦ ਜਸ ਰਮਨ ਨੂੰ ਕੈਨੇਡਾ ਲੈ ਗਿਆ। ਉਨ੍ਹਾਂ ਸਮਾਂ ਰਮਨ ਆਪਣੇ ਪੇਕੇ ਹੀ ਰਹੀ ਕਿਉਂਕਿ ਉਸਦੇ ਸਹੁਰੇ ਘਰ ਵਿੱਚ ਕੇਵਲ ਜੱਸ ਦੇ ਬਜ਼ੁਰਗ ਮਾਤਾ ਪਿਤਾ ਹੀ ਰਹਿੰਦੇ ਸਨ ਤੇ ਰਮਨ ਦਾ ਕਹਿਣਾ ਸੀ ਕਿ ਉਹ ਉੱਥੇ ਇਕੱਲੀ ਬੋਰ ਹੋ ਜਾਇਆ ਕਰੇਗੀ । ਇਸ ਲਈ ਉਹ ਜਦੋਂ ਤਕ ਕੈਨੇਡਾ ਨਹੀਂ ਆ ਜਾਂਦੀ। ਉਹ ਆਪਣੇ ਮਾਤਾ ਪਿਤਾ ਕੋਲ ਪੇਕੇ ਘਰ ਰਹੇਗੀ । ਹੁਣ ਰਮਨ ਆਪਣੇ ਪਤੀ ਜਸ ਨਾਲ਼ ਕੈਨੇਡਾ ਰਹਿਣ ਲੱਗੀ।

ਉਧਰ ਦੂਸਰੀ ਤਰਫ ਗਗਨ ਨੂੰ ਥੋੜੀ ਹੀ ਦੂਰ ਦੇ ਇਕ ਪਿੰਡ ਤੋਂ ਚੰਗੇ ਘਰ ਦਾ ਰਿਸ਼ਤਾ ਆਇਆ। ਮੁੰਡੇ ਵਾਲੇ ਨਾ ਤਾਂ ਬਹੁਤ ਗਰੀਬ ਸਨ ਨਾ ਹੀ ਬਹੁਤੇ ਅਮੀਰ। ਚਾਰ ਕੁ ਕਿੱਲੇ ਪੈਲ਼ੀ ਤੋਂ ਆਪਣਾ ਸੋਹਣਾ ਗੁਜ਼ਰ ਗੁਜ਼ਾਰਾ ਕਰਨ ਵਾਲੇ ਸਨ । ਮੁੰਡਾ ਸੋਹਣਾ ਤੇ ਜਵਾਨ ਚੰਗਾ ਪੜ੍ਹਿਆ ਲਿਖਿਆ ਹੋਇਆ ਤੇ ਮਕੈਨਕੀ ਦਾ ਕੰਮ ਜਾਣਦਾ ਸੀ। ਛੋਟੀ ਜਿਹੀ ਦੁਕਾਨ ਪਾਈ ਹੋਈ ਸੀ ਉਸਨੇ ਤੇ ਬਾਕੀ ਬਾਪੂ ਨਾਲ ਖੇਤੀਬਾੜੀ ਚ ਹੱਥ ਵਟਾ ਦਿੰਦਾ । ਸੁਰਜੀਤ ਸਿੰਘ (ਸੋਨੂੰ -ਸੋਨੂੰ )ਕਰਕੇ ਬੁਲਾਉਂਦੇ ਸਨ ਉਸਨੂੰ ਉਸਦੇ ਬੇਲੀ ।

ਗਗਨ ਦੇ ਘਰਦਿਆਂ ਨੂੰ ਮੁੰਡੇ ਵਾਲੇ ਚੰਗੇ ਤੇ ਸੰਸਕਾਰੀ ਲੱਗੇ । ਗਗਨ ਨੇ ਵੀ ਰਿਸ਼ਤੇ ਲਈ ਮਨਜ਼ੂਰੀ ਭਰ ਦਿੱਤੀ। ਦੋਵੇਂ ਸਹੇਲੀਆਂ ਹੁਣ ਆਪੋ ਆਪਣੇ ਸਹੁਰੇ ਘਰ ਵੱਸਦੀਆਂ । ਦੋਨੋਂ ਇਕ ਦੂਸਰੇ ਨਾਲ ਫੋਨ ਤੇ ਗੱਲਾਂ ਕਰ ਲੈਂਦੀਆਂ ਸਨ । ਸਮਾਂ ਲੰਘਦਾ ਗਿਆ ਵਿਆਹ ਨੂੰ ਤਕਰੀਬਨ ਸਾਲ ਕੋ ਹੋ ਗਿਆ ਹੋਣਾ । ਰਮਨ ਤੇ ਜਸ ਵਿੱਚ ਅਕਸਰ ਮੱਤਭੇਦ ਹੀ ਰਹਿੰਦਾ ਸੀ । ਦਰਅਸਲ ਜਸ ਕੰਮ ਚ ਹਮੇਸ਼ਾ ਘਰੋਂ ਬਾਹਰ ਹੀ ਰਹਿੰਦਾ ਸੀ ਤੇ ਰਮਨ ਲਈ ਉਸ ਕੋਲ ਚ ਥੋੜ੍ਹਾ ਵੀ ਟਾਈਮ ਨਹੀਂ ਸੀ ਨਿਕਲਦਾ। ਰਮਨ ਘਰ ਵਿੱਚ ਇਕੱਲੀ ਬੋਰ ਹੋ ਜਾਂਦੀ ਸੀ। ਇੱਕ ਦਿਨ ਰਮਨ ਨੇ ਜੱਸ ਨੂੰ ਕਿਹਾ ਕਿ ਉਹ ਵੀ ਉਸ ਨਾਲ ਆਫਿਸ ਵਿੱਚ ਆ ਜਾਇਆ ਕਰੇਗੀ ਤਾਂ ਜੋ ਉਸ ਦੀ ਕੰਮ ਵਿੱਚ ਥੋੜ੍ਹੀ ਮਦਦ ਵੀ ਹੋ ਜਾਵੇਗੀ ਤੇ ਨਾਲ ਨਾਲ ਉਹ ਘਰ ਵਿੱਚ ਬੋਰ ਵੀ ਨਹੀਂ ਹੋਇਆ ਕਰੇਗੀ । ਪਰ ਜੱਸ ਨੇ ਉਸ ਨੂੰ ਸਾਫ ਇਨਕਾਰ ਕਰ ਦਿੱਤਾ । ਉਹ ਨਹੀਂ ਚਾਹੁੰਦਾ ਸੀ ਕਿ ਰਮਨ ਘਰੋਂ ਬਾਹਰ ਵੀ ਨਿਕਲੇ। ਉਸ ਨੇ ਪਹਿਲਾਂ ਵੀ ਰਮਨ ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਹੋੲੀਆਂ ਸਨ ਜਿਵੇਂ ਕਿ ਘਰੋਂ ਇਕੱਲੀ ਬਾਹਰ ਨਹੀਂ ਜਾਣਾ ,ਕਿਸੇ ਅਣਜਾਣ ਨਾਲ ਗੱਲ ਨਹੀਂ ਕਰਨੀ ,ਇਸ ਤਰ੍ਹਾਂ ਦੇ ਕੱਪੜੇ ਨਹੀਂ ਪਹਿਨੇ ਆਦਿ। ਰਮਨ ਦੀ ਜ਼ਿੰਦਗੀ ਘੁੱਟਵੀ ਅਤੇ ਬੇਜਾਨ ਜਿਹੀ ਹੋ ਗਈ ਸੀ । ਉਹ ਅੰਦਰੋਂ ਹੀ ਅੰਦਰ ਆਪਣੇ ਮਾਪਿਆਂ ਨੂੰ ਯਾਦ ਕਰ ਰੋਂਦੀ । ਹੁਣ ਉਸ ਨੂੰ ਕੈਨੇਡਾ ਜੇਲ੍ਹ ਜਾਪਦਾ ਸੀ । ਜਿਸ ਵਿਚੋ ਉਹ ਬਾਹਰ ਨਿਕਲਣਾ ਚਾਹੁੰਦੀ ਸੀ ।

ਇਕ ਦਿਨ ਅਚਾਨਕ ਜੱਸ ਦੇ ਕੱਪੜੇ ਵਾਸ਼ਿੰਗ ਮਸ਼ੀਨ ਵਿੱਚ ਪਾਉਣ ਲੱਗਿਆਂ ਉਸ ਨੂੰ ਚਿੱਟੇ ਰੰਗ ਦੇ ਪਾਊਡਰ ਦੀ ਸ਼ੀਸ਼ੀ ਮਿਲੀ। ਉਹ ਹੋਰ ਕੁਝ ਨਹੀਂ ਬਲਕਿ ਨਸ਼ਾ ਸੀ। ਰਮਨ ਦੇ ਪੁੱਛਣ ਤੇ ਜੱਸ ਨੇ ਉਸ ਨਾਲ ਬਹੁਤ ਕੁੱਟਮਾਰ ਕੀਤੀ ਅਤੇ ਗਾਲਾਂ ਵੀ ਕੱਢੀਆਂ। ਉਸ ਦਿਨ ਰਮਨ ਨੂੰ ਪਤਾ ਚੱਲਿਆ ਕਿ ਉਸ ਦਾ ਪਤੀ ਉਸ ਤੋਂ ਚੋਰੀ ਨਸ਼ੇ ਕਰਦਾ ਸੀ । ਰਮਨ ਅੰਦਰੋ ਅੰਦਰੀ ਖ਼ਤਮ ਹੋਣਾ ਸ਼ੁਰੂ ਹੋ ਗਈ । ਉਸ ਨੇ ਆਪਣਾ ਦੁੱਖ ਕਿਸੇ ਨੂੰ ਨਹੀਂ ਸੀ ਦੱਸਿਆ । ਉਹ ਆਪਣੀ ਜਲਦਬਾਜ਼ੀ ਵਿੱਚ ਲਏ ਫੈਸਲੇ ਨੂੰ ਕੋਸ ਰਹੀ ਸੀ । ਉਧਰ ਦੂਸਰੀ ਤਰਫ ਗਗਨ ਤੇ ਉਸ ਦੇ ਪਤੀ ਦਾ ਵੀ ਵਪਾਰਕ ਰੂਪ ਵਿੱਚ ਕੈਨੇਡਾ ਦਾ ਵੀਜ਼ਾ ਲੱਗ ਗਿਆ। ਸਹਿਯੋਗ ਦੀ ਗੱਲ ਹੈ ਗਗਨ ਹੋਣੀ ਵੀ ਉਸੇ ਸ਼ਹਿਰ ਵਿੱਚ ਰਹਿਣ ਲੱਗੇ ਜਿੱਥੇ ਰਮਨ ਹੁਣੀ ਰਹਿੰਦੇ ਸਨ । ਗਗਨ ਆਪਣੇ ਪਤੀ ਨਾਲ ਬਹੁਤ ਖੁਸ਼ ਸੀ। ਉਹ ਉਸ ਦੀ ਨਿੱਕੀ ਨਿੱਕੀ ਚੀਜ਼ ਦੀ ਵੀ ਬਹੁਤ ਪ੍ਰਵਾਹ ਕਰਦਾ ਤੇ ਆਪਣੇ ਸਾਰੇ ਫਰਜ਼ ਪੂਰੇ ਕਰਦਾ । ਗਗਨ ਵੀ ਆਪਣੇ ਪਤੀ ਪ੍ਰਤੀ ਪੂਰੀ ਸੇਵਾ ਭਾਵਨਾ ਰੱਖ ਉਸ ਦਾ ਅਤੇ ਉਸ ਦੇ ਪਰਿਵਾਰ ਦਾ ਪੂਰਾ ਸਤਿਕਾਰ ਕਰਦੀ ਅਤੇ ਆਪਣੀ ਹਰ ਜ਼ਿੰਮੇਵਾਰੀ ਨਿਭਾਉਂਦੀ ।

ਇੱਕ ਦਿਨ ਗਗਨ ਤੇ ਸੋਨੂੰ ਮਾਲ ਵਿੱਚ ਸ਼ਾਪਿੰਗ ਕਰਨ ਗਏ ਹੋਏ ਸਨ । ਅਚਾਨਕ ਗਗਨ ਨੇ ਉੱਥੇ ਜਸ ਨੂੰ ਕਿਸੇ ਜਵਾਨ ਕੁੜੀ ਨਾਲ ਸ਼ਾਪਿੰਗ ਕਰਦੇ ਹੋਏ ਦੇਖਿਆ। ਦੋਨੋਂ ਹੱਥਾਂ ਵਿਚ ਹੱਥ ਪਾਈ ਇੱਕ ਦੂਸਰੇ ਨਾਲ ਖੁਸ਼ੀ ਖੁਸ਼ੀ ਗੱਲਾਂ ਕਰ ਰਹੇ ਸਨ । ਗਗਨ ਇਹ ਸਭ ਦੇਖ ਕੇ ਬਹੁਤ ਅਚਨਚੇਤ ਜਿਹੀ ਹੋਈ । ਉਸ ਨੇ ਜਸ ਬਾਰੇ ਆਪਣੇ ਪਤੀ ਨੂੰ ਦੱੱਸਿਆ ਤੇ ਥੋੜ੍ਹਾ ਸਮਾਂ ਜਸ ਦਾ ਮਾਲ ਵਿੱਚ ਪਿੱਛਾ ਕੀਤਾ । ਗਗਨ ਨੂੰ ਦਾਲ ਵਿਚ ਕੁਝ ਕਾਲਾ ਲਗਾ । ਉਸ ਨੇ ਝੱਟ ਰਮਨ ਨੂੰ ਫੋਨ ਕੀਤਾ ਤੇ ਆਖਣ ਲੱਗੀ,” ਡੀਅਰ ਅੱਜ ਅਸੀਂ ਸ਼ਾਮ ਨੂੰ ਤੇਰੇ ਘਰ ਮਿਲਣ ਆਵਾਂਗੇ। ਉਝ ਵੀ ਜਦੋਂ ਦੇ ਕੇਨੇਡਾ ਆਏ ਹਾਂ ਆਪਾਂ ਮਿਲੇ ਨਹੀਂ। ਇੱਥੇ ਇਸੇ ਬਹਾਨੇ ਸਾਡੇ ਹਸਬੈਂਡ ਵੀ ਇੱਕ ਦੂਸਰੇ ਨੂੰ ਮਿਲ ਲੈਣਗੇ ।” ਅਸਲ ਵਿੱਚ ਰਮਨ ਉਨ੍ਹਾਂ ਦੇ ਘਰ ਦੇ ਮਾਹੌਲ ਨੂੰ ਵੇਖਣਾ ਚਾਹੁੰਦੀ ਸੀ । ਸਮਝ ਤਾ ਉਹ ਪਹਿਲਾਂ ਹੀ ਕਾਫ਼ੀ ਕੁੱਝ ਗਈ ਸੀ ਪਰ ਆਪਣੇ ਸ਼ੱਕ ਨੂੰ ਯਕੀਨ ਵਿੱਚ ਬਦਲਣਾ ਚਾਹੁੰਦੇ ਸੀ ।

ਸ਼ਾਮ ਹੋਈ ਜਸ ਵੀ ਘਰ ਹੀ ਸੀ । ਸਭ ਇੱਕ ਦੂਸਰੇ ਨਾਲ ਬੈਠੇ ਗੱਲਾਂ ਬਾਤਾਂ ਕਰ ਰਹੇ ਸਨ ।ਅਚਾਨਕ ਗਗਨ ਨੇ ਮਜ਼ਾਕ ਮਜ਼ਾਕ ਵਿੱਚ ਪੁੱਛ ਲਿਆ।” ਹੋਰ ਫਿਰ ਜੀਜਾ ਜੀ ਅੱਜ ਸ਼ਾਪਿੰਗ ਕਿਵੇਂ ਰਹੀ?” ਇਹ ਸੁਣਦੇ ਹੀ ਜੱਸ ਦੇ ਹੋਸ਼ ਉੱਡ ਗਏ । ਉਸ ਦਾ ਰੰਗ ਪੀਲਾ ਪੈ ਗਿਆ। “ਕਿਹੜੀ ਸ਼ਾਪਿੰਗ ਗਗਨ ?” – ਉਸਨੇ ਥਥਲਾੲੀ ਜਿਹੀ ਆਵਾਜ਼ ਵਿੱਚ ਪੁੱਛਿਆ। ” ਮੈਨੂੰ ਲੱਗਾ ਅੱਜ ਮੈਂ ਜਿਵੇਂ ਤੁਹਾਨੂੰ ਮਾਲ ਵਿੱਚ ਦੇਖਿਆ ਹੋਵੇ । ਅਸੀਂ ਦੁਪਹਿਰੇ ਸ਼ਾਪਿੰਗ ਕਰਨ ਗਏ । ਮੈਂ ਸਾਹਮਣੇ ਵਾਲੀ ਦੁਕਾਨ ਤੇ ਦੇਖਿਆ ਸੀ। ਜਵਾਂ ਹੀ ਤੁਹਾਡੇ ਵਰਗਾ ਰੁੱਕ ਲੱਗਾ ਮੈਨੂੰ ਉਸ ਦਾ । ਪਹਿਲਾਂ ਤਾਂ ਮੈਂ ਬੁਲਾਉਣ ਲਈ ਚੱਲੀ ਸਾਂ ।ਪਰ ਉਸ ਦੇ ਨਾਲ ਫਿਰ ਇੱਕ ਜਵਾਨ ਕੁੜੀ ਨੂੰ ਦੇਖ ਕੇ ਮੈਂ ਪਿੱਛੇ ਮੁੜ ਹੋਈ ।”

“ਲੇੈ… ਭਲਾ ਮੈਂ ਕਿੱਥੇ ਜਾਣਾ ਮਾਲਾਂ ਵਿੱਚ ਸ਼ਾਪਿੰਗ ਤੇ ਤੈਨੂੰ ਉਂਜ ਹੀ ਭੁਲੇਖਾ ਲੱਗਾ ਹੋਣਾ ਹਉ ਕੋਈ ਮੈਨੂੰ ਤਾਂ ਕੰਮ ਤੋਂ ਵਿਹਲ ਨਹੀ ।” “ਹਾਂਜੀ -ਹਾਂਜੀ ਚਲੋ ਹੋਊ ਹੋ ਜਾਂਦਾ ਕਈ ਵਾਰ ਇੰਜ”- ਗਗਨ ਨੇ ਵੀ ਗੱਲ ਟਾਲ ਮਟੋਲ ਕਰ ਦਿੱਤੀ । ਪਰ ਜਸ ਦੇ ਚਿਹਰੇ ਦੀ ਬੇਚੈਨੀ ਤੇ ਮੱਥੇ ਤੇ ਪੈ ਰਹੀਆਂ ਤਰੇਲੀਆਂ ਉਸ ਦੇ ਸ਼ੱਕ ਨੇ ਯਕੀਨ ਵਿੱਚ ਬਦਲਣ ਲਈ ਕਾਫ਼ੀ ਸਨ। ਉਸ ਨੇ ਰਮਨ ਦੀ ਚੁੱਪੀ ਜਿਹੀ ਤੋਂ ਵੀ ਅੰਦਾਜ਼ਾ ਲਗਾ ਲਿਆ ਸੀ ਕਿ ਰਮਨ ਉਸ ਨਾਲ ਖੁਸ਼ ਨਹੀਂ ।ਪਰ ਗਗਨ ਚਾਹੁੰਦੀ ਸੀ ਕਿ ਰਮਨ ਉਸ ਨਾਲ ਆਪਣਾ ਦੁੱਖ ਆਪ ਸਾਂਝਾ ਕਰੇ । ਇਸ ਲਈ ਉਹ ਰਮਨ ਨਾਲ ਇਕੱਲਿਆ ਗੱਲ ਕਰਨ ਦਾ ਰਾਹ ਬਣਾਉਣਾ ਚਾਹੁੰਦੀ ਸੀ । ਗਗਨ ਨੇ ਬਹਾਨਾ ਜਿਹਾ ਬਣਾਉਂਦਿਆਂ ਆਖਿਆ,” ਲੈ ! ਰਮਨ ਪਹਿਲੀ ਵਾਰ ਮੈਂ ਤੇਰੇ ਘਰ ਆਈ ਹਾਂ ।

ਚੱਲ ਆਪਣਾ ਘਰ ਤਾਂ ਚੰਗੀ ਤਰ੍ਹਾਂ ਦਿਖਾ। ਨਾਲੇ ਚੱਲ ਬਚਪਨ ਦੀਆਂ ਕੁਝ ਯਾਦਾਂ ਤਾਜ਼ਾ ਕਰ ਲਈਏ । ਇਨ੍ਹਾਂ ਨੂੰ ਵੀ ਨਾਲੇ ਇਕੱਲਿਆਂ ਨੂੰ ਕੁਝ ਸਮਾਂ ਬੈਠ ਲੈਂਦੇ ਇੱਕ ਦੂਜੇ ਨੂੰ ਚੰਗੀ ਤਰ੍ਹਾਂ ਜਾਣ ਪਹਿਚਾਣ ਹੋ ਜਾਵੇਗੀ । ” ਰਮਨ ਗਗਨ ਨੂੰ ਘਰ ਦਿਖਾਉਣ ਲਈ ਆਪਣੇ ਨਾਲ ਲੈ ਗਈ। ਜਦੋਂ ਉਹ ਉੱਪਰਲੀ ਮੰਜ਼ਿਲ ਤੇ ਗਈਆਂ ਤਾਂ ਅਚਾਨਕ ਹੀ ਗਗਨ ਨੇ ਰਮਨ ਦਾ ਹੱਥ ਫੜ੍ਹਿਆ ਤੇ ਪੁੱਛਣ ਲੱਗੀ । “ਰਮਨ ਇੰਨੀ ਚੁੱਪ ਚਾਪ ਕਿਉਂ ਹੈ ? ਉਜ ਵੀਂ ਪਤਲੀ ਤੇ ਕਮਜ਼ੋਰ ਹੋ ਗਈ ਹੈ । ਕੀ ਗੱਲ ਹੈ ? ਕੋੲੀ ਗੱਲ ਤਾਂ ਦੱਸ ਮੈਨੂੰ । ” ਪਹਿਲਾਂ ਤਾਂ ਰਮਨ ਗੱਲ ਜਿਹੀ ਟਾਲਣ ਲੱਗੀ । ” ਨਾ ! ਗਗਨ ਭਲਾ ਗੱਲ ਕੀ ਹੁਣੀ ! ਉਂਝ ਹੀ ਪਿਛਲੇ ਮਹੀਨੇ ਥੋੜਾ ਬਿਮਾਰ ਹੋ ਗਈ ਸਾਂ ਤੇ ਬੁਖ਼ਾਰ ਚਡ਼੍ਹ ਗਿਆ ਸੀ । ਇਸ ਨਾਲ ਕਾਫੀ ਕਮਜ਼ੋਰੀ ਹੋ ਗਈ ਹੈ । ” ਗਗਨ ਸਮਝ ਗਈ ਕਿ ਰਮਨ ਇੰਜ ਉਸ ਨੂੰ ਕੁਝ ਨਹੀਂ ਦੱਸੇਗੀ । ਉਸ ਨੇ ਸਾਫ ਆਖ ਦਿੱਤਾ ,” ਰਮਨ ਅੱਜ ਮੈਂ ਜੀਜਾ ਜੀ ਨੂੰ ਮਾਲ ਵਿਚ ਕਿਸੇ ਕੁੜੀ ਨਾਲ ਸ਼ਾਪਿੰਗ ਕਰਦੇ ਹੋਏ ਦੇਖਿਆ ਸੀ। ਪਹਿਲਾਂ ਤਾਂ ਮੈਨੂੰ ਵੀ ਸ਼ੱਕ ਹੀ ਰਿਹਾ ਪਰ ਫਿਰ ਅਸੀਂ ਦੋਵਾ ਨੇ ਕਾਫੀ ਟਾਈਮ ਉਨ੍ਹਾਂ ਦਾ ਪਿੱਛਾ ਕੀਤਾ ਉਹ ਸੱਚੀ ਜਸ ਜੀਜਾ ਜੀ ਹੀ ਸੀ। ਪਰ ਇੰਝ ਕਿਸੇ ਹੋਰ ਕੁੜੀ ਨਾਲ ਹੱਥਾਂ ਚ ਹੱਥ ਪਾਈ। ਤੂੰ ਮੈਨੂੰ ਦੱਸ ਕੀ ਗੱਲ ਹੈ ?

ਖ਼ੁਸ਼ ਤਾਂ ਹੈ ? ਕੋਈ ਅਜਿਹੀ ਗੱਲ ਬਾਤ ?” ਇਹ ਸੁਣਦੇ ਹੀ ਰਮਨ ਦੀਆਂ ਅੱਖਾਂ ਭਰ ਆਈਆਂ ਤੇ ਉਹ ਗਗਨ ਦੇ ਗਲ ਲੱਗ ਰੋਣ ਲੱਗੀ । ਗਗਨ ਨੇ ਉਸ ਨੂੰ ਚੁੱਪ ਕਰਾਇਆ ਤੇ ਆਖਣ ਲੱਗੀ ,” ਰਮਨ ਅਸੀਂ ਬਚਪਨ ਦੀਆਂ ਸਹੇਲੀਆਂ ਹਾਂ ਹਰ ਗੱਲ ਸਾਂਝੀ ਕਰਦੀਆਂ ਆਈਆਂ ਹਾ । ਮੈਨੂੰ ਸਭ ਖੁੱਲ੍ਹ ਕੇ ਦੱਸ । ਸ਼ਾਇਦ ਮੈਂ ਤੇਰੀ ਕੁਝ ਮਦਦ ਕਰ ਸਕਾਂ । ਅਜੇ ਮੈਨੂੰ ਲੱਗਦਾ ਹੈ ਕੇ ਡੁੱਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ । ਜੇ ਜੀਜਾ ਕੁਝ ਤੇਰੇ ਨਾਲ ਅਜਿਹਾ ਧੋਖਾ ਕਰ ਰਿਹਾ ਹੈ ਤਾਂ ਆਪਾਂ ਸਭ ਮਿਲ ਕੇ ਕੋਈ ਹੱਲ ਕਰ ਲਵਾਂਗੇ।”

” ਗਗਨ …ਯਾਰ ਮੈਂ ਤਾਂ ਸੋਚਿਆ ਸੀ ਕੈਨੇਡਾ ਵਿੱਚ ਰਹਿੰਦਾ ਹੈ । ਆਪਣਾ ਕਾਰੋਬਾਰ , ਘਰ ਬਾਰ ਹੈ । ਮੈਂ ਕੈਨੇਡਾ ਜਾ ਕੇ ਰਾਜ ਕਰਾਂਗੀ । ਪਰ ਇੱਥੇ ਆ ਕੇ ਤਾਂ ਮੇਰੀ ਜ਼ਿੰਦਗੀ ਖਤਮ ਹੋ ਗਈ । ਇਹ ਕੈਨੇਡਾ ਨਹੀਂ ਸਗੋਂ ਜੇਲ ਹੈ । ਮੈਂ ਇੱਥੇ ਇਸ ਘਰ ਵਿੱਚ ਕੈਦੀਆਂ ਵਾਂਗ ਰਹਿੰਦੀ ਹਾਂ । ਪਹਿਲੇ ਹੀ ਦਿਨ ਤੋਂ ਮੇਰੇ ਨਾਲ ਰੋਕਾ ਟੋਕੀ ਸ਼ੁਰੂ ਸੀ । ਫਿਰ ਅਚਾਨਕ ਇਸ ਦੇ ਨਸ਼ੇ ਕਰਨ ਬਾਰੇ ਵੀ ਪਤਾ ਲੱਗਾ ਤੇ ਹੁਣ ਜੋ ਸਭ ਜੋ ਤੂੰ ਦੱਸਿਆ । ਮੈਂ ਤਾਂ ਜਿਉਂਦਿਆਂ ਜਿਉਂ ਹੀ ਖ਼ਤਮ ਹੋ ਗਈ ਹਾਂ । ਗਗਨ ਕਿੱਧਰੇ ਜਾਵਾਂਗੀ ਮੈਂ। ਹੁਣ ਤਾਂ ਮੈਂ ਵੀ ਪੇਟ ਤੋਂ ਹਾ । ਮੈਂ ਬਹੁਤ ਬੁਰੀ ਤਰ੍ਹਾਂ ਆਪਣੀ ਜ਼ਿੰਦਗੀ ਵਿੱਚ ਫਸ ਗਈ ਹਾਂ। ਮਾਪਿਆਂ ਨੂੰ ਇਹ ਸਭ ਦੱਸ ਕੇ ਮੈਂ ਉਨ੍ਹਾਂ ਨੂੰ ਦੁੱਖ ਨਹੀਂ ਸੀ ਦੇਣਾ ਚਾਹੁੰਦੀ । ਆਖਿਰ ਉਸ ਵਕ਼ਤ ਮੈਨੂੰ ਹੀ ਬਹੁਤੀ ਕਾਹਲੀ ਪਈ ਹੋਈ ਸੀ । ਮੈਂ ਕੈਨੇਡਾ ਜਾਣਾ । ਨਾ ਮੁੰਡੇ ਬਾਰੇ ਕੁਝ ਖਾਸ ਪਤਾ ਕੀਤਾ ਨਾ ਹੋਰ। ਬੱਸ ਕੈਨੇਡਾ ਦੇ ਚਾਅ ਵਿੱਚ ਅੰਨ੍ਹੀ ਹੋ ਗਈ ਤੇ ਆਪਣੀ ਜ਼ਿੰਦਗੀ ਨੂੰ ਹਨੇਰਾ ਬਣਾ ਲਿਆ ।”

“ਤੂੰ ਫਿਕਰ ਨਾ ਕਰ …! ਰਮਨ ਮੈਂ ਤੇਰੇ ਨਾਲ ਹਾਂ । ਮੈਂ ਤੈਨੂੰ ਇੰਜ ਰੁਲਣ ਨਹੀਂ ਦੇਵਾਂਗੇ । ਅਸੀਂ ਜ਼ਰੂਰ ਕੁਝ ਨਾ ਕੁਝ ਕਰਾਂਗੇ । ਬੱਸ ਹਿੰਮਤ ਰੱਖ ਅਤੇ ਆਪਣਾ ਧਿਆਨ ਵੀ। ਇਸ ਵਕਤ ਤੇਰੇ ਹੋਣ ਵਾਲੇ ਬੱਚੇ ਨੂੰ ਆਪਣੀ ਮਾਂ ਦੀ ਬਹੁਤ ਜਰੂਰਤ ਹੈ । ਤੂੰ ਘਬਰਾ ਨਾ ਮੈਂ ਕਰਦੀ ਹਾਂ ਇਨ੍ਹਾਂ ਨਾਲ਼ ਗੱਲ ਕੋਈ ਤੇ ਚੰਗਾ ਹੱਲ ਹੋਵੇਗਾ । ਇਹ ਕਹਿ ਕੇ ਸੋਨੂੰ ਤੇ ਗਗਨ ਚਲੇ ਗਏ । ਘਰ ਆ ਕੇ ਗਗਨ ਨੇ ਜੱਸ ਬਾਰੇ ਸਾਰੀ ਗੱਲ ਸੋਨੂੰ ਨੂੰ ਦੱਸੀਂ । ਸੋਨੂੰ ਸਮਝਦਾਰ ਮੁੰਡਾ ਸੀ । ਉਸ ਨੇ ਸਲਾਹ ਦਿੱਤੀ ਕਿ ਪਹਿਲਾਂ ਤਾਂ ਸਾਨੂੰ ਜਸ ਨਾਲ ਗੱਲ ਕਰਨੀ ਚਾਹੀਦੀ ਹੈ । ਜੇਕਰ ਉਹ ਨਹੀਂ ਸਮਝਦਾ ਤਾਂ ਫਿਰ ਡਿਵੋਰਸ ਹੀ ਇੱਕ ਮਾਤਰ ਜ਼ਰੀਆ ਹੈ ਅਜਿਹੇ ਬੰਦੇ ਤੋਂ ਛੁਟਕਾਰਾ ਪਾਉਣ ਲਈ । ਵਰਨਾ ਰਮਨ ਅਤੇ ਉਸ ਦੇ ਬੱਚੇ ਦੀ ਸਾਰੀ ਜਿੰਦਗੀ ਖਰਾਬ ਹੋ ਜਾਵੇਗੀ । ਸੋਨੂੰ ਨੇ ਇੱਕ ਦਿਨ ਜੱਸ ਦੇ ਆਫਿਸ ਜਾਂ ਸਾਰੀ ਗੱਲ ਕਰ ਲਈ। ਪਰ ਜਸ ਨੇ ਉਸਨੂੰ ਉਸ ਬੇਇਜ਼ਤ ਕਰ ਆਪਣੇ ਘਰ ਦਾ ਮਾਮਲਾ ਆਖ ਦਿੱਤਾ ਤੇ ਉਥੋਂ ਕੱਢ ਦਿੱਤਾ । ਉਸ ਨੇ ਰਮਨ ਨੂੰ ਹੁਣ ਹੋਰ ਵੀ ਤੰਗ ਕਰਨਾ ਸ਼ੁਰੂ ਕਰ ਦਿੱਤਾ। ਰਮਨ ਡਿਪਰੈਸ਼ਨ ਦਾ ਸ਼ਿਕਾਰ ਹੋ ਗਈ ।

ਪਰ ਗਗਨ ਚੁੱਪ ਕਰਕੇ ਬੈਠਣ ਵਾਲਿਆਂ ਚੋਂ ਨਹੀਂ ਸੀ । ਇੱਕ ਦਿਨ ਉਹ ਵੂਮੈਨ ਹੈਲਪ ਵਾਲਿਆਂ ਨੂੰ ਲੈ ਕੇ ਰਮਨ ਦੇ ਘਰ ਜਾ ਵੜੀ। ਰਮਨ ਨੇ ਆਪਣੀ ਸਾਰੀ ਗੱਲ ਉਨ੍ਹਾਂ ਨੂੰ ਦੱਸ ਦਿੱਤੀ। ਵੋਮੈਨ ਹੈਲਪ ਵਾਲਿਆਂ ਦੀ ਮਦਦ ਨਾਲ ਉਨ੍ਹਾਂ ਨੇ ਜਸ ਤੋਂ ਡਿਵੋਰਸ ਲੈ ਲਿਆ ਅਤੇ ਉਸ ਨੂੰ ਉਸ ਦੀ ਅੱਧੀ ਪ੍ਰਾਪਰਟੀ ਵੀ ਮਿਲੀ। ਫਿਰ ਉਸ ਦਾ ਹੋਰ ਜਗ੍ਹਾ ਰਹਿਣ ਦਾ ਪ੍ਰਬੰਧ ਕੀਤਾ ਗਿਆ । ਹੁਣ ਰਮਨ ਦੀ ਸਿਹਤ ਵਿੱਚ ਵੀ ਸੁਧਾਰ ਹੋਣ ਲੱਗ ਪਿਆ ਸੀ । ਉਸ ਨੇ ਸੋਹਣੇ ਤੇ ਸਿਹਤਮੰਦ ਬੱਚੇ ਨੂੰ ਜਨਮ ਦਿੱਤਾ । ਕੁਝ ਸਮਾਂ ਇੰਝ ਹੀ ਬੀਤਿਆ। ਫਿਰ ਗਗਨ ਨੇ ਆਪਣੇ ਦਿਓਰ ਦੇ ਰਿਸ਼ਤੇ ਲਈ ਰਮਨ ਨੂੰ ਆਖਿਆ। ਉਸ ਨੇ ਕਿਹਾ ਕਿ ਬੇਸ਼ਕ ਤੇਰੇ ਕੋਲ ਇਕ ਬੱਚਾ ਹੈ ਤੇ ਤੂੰ ਪਹਿਲਾਂ ਵਿਆਹੀ ਹੋਈ ਸੀ । ਪਰ ਸਾਡੇ ਪਰਿਵਾਰ ਨੂੰ ਇਸ ਨਾਲ ਫ਼ਰਕ ਨਹੀਂ ਪੈਂਦਾ । ਅਸੀਂ ਇਸ ਬੱਚੇ ਨੂੰ ਪਿਤਾ ਦਾ ਪਿਆਰ ਵੀ ਦੇਣਾ ਚਾਹੁੰਦੇ ਹਾਂ ।

ਰਮਨ ਰਿਸ਼ਤੇ ਲਈ ਮੰਨ ਗਈ ਤੇ ਸੋਨੂੰ ਦੇ ਛੋਟੇ ਭਰਾ ਮਨਜੀਤ ਨਾਲ ਉਸਦਾ ਧੁਮਧਾਮ ਨਾਲ ਵਿਆਹ ਹੋਇਆ ।ਦੋਨੋਂ ਖੁਸ਼ੀ ਖੁਸ਼ੀ ਆਪਣੀ ਜ਼ਿੰਦਗੀ ਜੀਵਨ ਲੱਗੇ । ਬੇਸ਼ੱਕ ਦੋਨੋਂ ਪੰਜਾਬ ਵਿੱਚ ਹੀ ਰਹਿ ਰਹੇ ਸਨ ਅਤੇ ਘਰ ਬਾਰ ਵੀ ਉਨ੍ਹਾਂ ਅਮੀਰ ਨਹੀਂ ਸੀ । ਪਰ ਹੁਣ ਰਮਨ ਕੋਲ ਦਿਲ ਦਾ ਸਕੂਨ ਸੀ, ਖੁਸ਼ੀਆਂ ਸੀ ਅਤੇ ਉਹ ਆਪਣੇ ਪਰਿਵਾਰ ਨਾਲ ਬਹੁਤ ਸੋਹਣੀ ਜ਼ਿੰਦਗੀ ਜੀਅ ਰਹੀ ਸੀ । ਗਗਨ ਤੇ ਸੋਨੂੰ ਵੀ ਸਾਲ ਕੋ ਬਾਦ ਪੰਜਾਬ ਆ ਸਭ ਨੂੰ ਮਿਲ ਗਿਲ ਜਾਂਦੇ ਸਨ । ਦੋਨੋਂ ਸਹੇਲੀਆਂ ਹੁਣ ਇੱਕੋ ਘਰ ਹੀ ਵਿਆਹੀਆਂ ਗਈਆਂ ਅਤੇ ਬਹੁਤ ਖੁਸ਼ ਸਨ।

ਕਿਰਨਪ੍ਰੀਤ ਕੌਰ 

Related posts

ਚੀਨ ਨਾਲ ਲੜਨ ਲਈ ਟਰੰਪ ਨੇ ਕੀਤਾ ਸੁਪਰ-ਡੁਪਰ ਮਿਸਾਇਲ ਦਾ ਦਾਅਵਾ!

On Punjab

ਜਹਾਜ਼ ‘ਚ ਬੈਠਾ ਸ਼ਖਸ ਖੋਲ੍ਹਣ ਲੱਗਾ ਸੀ ਐਮਰਜੈਂਸੀ ਗੇਟ, ਯਾਤਰੀਆਂ ਨੂੰ 40 ਮਿੰਟ ਤੱਕ ਕਰਨਾ ਪਿਆ ਇਹ ਕੰਮ

On Punjab

ਚੀਨ ਨੇ ਦਿੱਤੀ ਚੇਤਾਵਨੀ- ਭਾਰਤ ਨਾ ਬਣੇ ਅਮਰੀਕਾ ਨਾਲ ਜਾਰੀ ਕੋਲਡ ਵਾਰ ਦਾ ਹਿੱਸਾ

On Punjab