ਪਠਾਨਕੋਟ: ਕਠੂਆ ਗੈਂਗਰੇਪ ਮਾਮਲੇ ‘ਚ ਪਠਾਨਕੋਟ ਅਦਾਲਤ ਨੇ ਫ਼ੈਸਲਾ ਸੁਣਾ ਦਿੱਤਾ ਹੈ। ਅਦਲਤ ਨੇ ਸੱਤ ਵਿੱਚੋਂ ਛੇ ਜਣਿਆਂ ਨੂੰ ਦੋਸ਼ੀ ਕਰਾਰ ਦੇ ਦਿੱਤਾ ਹੈ ਜਦਕਿ ਇੱਕ ਨੂੰ ਬਰੀ ਕਰ ਦਿੱਤਾ ਹੈ। ਦੋਸ਼ੀਆਂ ਲਈ ਸਜ਼ਾ ਦਾ ਐਲਾਨ ਬਾਅਦ ਦੁਪਹਿਰ ਦੋ ਵਜੇ ਕੀਤਾ ਜਾ ਸਕਦਾ ਹੈ।
ਦੋਸ਼ੀਆਂ ਵਿੱਚ ਸਾਂਝੀ ਰਾਮ, ਦੀਪਕ ਖਜੂਰੀਆ, ਪਰਵੇਸ਼, ਆਨੰਦ ਦੱਤਾ, ਸੁਰਿੰਦਰ ਵਰਮਾ ਅਤੇ ਤਿਲਕ ਰਾਜ ਸ਼ਾਮਲ ਹਨ ਜਦਕਿ ਮੁਲਜ਼ਮ ਵਿਸ਼ਾਲ ਨੂੰ ਕੋਰਟ ਨੇ ਬਰੀ ਕਰ ਦਿੱਤਾ ਹੈ। ਉਕਤ ਛੇ ਦੋਸ਼ੀਆਂ ਨੂੰ ਅਦਾਲਤ ਨੇ ਗੈਂਗਰੇਪ ਤੇ ਕਤਲ ਮਾਮਲੇ ਵਿੱਚ ਧਾਰਾਵਾਂ 201, 302,363, 120B, 343 ਤੇ 376B ਤਹਿਤ ਦੋਸ਼ੀ ਠਹਿਰਾਇਆ ਗਿਆ ਹੈ।
ਅਦਾਲਤ ਨੇ ਮੰਨਿਆ ਕਿ ਵਿਸ਼ਾਲ ਮੌਕਾ ਏ ਵਾਰਦਾਤ ‘ਤੇ ਮੌਜੂਦ ਨਹੀਂ ਸੀ, ਇਸ ਲਈ ਉਸ ਨੂੰ ਬਰੀ ਕਰ ਦਿੱਤਾ ਗਿਆ ਹੈ ਪਰ ਉਸ ਦੇ ਪਿਤਾ ਸਾਂਝੀ ਰਾਮ ਨੂੰ ਅਦਾਲਤ ਨੇ ਦੋਸ਼ੀ ਕਰਾਰ ਦੇ ਦਿੱਤਾ ਹੈ। ਕੁਝ ਘੰਟਿਆਂ ਵਿੱਚ ਦੋਸ਼ੀਆਂ ਲਈ ਸਜ਼ਾ ਦਾ ਐਲਾਨ ਸੰਭਵ ਹੈ।