ਨਵੀਂ ਦਿੱਲੀ, 15 ਜਨਵਰੀ- ਕਰਨਾਟਕ ‘ਚ ਐੱਚ. ਡੀ. ਕੁਮਾਰਸਵਾਮੀ ਸਰਕਾਰ ‘ਤੇ ਸੰਕਟ ਛਾ ਗਿਆ ਗਿਆ। ਦੋ ਆਜ਼ਾਦ ਵਿਧਾਇਕਾਂ ਨੇ ਸਰਕਾਰ ‘ਚੋਂ ਸਮਰਥਨ ਵਾਪਸ ਲੈ ਲਿਆ ਹੈ। ਦੋਹਾਂ ਵਿਧਾਇਕਾਂ ਨੇ ਸਮਰਥਨ ਵਾਪਸੀ ਦੀ ਚਿੱਠੀ ਰਾਜਪਾਲ ਨੂੰ ਸੌਂਪ ਦਿੱਤੀ ਹੈ। ਇਸ ਸੰਬੰਧੀ ਗੱਲਬਾਤ ਕਰਦਿਆਂ ਆਜ਼ਾਦ ਵਿਧਾਇਕ ਆਰ. ਸ਼ੰਕਰ ਨੇ ਕਿਹਾ ਕਿ ਅੱਜ ਮਕਰ ਸੰਕ੍ਰਾਂਤੀ ਹੈ। ਇਸ ਮੌਕੇ ‘ਤੇ ਉਹ ਸਰਕਾਰ ‘ਚ ਬਦਲਾਅ ਚਾਹੁੰਦੇ ਹਨ।
ਉਨ੍ਹਾਂ ਕਿਹਾ ਕਿ ਜੇ. ਡੀ. ਐੱਸ. ਅਤੇ ਕਾਂਗਰਸ ਸਰਕਾਰ ਅਸਫਲ ਰਹੀ ਹੈ, ਜਦੋਂਕਿ ਸਰਕਾਰ ਸਮਰੱਥ ਹੋਣੀ ਚਾਹੀਦੀ ਸੀ। ਇਸ ਲਈ ਉਹ ਕਰਨਾਟਕ ਸਰਕਾਰ ‘ਚੋਂ ਆਪਣਾ ਸਮਰਥਨ ਵਾਪਸ ਲੈਂਦੇ ਹਨ। ਇਸੇ ਤਰ੍ਹਾਂ ਦੂਜੇ ਆਜ਼ਾਦ ਵਿਧਾਇਕ ਐੱਚ. ਨਾਗੇਸ਼ ਨੇ ਕਿਹਾ ਕਿ ਉਨ੍ਹਾਂ ਨੇ ਬਿਹਤਰ ਅਤੇ ਸਥਾਈ ਸਰਕਾਰ ਲਈ ਇਸ ਗਠਜੋੜ ਨੂੰ ਸਮਰਥਨ ਦਿੱਤਾ ਸੀ ਪਰ ਅਜਿਹਾ ਨਹੀਂ ਹੋ ਸਕਿਆ। ਇਸੇ ਕਾਰਨ ਉਨ੍ਹਾਂ ਨੇ ਸਰਕਾਰ ਤੋਂ ਸਮਰਥਨ ਵਾਪਸ ਲੈ ਕੇ ਸਥਾਈ ਸਰਕਾਰ ਲਈ ਭਾਜਪਾ ‘ਚ ਜਾਣ ਦਾ ਫ਼ੈਸਲਾ ਕੀਤਾ ਹੈ।