ਨਵੀਂ ਦਿੱਲੀ: ਮੋਦੀ ਸਰਕਾਰ ਲਈ ਜੰਮੂ–ਕਸ਼ਮੀਰ ‘ਚ ਅਗਲਾ ਇੱਕ ਹਫਤਾ ਅਗਨ ਪ੍ਰੀਖਿਆ ਦਾ ਹੈ। ਕੱਲ੍ਹ ਯਾਨੀ ਸ਼ੁੱਕਰਵਾਰ ਨੂੰ ਜੁੰਮੇ ਦੀ ਨਮਾਜ਼ ਹੈ। ਸੂਬੇ ‘ਚ ਕੀਤੇ ਗਏ ਬਦਲਾਅ ਤੋਂ ਬਾਅਦ ਇਹ ਪਹਿਲਾ ਜੁੰਮਾ ਹੈ। ਇਸ ਤੋਂ ਬਾਅਦ 12 ਅਗਸਤ ਨੂੰ ਬਕਰੀਦ ਹੈ। 14 ਅਗਸਤ ਨੂੰ ਪਾਕਿਸਤਾਨ ਤੇ 15 ਅਗਸਤ ਨੂੰ ਭਾਰਤ ਆਜ਼ਾਦੀ ਦਿਹਾੜਾ ਮਨਾਵੇਗਾ। ਆਮ ਤੌਰ ‘ਤੇ ਪਾਕਿਸਤਾਨ ਦੇ ਆਜ਼ਾਦੀ ਦਿਹਾੜੇ ਮੌਕੇ ਘਾਟੀ ‘ਚ ਪ੍ਰਦਰਸ਼ਨ ਹੁੰਦੇ ਹਨ।
ਧਾਰਾ 370 ਦੇ ਹਟਣ ਤੋਂ ਬਾਅਦ ਸੂਬੇ ‘ਚ ਧਾਰਾ 144 ਲੱਗੀ ਹੋਈ ਹੈ ਤੇ ਕਰਫਿਊ ਜਾਰੀ ਹੈ। ਸਰਕਾਰ ਨੇ ਐਲਾਨ ਨਹੀਂ ਕੀਤਾ ਕਿ ਇਹ ਕਰਫਿਊ ਕਦੋਂ ਤਕ ਰਹੇਗਾ। ਇਸ ਦੇ ਨਾਲ ਸ਼ੁੱਕਰਵਾਰ ਨੂੰ ਕਰਫਿਊ ‘ਚ ਕੁਝ ਢਿੱਲ ਮਿਲਣ ਤੋਂ ਬਾਅਦ ਸਰਕਾਰ ਨੂੰ ਵੀ ਸੂਬੇ ਦੇ ਲੋਕਾਂ ਦੇ ਮੂਡ ਦਾ ਅੰਦਾਜ਼ਾ ਹੋ ਜਾਵੇਗਾ। ਉਧਰ, ਗੁਆਂਢੀ ਮੁਲਕ ਪਾਕਿ ‘ਤੇ ਵੀ ਪੂਰੀ ਨਜ਼ਰ ਹੈ ਕਿ ਕਿਤੇ ਭਾਰਤ ਵਿਰੋਧੀ ਕੋਈ ਹਰਕਤ ਨਾ ਕਰੇ। ਇਸ ਲਈ ਸੈਨਾ ਤਾਇਨਾਤ ਕੀਤੀ ਗਈ ਹੈ।
ਇਸ ਦੇ ਮੱਦੇਨਜ਼ਰ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਕਸ਼ਮੀਰ ਦੀ ਸਥਿਤੀ ‘ਤੇ ਨਜ਼ਰ ਰੱਖ ਰਹੇ ਹਨ। ਇਸ ਲਈ ਬੀਤੇ ਦਿਨੀਂ ਉਨ੍ਹਾਂ ਨੇ ਸੂਬੇ ਦਾ ਦੌਰਾ ਕੀਤਾ ਤੇ ਲੋਕਾਂ ਨਾਲ ਗੱਲਬਾਤ ਕੀਤੀ। ਅਜੀਤ ਡੋਭਾਲ ਨੇ ਰਾਜਪਾਲ ਸੱਤਿਆਪਾਲ ਮਲਿਕ ਤੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਵੀ ਮੀਟਿੰਗ ਕੀਤੀ। ਡੋਭਾਲ ਨੇ ਲੋਕਾਂ ਨੂੰ ਯਕੀਨ ਦਵਾਇਆ ਹੈ ਕਿ ਸਭ ਉਨ੍ਹਾਂ ਦੀ ਬਿਹਤਰੀ ਲਈ ਕੀਤਾ ਜਾ ਰਿਹਾ ਹੈ।