PreetNama
ਸਮਾਜ/Social

ਕਾਲਮ ਨਵੀਸ ਦਾ ਸੰਘਰਸ਼

ਪਰਮਜੀਤ ਕੌਰ ਦਾ ਜਨਮ ਪਿੰਡ ਚੱਕ ਸੈਦੋ ਕਾ ਵਿਖੇ ਪਿਤਾ ਬਲਵਿੰਦਰ ਸਿੰਘ ਅਤੇ ਮਾਤਾ ਸ੍ਰੀਮਤੀ ਜਸਵਿੰਦਰ ਕੌਰ ਦੇ ਘਰ ਹੋਇਆ। ਬਾਰਡਰ ਇਲਾਕਾ ਹੋਣ ਕਾਰਨ ਪਰਿਵਾਰ ਨੇ ਜਿੱਥੇ ਭਾਰਤ ਪਾਕਿਸਤਾਨ ਦੀ ਜੰਗ ਦਾ ਸੰਤਾਪ ਝੱਲਿਆ ਉੱਥੇ ਬੰਜਰ ਜ਼ਮੀਨ ਕਾਰਨ ਕਿਸਾਨੀ ਦੀ ਪੀੜ੍ਹਾ ਵੀ ਸਹਿਣ ਕੀਤੀ। ਉਸ ਦੀ ਚਾਰਾਂ ਵਿੱਚੋਂ ਸਭ ਤੋਂ ਛੋਟੀ ਭੂਆ ਵਿਆਹ ਦੇ ਤਿੰਨ ਮਹੀਨੇ ਬਾਅਦ ਹੀ ਦਾਜ ਦੀ ਬਲੀ ਚੜ੍ਹ ਗਈ। ਜਿਸ ਦੀ ਲਾਸ਼ ਵੀ ਪਰਿਵਾਰ ਨੂੰ ਨਸੀਬ ਨਾ ਹੋ ਸਕੀ। ਇਸ ਘਟਨਾ ਨੇ ਜਿੱਥੇ ਪੂਰੇ ਪਰਿਵਾਰ ਨੂੰ ਝੰਜੋੜ ਕੇ ਰੱਖ ਦਿੱਤਾ ਸੀ ਉੱਥੇ ਉਸਦੇ ਬਾਲ ਮਨ ਤੇ ਇਸਦਾ ਡੂੰਘਾ ਪ੍ਰਭਾਵ ਪਿਆ।ਇਸ ਦੁੱਖ ਨਾਲ ਕੁਝ ਸਮੇਂ ਬਾਅਦ ਉਸਦੇ ਦਾਦਾ ਜੀ ਦੀ ਮੌਤ ਹੋ ਗਈ ਅਤੇ ਦਾਦੀ ਨੂੰ ਕੰਨਾਂ ਤੋਂ ਸੁਣਨਾ ਬੰਦ ਹੋ ਗਿਆ।ਮੁਸੀਬਤਾਂ ਅਤੇ ਦੁੱਖ ਏਥੇ ਹੀ ਖਤਮ ਨਾ ਹੋਏ ਉਸਦੇ ਪਿਤਾ ਜੀ ਵੀ ਡਿਪ੍ਰੈਸ਼ਨ ਵਿੱਚ ਰਹਿਣ ਲੱਗੇ।ਕੁਝ ਸਮਿਆਂ ਬਾਅਦ ਉਹਨਾਂ ਨੇ ਵੀ ਖੁਦਕੁਸ਼ੀ ਕਰ ਲਈ।ਉਸਦੀ ਮਾਤਾ ਨੇ ਪ੍ਰਾਈਵੇਟ ਹਸਪਤਾਲ ਵਿੱਚ ਨੌਕਰੀ ਕਰਕੇ ਥੋੜ੍ਹੀ ਜਿਹੀ ਤਨਖਾਹ ਤੇ ਘਰ ਦਾ ਗੁਜ਼ਾਰਾ ਚਲਾਇਆ ਅਤੇ ਦੋਹਾਂ ਭੈਣ-ਭਰਾਵਾਂ ਨੂੰ ਪੜ੍ਹਾਇਆ ।ਭਾਵੇਂ ਉਸ ਸਮੇਂ ਉਸਦਾ ਨਾਨਕਾ ਅਤੇ ਦਾਦਕਾ ਪਰਿਵਾਰ ਕੁੜੀਆਂ ਨੂੰ ਪੜ੍ਹਾਉਣ ਦੇ ਹੱਕ ਵਿੱਚ ਨਹੀਂ ਸਨ ਪਰ ਅਗਾਂਹਵਧੂ ਸੋਚ ਵਾਲੇ ਮਾਪਿਆਂ ਨੇ  ਔਖੇ ਸੌਖੇ ਮੈਟ੍ਰਿਕ ਕਰਵਾਉਣ ਉਪਰੰਤ ਮਹਿਜ਼ 16 ਕੁ ਸਾਲ ਦੀ ਉਮਰ ਵਿੱਚ ਵਿਆਹ ਕਰ ਦਿੱਤਾ। ਸਹੁਰਾ ਪਰਿਵਾਰ ਜੋ ਕਿ 1947 ਦੇ ਉਜਾੜੇ ਵੇਲੇ ਪਾਕਿਸਤਾਨ ਤੋਂ ਇੱਧਰ ਆ ਕੇ ਵੱਸਿਆ ਸੀ ,ਉਹ ਵੀ ਅਜੇ ਡ੍ਹਾਢੇ ਸੰਘਰਸ਼ ਵਿੱਚੋਂ ਗੁਜ਼ਰ ਰਿਹਾ ਸੀ।ਪੜ੍ਹਾਈ ਦੇ ਹਾਲਾਤ ਨਾ ਤਾਂ ਵਿਆਹ ਤੋਂ ਪਹਿਲਾਂ ਹੀ ਅਨੁਕੂਲ਼ ਸਨ ਅਤੇ ਨਾ ਹੀ ਬਾਅਦ ਵਿੱਚ।ਪਰ ਕਰਮਸ਼ੀਲ ਪਰਿਵਾਰ ਵਿੱਚ ਜੰਮੀ-ਪਲੀ ਹੋਣ ਕਰਕੇ ਅਤੇ ਆਪਣੇ ਮਿਹਨਤੀ ਸੁਭਾਅ ਕਾਰਨ ਨਾਂ-ਮਾਤਰ ਤਨਖਾਹ ਤੇ ਪ੍ਰਾਈਵੇਟ ਨੌਕਰੀ ਕਰਦਿਆਂ,ਰਾਤਾਂ ਦੀ ਨੀਂਦ ਅੱਖਾਂ ਵਿੱਚ ਹੰਢਾਉਂਦਿਆਂ ਤੇ ਆਪਣੇ ਪਰਿਵਾਰਕ ਫਰਜ਼ ਨਾਲੋ-ਨਾਲ ਪੂਰੇ ਕਰਦਿਆਂ ਚਾਰ ਐਮ.ਏ-ਪੰਜਾਬੀ,ਹਿੰਦੀ,ਅੰਗਰੇਜ਼ੀ,ਐਜ਼ੂਕੇਸ਼ਨ,ਬੀ.ਲਿਬ.ਸਾਇੰਸ,ਬੀ.ਐੱਡ,ਐਮ.ਐਡ,ਯੂ.ਜੀ.ਸੀ(ਨੈੱਟ)ਅਤੇ ਗਿਆਨੀ ਦੀ ਪ੍ਰੀਖਿਆ ਪਾਸ ਕੀਤੀ।ਏਨਾ ਹੀ ਨਹੀਂ .ਏ.ਪੰਜਾਬੀ,ਹਿੰਦੀ,ਅੰਗਰੇਜ਼ੀ ਲਿਟਰੇਚਰ ਵਾਧੂ ਵਿਸ਼ੇ ਨਾਲ ਪਾਸ ਕੀਤੀ।ਮੈਰਿਟ ਦੇ ਅਧਾਰ ਤੇ ਨੌਕਰੀ ਪ੍ਰਾਪਤ ਕਰ ਕੇ ਅੱਜ-ਕੱਲ੍ਹ ਸਰਕਾਰੀ ਅਧਿਆਪਕਾ ਦੇ ਤੌਰ ਤੇ ਕੰਮ ਕਰ ਰਹੀ ਹੈ।।ਉਸਦਾ ਕਹਿਣਾ ਹੈ ਕਿ ਅੱਜ ਅਖਬਾਰਾਂ ਵਿੱਚ ਉਸਦੀਆਂ ਲਿਖਤਾਂ ਅਤੇ ਉਸ ਬਾਰੇ ਪੜ੍ਹ ਕੇ ਉਹੀ ਪਰਿਵਾਰ ਅਤੇ ਰਿਸ਼ਤੇਦਾਰ ਮਾਣ ਕਰਦੇ ਹਨ ਅਤੇ ਹੌਂਸਲਾ ਅਫਜ਼ਾਈ ਕਰਦੇ ਹਨ ਜੋ ਕੁੜੀ ਨੂੰ ਪੜ੍ਹਾਉਣਾ ਚੰਗਾ ਨਹੀਂ ਸੀ ਸਮਝਦੇ।
————
ਅਧਿਆਪਕਾ ਦੇ ਤੌਰ ਤੇ
————
ਜਿਹੜੇ ਵੀ ਸਕੂਲ ਅਤੇ ਕਾਲਜ ਵਿੱਚ ਪੜ੍ਹਾਉਣ ਦਾ ਮੌਕਾ ਮਿਲਿਆ ਉੱਥੇ ਵਿਦਿਆਰਥੀਆਂ ਨੂੰ ਸਖਤ ਮਿਹਨਤ ਨਾਲ ਅਤੇ ਸੱਚੇ ਦਿਲ ਤੋਂ ਪੜ੍ਹਾਇਆ।ਇਸੇ ਕਾਰਨ ਅੱਜ ਵੀ ਵਿਦਿਆਰਥੀ ਹਰ ਥਾਂ ਮਾਣ ਸਤਿਕਾਰ ਦਿੰਦੇ ਹਨ।ਪਿੰਡ ਦੁਆਰੇਆਣਾ ਵਿਖੇ ਮਹਿਜ਼ ਤਿੰਨ ਕੁ ਸਾਲ ਸਕੂਲ ਮੁਖੀ ਦੇ ਤੌਰ ਤੇ ਅਹੁਦਾ ਸੰਭਾਲਿਆ।ਅਧਿਆਪਕਾ ਦੇ ਤੌਰ ਤੇ ਉਸ ਦੇ ਕੰੰਮਾਂ ਦਾ ਸਬੂਤ ਉਸ ਸਮੇਂ ਸਾਹਮਣੇ ਆਇਆ ਜਦੋਂ ਉਹ ਆਪਣੀ ਇੱਛਾ ਨਾਲ ਲਾਗਲੇ ਪਿੰਡ ਬਦਲੀ ਕਰਵਾ ਕੇ ਚਲੀ ਤਾਂ ਪਿੰਡ ਵਾਸੀਆਂ ਨੇ ਉਸਨੂੰ ਵਾਪਸ ਲਿਆਉਣ ਲਈ ਦਿਨ ਰਾਤ ਇੱਕ ਕਰ ਦਿੱਤਾ।ਨੰਨ੍ਹੇ-ਮੁੰਨੇ ਬੱਚੇ ਅਤੇ ਉਹਨਾਂ ਦੇ ਮਾਪੇ ਵੀ ਭਾਵੁਕ ਹੁੰਦੇ ਦੇਖੇ ਗਏ।ਵਾਪਸੀ ਤੇ ਉਹਨਾਂ ਪਰਮਜੀਤ ਦਾ ਸੁਆਗਤ ਭਰਵੇਂ ਇਕੱਠ ਨਾਲ ਹਾਰ ਪਾ ਕੇ ਕੀਤਾ।ਸਮੇਂ-ਸਮੇਂ ਤੇ ਜ਼ਿਲ੍ਹਾ ਅਧਿਕਾਰੀ ਵੀ ਉਸਦੇ ਕੰਮਾਂ ਦੀ ਸ਼ਲਾਘਾ ਕਰਦੇ ਰਹੇ ਹਨ।
—————
ਇੱਕ ਲੇਖਕਾ ਦੇ ਤੌਰ ਤੇ
—————-
ਪਰਮਜੀਤ ਕੌਰ ਦੱਸਦੀ ਹੈ ਕਿ ਉਸਦੇ ਸੰਘਰਸ਼ ਅਤੇ ਮਿਹਨਤ ਨੂੰ ਦੇਖਦਿਆਂ ਕੁਝ ਅਖਬਾਰਾਂ ਨੇ ਉਸਦੇ ਜੀਵਨ ਬਾਰੇ ਲਿਖਿਆ।ਜਿਵੇਂ ‘ਇਲਾਕੇ ਦਾ ਮਾਣ’ ਤੇ ‘ਪੜ੍ਹਾਈ ਤੋਂ ਵਾਂਝੀਆਂ ਕੁੜੀਆਂ ਲਈ ਚਾਨਣ ਮੁਨਾਰਾ’ ‘(ਪੰਜਾਬੀ ਦੇ ਨਾਮਵਰ ਅਖਬਾਰ), ‘ਕੋਈ ਰੋੜਾ ਨਹੀਂ ਰਾਹ ਮੇਂ'(ਹਿੰਦੀ ਦੇ ਨਾਮਵਰ ਅਖਬਾਰ),’ਹਿੰਮਤ ਅੱਗੇ ਲੱਛਮੀ”(ਪੰਜਾਬੀ ਦੇ ਨਾਮਵਰ ਅਖਬਾਰ), ਅਤੇ ‘ਹਰਮਨ ਰੇਡੀਉ ਆਸਟਰੇਲੀਆ’ ਵੱਲੋਂ ਉਸ ਦੀ ਜ਼ਿੰਦਗੀ ਅਤੇ ਕਈ ਹੋਰ ਵਿਸ਼ਿਆਂ ਤੇ ਕੀਤੀ ਉਸਦੀ ਇੰਟਰਵਿਊ ਨੇ ਉਸਦਾ ਹੌਂਸਲਾ ਵਧਾਇਆ । 2010 ਤੋਂ ਉਸਨੇ ਆਪ ਕਲਮ ਚੁੱਕੀ । ਉਸ ਦੇ ਲਿਖੇ ਲੇਖ ਪੰਜਾਬੀ ਦੇ ਕਈ ਨਾਮਵਰ ਅਖਬਾਰਾਂ ਅਤੇ ਰਸਾਲਿਆਂ ਵਿੱਚ ਛਪ ਰਹੇ ਹਨ।ਪੰਜਾਬੀ ਬੋਲੀ,ਸਿੱਖਿਆ ਅਤੇ ਚਲੰਤ ਮਸਲਿਆਂ ਬਾਰੇ ਉਸਦੀ ਲਿਖੀ ਕਿਤਾਬ ‘ਸੋਚ ਧਾਰਾ’ ਵੀ ਛਪ ਚੁੱਕੀ ਹੈ।ਉਸ ਦੀ ਲਿਖਤ ਬਾਰੇ ਸ਼੍ਰੋਮਣੀ ਕਵੀ ਤੇ ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਧਾਨ ਪ੍ਰੋ. ਗੁਰਭਜਨ ਗਿੱਲ ਲਿਖਦੇ ਹਨ-“ਪਰਮਜੀਤ ਕੌਰ ਸਰਾਂ ਕਈ ਵਾਰ ਸਰਕਾਰੀ ਰੁਜ਼ਗਾਰ ਤੰਤਰ ਦੀ ਲਛਮਣ ਰੇਖਾ ਉਲੰਘ ਕੇ ਸੱਚ ਦਾ ਹੋਕਾ ਦੇ ਜਾਂਦੀ ਹੈ।ਉਹ ਸੁਘੜ ਸਵਾਣੀ ਵਾਂਗ ਸ਼ਬਦ ਸਲੀਕਾ ਜਾਣਦੀ ਹੈ।ਮੈੰ ਉਸਦੀ ਲਿਖਤ ਨੂੰ ਹਮੇਸ਼ਾਂ ਗਹੁ ਨਾਲ ਵਾਚਿਆ ਤੇ ਮਾਣਿਆ ਹੈ।”ਪ੍ਰਸਿੱਧ ਅਲੋਚਕ ਅਤੇ ਸ਼ਾਇਰ ਡਾ. ਦਵਿੰਦਰ ਸੈਫੀ ਲਿਖਦੇ ਹਨ-“ਉਹ ਖੁਦ ਸੰਘਰਸ਼ੀ ਰਾਹਾਂ ਵਿੱਚੋਂ ਗੁਜ਼ਰੀ ਹੋਣ ਕਰਕੇ ਹਰ ਜੀਵਨ ਚੁਣੌਤੀ ਨੂੰ ਨੇੜਿਉਂ ਤੱਕਣ ਦੀ ਸਮਰੱਥਾ ਰੱਖਦੀ ਹੈ।”ਚਲੰਤ ਮਸਲਿਆਂ ਦੇ ਲੇਖਕ ਅਤੇ ਕਈ ਭਾਸ਼ਾਵਾਂ ਦੇ ਮਾਹਰ ਡਾ. ਚਰਨਜੀਤ ਸਿੰਘ ਗੁਮਟਾਲਾ ਲਿਖਦੇ ਹਨ-“ਉਹ ਜਿਸ ਤਰ੍ਹਾਂ ਆਪਣੀ ਸੂਝ-ਬੂਝ ਦੀ ਵਰਤੋਂ ਕਰਦੀ ਹੈ ਤਾਂ ਉਸਦੀ ਸੋਚ ਦਾ ਪੰਛੀ ਲੰਮੀ ਉਡਾਰੀ ਭਰਦਾ ਹੋਇਆ ਕਈ ਵਾਰ ਚੰਨ ਤਾਰਿਆਂ ਤੋਂ ਵੀ ਅੱਗੇ ਲੰਘ ਜਾਂਦਾ ਹੈ।”ਨਿਡਰ,ਨਿਰਪੱਖ ਅਤੇ ਜ਼ਜ਼ਬਾਤੀ ਸੁਮੇਲਤਾ ਵਾਲੇ ਸੁਭਾਅ ਦੀ ਪਰਮਜੀਤ ਆਪਣੀ ਹਰ ਸਫਲਤਾ ਪਿੱਛੇ ਆਪਣੇ ਪਤੀ ਭੁਪਿੰਦਰ ਸਿੰਘ ਦਾ ਸਹਿਯੋਗ ਸਮਝਦੀ ਹੈ।

Related posts

1 ਅਪ੍ਰੈਲ ਤੋਂ ਬਦਲੇ ਜਾਣਗੇ ਇਹਨਾਂ ਬੈਂਕਾਂ ਦੇ ਨਾਮ, ਕੀ ਤੁਹਾਡਾ ਬੈਂਕ ਵੀ ਹੈ ਸ਼ਾਮਿਲ?

On Punjab

ਰੈਗਿੰਗ ਕਾਰਨ ਵਿਦਿਆਰਥੀ ਨੂੰ ਚਾਰ ਵਾਰ ਡਾਇਲੇਸਿਸ ਕਰਵਾਉਣਾ ਪਿਆ

On Punjab

Nepal flood: ਨੇਪਾਲ ’ਚ ਹੜ੍ਹ ਦਾ ਸੰਕਟ ਹੋਰ ਵਧਿਆ, ਹੁਣ ਤਕ 25 ਲਾਪਤਾ 11 ਦੀ ਮੌਤ, ਮਿ੍ਰਤਕਾਂ ’ਚ ਭਾਰਤੀ ਤੇ ਚੀਨੀ ਸ਼ਾਮਲ

On Punjab