55.4 F
New York, US
October 8, 2024
PreetNama
ਸਮਾਜ/Social

ਕਿਵੇਂ ਬਣਿਆ ‘ਖਿਦਰਾਣੇ’ ਤੋਂ ‘ਮੁਕਤਸਰ’, ਜਾਣੋ ‘ਮੁਕਤਸਰ ਦੀ ਮਾਘੀ’ ਦਾ ਇਤਿਹਾਸ

ਚੰਡੀਗੜ੍ਹ: ਅੱਜ ਮਾਘੀ ਦਾ ਪੁਰਬ ਹੈ। ਇਸ ਤਿਉਹਾਰ ਦਾ ਮੁਕਤਸਰ ਨਾਲ ਗੂੜ੍ਹਾ ਸਬੰਧ ਹੈ। ਇਤਿਹਾਸ ਮੁਤਾਬਕ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਛੱਡਿਆ ਤਾਂ ਇਸ ਮਗਰੋਂ ਉਹ ਚਮਕੌਰ ਸਾਹਿਬ ਤੋਂ ਮਾਛੀਵਾੜੇ, ਆਲਮਗੀਰ, ਦੀਨਾ ਤੇ ਕਾਂਗੜ ਤੋਂ ਹੁੰਦੇ ਹੋਏ ਕੋਟਕਪੂਰਾ ਪੁੱਜੇ। ਮੁਗ਼ਲ ਫੌਜ ਵੀ ਗੁਰੂ ਜੀ ਦਾ ਪਿੱਛਾ ਕਰ ਰਹੀ ਸੀ। ਇੱਥੋਂ ਗੁਰੂ ਜੀ ਖਿਦਰਾਣੇ ਦੀ ਢਾਬ ਪੁੱਜੇ।

ਦੂਸਰੇ ਪਾਸੇ ਮਾਈ ਭਾਗ ਕੌਰ ਦੀ ਅਗਵਾਈ ਹੇਠ 40 ਸਿੰਘਾਂ ਦਾ ਜਥਾ ਗੁਰੂ ਗੋਬਿੰਦ ਸਿੰਘ ਜੀ ਦੀ ਭਾਲ ਵਿੱਚ ਖਿਦਰਾਣੇ ਦੀ ਢਾਬ ਪੁੱਜਾ। ਇਹ ਉਹ 40 ਸਿੰਘ ਸਨ ਜੋ ਸ੍ਰੀ ਅਨੰਦਪੁਰ ਸਾਹਿਬ ਵਿਖੇ ਗੁਰੂ ਜੀ ਨੂੰ ਬੇਦਾਵਾ ਲਿਖ ਕੇ ਦੇ ਗਏ ਸੀ। ਉਨ੍ਹਾਂ ਨੂੰ ਖ਼ਬਰ ਮਿਲੀ ਸੀ ਕਿ ਰਾਮੋਆਣੇ ਵੱਲੋਂ ਮੁਗਲ ਫੌਜ ਗੁਰੂ ਜੀ ’ਤੇ ਹਮਲਾ ਕਰਨ ਲਈ ਆ ਰਹੀ ਹੈ। ਗੁਰੂ ਜੀ ਨੇ ਟਿੱਬੇ ’ਤੇ ਆਪਣਾ ਦਰਬਾਰ ਲਾਇਆ ਹੋਇਆ ਸੀ।

ਯੁੱਧ ਅੰਮ੍ਰਿਤ ਵੇਲੇ ਸ਼ੁਰੂ ਹੋਇਆ। 40 ਸਿੰਘਾਂ ਨੇ ਰਣਨੀਤੀ ਅਪਣਾਈ ਕਿ ਇੱਕ-ਇੱਕ ਸਿੰਘ ਹੀ ਮੁਗਲਾਂ ਨਾਲ ਟਾਕਰੇ ਲਈ ਅੱਗੇ ਜਾਏਗਾ ਤੇ ਉਸ ਦੇ ਪਿੱਛੇ ਪੰਜ ਹੋਰ, ਉਸ ਦੀ ਸਹਾਇਤਾ ਲਈ ਨਿਕਲਣਗੇ। ਗੁਰੂ ਜੀ ਸਾਰਾ ਯੁੱਧ ਦੇਖ ਰਹੇ ਸਨ। ਗੁਰੂ ਜੀ ਤੀਰਾਂ ਦੀ ਵਾਛੜ ਕਰਦੇ ਤਾਂ ਕਿ ਦੁਸ਼ਮਣਾਂ ਨੂੰ ਭਾਜੜ ਪਈ ਰਹੇ। ਸਿੱਖਾਂ ਦੇ ਪਾਣੀ ’ਤੇ ਕਬਜ਼ਾ ਹੋਣ ਕਰਕੇ ਦੁਸ਼ਮਣਾ ਦਾ ਟਿਕਾਣਾ ਅਸੰਭਵ ਸੀ। 40 ਸਿੰਘਾਂ ਵਿੱਚੋਂ ਇੱਕ ਜਦੋਂ ਰਾਇ ਸਿੰਘ ਦੇ ਸਮੂਹ ਸਿੰਘ ਸ਼ਹੀਦ ਹੋ ਗਏ ਤਾਂ ਗੁਰੂ ਜੀ ਨੇ ਆਪਣੇ ਜਥੇ ਦੇ ਸਿੰਘ ਅੱਗੇ ਭੇਜੇ। ਗੁਰੂ ਜੀ ਟਿੱਬੇ ਵਾਲੀ ਥਾਂ ਤੋਂ ਹੇਠਾਂ ਆ ਗਏ। ਸਿੰਘਾਂ ਦੇ ਵਾਰ ਤੇ ਤ੍ਰੇਹ ਦੀ ਮਾਰ ਕਾਰਨ ਦੁਸ਼ਮਣ ਫੌਜਾਂ ਭੱਜ ਉੱਠੀਆਂ ਤੇ ਖ਼ਾਲਸੇ ਨੂੰ ਜਿੱਤ ਹਾਸਲ ਹੋਈ।

ਗੁਰੂ ਜੀ ਸਿੰਘਾਂ ਸਮੇਤ ਯੁੱਧ ਵਾਲੀ ਥਾਂ ਪਹੁੰਚੇ। ਉਨ੍ਹਾਂ ਦੇਖਿਆ ਕਿ ਬੇਦਾਵਾ ਲਿਖ ਕੇ ਦੇਣ ਵਾਲੇ ਸਾਰੇ 40 ਸਿੰਘ ਵੀ ਸ਼ਹਾਦਤ ਪ੍ਰਾਪਤ ਕਰ ਚੁੱਕੇ ਹਨ। ਗੁਰੂ ਜੀ ਹਰ ਸਿੱਖ ਕੋਲ ਜਾਂਦੇ, ਮੂੰਹ ਸਾਫ ਕਰਦੇ ਤੇ ਸੀਸ ਆਪਣੀ ਗੋਦੀ ਵਿੱਚ ਰੱਖ ਕੇ ਪਿਆਰ ਕਰਦੇ। ਉਹ ਕਹਿੰਦੇ ਕਿ ਇਹ ਮੇਰਾ ਸਿੱਖ ਪੰਜ ਹਜ਼ਾਰੀ ਹੈ, ਇਹ ਦਸ ਹਜ਼ਾਰੀ ਤੇ ਇਹ ਤੀਹ ਹਜ਼ਾਰੀ। ਜਿਤਨੇ ਕਦਮ ਮੋਰਚੇ ਤੋਂ ਅੱਗੇ ਵੱਧ ਕੇ ਸ਼ਹੀਦੀ ਪਾਈ ਉਤਨਾ ਹੀ ਮਨਸਬ ਬਖ਼ਸ਼ਦੇ।

ਅਖ਼ੀਰ ਗੁਰੂ ਸਾਹਿਬ ਭਾਈ ਰਾਇ ਸਿੰਘ ਦੇ ਪੁੱਤਰ ਭਾਈ ਮਹਾਂ ਸਿੰਘ ਪਾਸ ਪਹੁੰਚੇ। ਭਾਈ ਮਹਾਂ ਸਿੰਘ ਦਾ ਮੁੱਖ ਸਾਫ਼ ਕਰਕੇ ਸੀਸ ਗੋਦ ਵਿੱਚ ਰੱਖਿਆ ਤੇ ਮੂੰਹ ਵਿੱਚ ਪਾਣੀ ਪਾ ਕੇ ਛਾਤੀ ਨਾਲ ਲਾਇਆ। ਗੁਰੂ ਜੀ ਕਹਿਣ ਲੱਗੇ ਕਿ ਭਾਈ ਮਹਾਂ ਸਿੰਘ ਨੇ ਸਿੱਖੀ ਦੀ ਲਾਜ ਰੱਖੀ ਹੈ ਤੇ ਆਪਣੀ ਸ਼ਹਾਦਤ ਦੇ ਕੇ ਦੁਸ਼ਮਣਾਂ ਦੇ ਦੰਦ ਖੱਟੇ ਕੀਤੇ। ਉਨ੍ਹਾਂ ਭਾਈ ਮਹਾਂ ਸਿੰਘ ਨੂੰ ਮੰਗ ਮੰਗਣ ਲਈ ਕਿਹਾ। ਮਹਾਂ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਕੋਈ ਮੰਗ ਨਹੀਂ ਪਰ ਇਹ ਕਿਹਾ ਕਿ ਜੇ ਗੁਰੂ ਜੀ ਨਾਰਾਜ਼ ਹਨ ਤਾਂ ਉਹ ਕਾਗਜ਼ ਦਾ ਟੁਕੜਾ (ਬੇਦਾਵਾ) ਪਾੜ ਦੇਣ। ਗੁਰੂ ਜੀ ਨੇ ਉਹ ਕਾਗਜ਼ ਦਾ ਟੁਕੜਾ ਆਪਣੀ ਜ਼ੇਬ੍ਹ ਵਿੱਚੋਂ ਕੱਢਿਆਂ ਤੇ ਪਾੜ ਦਿਤਾ।

ਇਸ ਤੋਂ ਬਾਅਦ ਭਾਈ ਮਹਾਂ ਸਿੰਘ ਨੇ ਪ੍ਰਾਣ ਤਿਆਗ ਦਿੱਤੇ। ਗੁਰੂ ਜੀ ਨੇ ਇਨ੍ਹਾਂ 40 ਸਿੰਘਾਂ ਦਾ ਆਪਣੇ ਹੱਥੀ ਸਸਕਾਰ ਕੀਤਾ ਤੇ ਉਨ੍ਹਾਂ ਸਾਰਿਆਂ ਨੂੰ ਮੁਕਤਿਆਂ ਦੀ ਉਪਾਧੀ ਬਖਸ਼ਿਸ਼ ਕੀਤੀ। ਉਨ੍ਹਾਂ ਉਸ ਪਾਵਨ ਧਰਤੀ ਨੂੰ ਵੀ ਮੁਕਤੀ ਦਾ ਵਰ ਬਖ਼ਸ਼ਿਆ। ਇਸ ਤਰ੍ਹਾਂ ਗੁਰੂ ਸਾਹਿਬ ਨੇ ਇਨ੍ਹਾਂ ਅਮਰ ਸ਼ਹੀਦਾਂ ਦੀ ਅਦੁੱਤੀ ਕੁਰਬਾਨੀ ਸਦਕਾ ਇਸ ਥਾਂ ਨੂੰ ‘ਖਿਦਰਾਣੇ’ ਤੋਂ ‘ਮੁਕਤਸਰ’ ਦਾ ਖਿਤਾਬ ਬਖ਼ਸ਼ਿਆ।

Related posts

ਪੰਜਾਬ ਦੀ ਗੁਆਚੀ ਰੂਹ ਦੀ ਭਾਲ ‘ਚ ਨਿਕਲਿਆ ਪਿੰਡ ਹਰੀਕੇ ਕਲਾਂ ਦੀ ਧਰਤੀ ਦਾ ਕਾਫਲਾ

Pritpal Kaur

Benefits of Lassi: ਗਰਮੀਆਂ ‘ਚ ਮਹਿੰਗੇ ਕੋਲਡ ਡ੍ਰਿੰਕ ਦੀ ਥਾਂ ਪੀਓ ਠੰਢੀ ਲੱਸੀ, ਬੇਹੱਦ ਪੌਸਟਿਕ ਤੱਤਾਂ ਨਾਲ ਭਰਪੂਰ

On Punjab

Dirty game of drugs and sex in Pakistani university! 5500 obscene videos of female students leaked

On Punjab