82.51 F
New York, US
July 27, 2024
PreetNama
ਸਮਾਜ/Social

ਕਸ਼ਮੀਰੀ ਧੀਆਂ-ਭੈਣਾਂ ਵੱਲ ‘ਅੱਖ ਚੁੱਕਣ’ ਵਾਲਿਆਂ ਦੀ ਖ਼ੈਰ ਨਹੀਂ, ਅਕਾਲ ਤਖ਼ਤ ਸਾਹਿਬ ਤੋਂ ਫੁਰਮਾਨ ਜਾਰੀ

ਅੰਮ੍ਰਿਤਸਰ: ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਕਿਸੇ ਇਨਸਾਨ ਨਾਲ ਔਰਤ, ਜਾਤ-ਪਾਤ ਜਾਂ ਨਸਲੀ ਅਧਾਰ ‘ਤੇ ਵਿਤਕਰਾ ਕਰਕੇ ਕਿਸੇ ਵਰਗ ਨੂੰ ਮਾਨਸਿਕ ਪੀੜਾ ‘ਚ ਧੱਕਣ ਦਾ ਗੁਨਾਹ ਨਾ ਮੁਆਫ਼ੀ ਯੋਗ ਹੁੰਦਾ ਹੈ। ਕਸ਼ਮੀਰ ‘ਚ ਧਾਰਾ 370 ਖ਼ਤਮ ਕਰਨ ਤੋਂ ਬਾਅਦ ਪੈਦਾ ਹੋਏ ਨਾਜ਼ੁਕ ਹਲਾਤਾਂ ਵਿੱਚ ਸੋਸ਼ਲ ਮੀਡੀਆ ‘ਤੇ ਕਸ਼ਮੀਰ ਦੀਆਂ ਧੀਆਂ-ਭੈਣਾਂ ਦੀ ਇੱਜ਼ਤ-ਆਬਰੂ ਤੇ ਸਵੈਮਾਣ ਬਾਰੇ ਗਲਤ ਟਿੱਪਣੀਆਂ ਕੀਤੀਆਂ ਜਾ ਰਹੀਆਂ। ਇਨ੍ਹਾਂ ਲੋਕਾਂ ਵਿੱਚ ਕੁਝ ਸਿਆਸੀ ਆਗੂ ਤੇ ਧਾਰਮਿਕ ਪਹਿਰਾਵੇ ਵਾਲੇ ਲੋਕ ਵੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਕਰਕੇ ਸਮੁੱਚੇ ਔਰਤ ਜਗਤ ਦਾ ਅਪਮਾਨ ਕੀਤਾ ਜਾ ਰਿਹਾ ਹੈ। ਇਹ ਵੱਡਾ ਗੁਨਾਹ ਹੈ ਜੋ ਬਿਲਕੁਲ ਬਖਸ਼ਣਯੋਗ ਨਹੀਂ।

 

ਜਥੇਦਾਰ ਹਰਪ੍ਰੀਤ ਸਿੰਘ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਅਸੱਭਿਅਕ ਮਾਨਸਿਕਤਾ ਵਾਲੇ ਲੋਕਾਂ ਦੀ ਭੀੜ ਵੱਲੋਂ ਕਸ਼ਮੀਰ ਦੀਆਂ ਨੌਜਵਾਨ ਧੀਆਂ ਦੀਆਂ ਸੋਸ਼ਲ ਮੀਡੀਆ ‘ਤੇ ਫੋਟੋਆਂ ਪਾ ਕੇ ਉਨ੍ਹਾਂ ‘ਤੇ ਕੀਤੀਆਂ ਜਾ ਰਹੀਆਂ ਟਿੱਪਣੀਆਂ ਨੇ ਭਾਰਤ ਦਾ ਦੁਨੀਆਂ ਭਰ ਵਿੱਚ ਸਿਰ ਨੀਵਾਂ ਕੀਤਾ ਹੈ। ਉਨ੍ਹਾਂ ਕਿਹਾ ਕਿ ਕਸ਼ਮੀਰੀ ਧੀਆਂ ਦੀ ਆੜ ਵਿੱਚ ਸਮੁੱਚੇ ਔਰਤ ਵਰਗ ਬਾਰੇ ਪ੍ਰਗਟ ਹੋ ਰਹੀ ਇਸ ਮਾਨਸਿਕਤਾ ਨੂੰ ਹਲਕੇ ਵਿੱਚ ਨਹੀਂ ਲੈਣਾ ਚਾਹੀਦਾ ਕਿਉਂਕਿ ਇਹ ਇੱਕ ਭੀੜ ਵੱਲੋਂ ਸੋਚੀ ਸਮਝੀ ਸਾਜਿਸ਼ ਅਧੀਨ ਉਭਾਰਿਆ ਗਿਆ ਬੇਹੱਦ ਗੰਭੀਰ ਮਸਲਾ ਹੈ।

 

ਉਨ੍ਹਾਂ ਕਿਹਾ ਕਿ ਇਸ ਨੀਚ ਮਾਨਸਿਕਤਾ ਵਾਲੇ ਵਰਗ ਨੇ ਹੀ ਨਵੰਬਰ 1984 ਵਿੱਚ ਨਿਹੱਥੇ ਸਿੱਖਾਂ ਦੀ ਨਸਲਕੁਸ਼ੀ ਦੌਰਾਨ ਦਿੱਲੀ ਦੀ ਤਤਕਾਲੀ ਹਕੂਮਤ ਦੀ ਛਤਰ ਛਾਇਆ ਹੇਠ ਸਿੱਖ ਬੀਬੀਆਂ ਨਾਲ ਅਜਿਹਾ ਕੁਝ ਹੀ ਕੀਤਾ ਸੀ ਜੋ ਔਰਤਾਂ ਬਾਰੇ ਅੱਜ ਖੁੱਲ੍ਹਾਆਮ ਐਲਾਨ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਕਸ਼ਮੀਰ ਦੀਆਂ ਬਹੂ-ਬੇਟੀਆਂ ਸਾਡੇ ਸਮਾਜ ਦਾ ਅੰਗ ਹਨ। ਕਸ਼ਮੀਰੀ ਔਰਤਾਂ ਦੇ ਗੌਰਵ ਤੇ ਸਵੈਮਾਣ ਦੀ ਰੱਖਿਆ ਕਰਨਾ ਸਾਡਾ ਧਰਮ ਹੈ। ਅਸੀਂ ਆਪਣਾ ਧਰਮ ਨਿਭਾਉਣ ‘ਚ ਕਦੇ ਵੀ ਪਿੱਛੇ ਨਹੀਂ ਹਟਾਂਗੇ। ਉਨ੍ਹਾਂ ਕਿਹਾ ਕਿ ਸਿੱਖ ਕਦੇ ਵੀ ਮਾੜੇ ਅਨਸਰਾਂ ਨੂੰ ਕਸ਼ਮੀਰੀ ਔਰਤਾਂ ਵੱਲ ਅੱਖ ਚੁੱਕਣ ਨਹੀਂ ਦੇਵੇਗਾ, ਇਹੀ ਸਾਡਾ ਇਤਿਹਾਸ ਹੈ।

Related posts

ਬ੍ਰਿਟੇਨ ਦੇ PM ਨੇ ਕੀਤਾ ਵੱਡਾ ਖੁਲਾਸਾ, ਮ੍ਰਿਤਕ ਐਲਾਨਣ ਦੀ ਤਿਆਰੀ ‘ਚ ਸਨ ਡਾਕਟਰ

On Punjab

ਅਫ਼ਗਾਨਿਸਤਾਨ ਦੀ ਪੌਪ ਸਟਾਰ ਆਰੀਆਨਾ ਨੇ ਪਾਕਿਸਤਾਨ ‘ਤੇ ਲਗਾਇਆ ਤਾਲਿਬਾਨ ਦੀ ਫੰਡਿੰਗ ਦਾ ਦੋਸ਼, ਭਾਰਤ ਨੂੰ ਕਿਹਾ- ‘ਸ਼ੁਕਰੀਆ’

On Punjab

ਮੈਕਸੀਕੋ ’ਚ ਬੱਸ ਹਾਦਸਾ, ਛੇ ਭਾਰਤੀਆਂ ਸਣੇ 17 ਦੀ ਮੌਤ

On Punjab