ਉਬਲਦੀਆਂ ਦੇਗਾਂ ਦੀ ਪ੍ਰਵਾਹ ਨਾ ਕਰਨਾ
ਕੂਲੇ ਅੰਗਾਂ ਨੂੰ ਸਾੜਨਾ
ਖੋਪਰੀਆਂ ਲਹਾਉਣਾ
ਕੋਈ ਅਫ਼ਵਾਹ ਨਹੀਂ
ਸਗੋਂ ਸੱਚ ਨੂੰ ਸਾਹਮਣੇ ਲਿਆਉਣਾ ਹੈ
ਝੂਠ ਨੂੰ ਨੰਗਿਆਂ ਕਰਨਾ ਹੈ।
ਮਾਂ ਦੀ ਝੋਲੀਓਂ ਚੁੱਕ
ਅਸਮਾਨ ਵੱਲ ਉਲਾਰਿਆ ਗਿਆ ਬੱਚਾ
ਨੇਜ਼ਿਆਂ ਵਿੱਚ ਪਰੋਇਆ ਗਿਆ
ਧਰਤੀ ‘ਤੇ ਆਏ ਤਾਂ ਸਿਰਫ…
ਮਾਸ ਦੇ ਲੋਥੜੇ
ਰੱਤ ਦੀਆਂ ਧਾਰਾਂ
ਇਹ ਕੋਈ ਖੇਲ੍ਹ ਨਹੀਂ
ਸਗੋਂ ਕਰੂਰ ਯਥਾਰਥ ਨਾਲ
ਦਸਤ-ਪੰਜਾ ਲੈਣਾ ਹੈ।
ਵਿਲਕਦੀ ਭੁੱਖ ਨੂੰ ਖ਼ਰਮਸਤੀਆਂ ਕਰਨਾ
ਗਰਮ ਸੀਖਾਂ ਨਾਲ
ਅੱਖਾਂ ਅੰਨ੍ਹੀਆਂ ਕਰਵਾਉਣਾ
ਬੰਦ-ਬੰਦ ਕਟਵਾ ਲੈਣਾ
ਆਰਿਆਂ ਨਾਲ ਚੀਰੇ ਜਾਣਾ
ਕੋਈ ਚਾਅ ਨਹੀਂ
ਸਗੋਂ ਜ਼ਿੰਦਗੀ ਦਾ ਸਵਾਲ ਹੈ।
ਮੋਏ-ਮੁੱਕਰੇ ਸੱਜਣਾਂ ਨੂੰ
ਰੋਣ ਵਾਲਿਓ…
ਮੋਹ ਦੀ ਜਾਂਚ ਸਿੱਖਣੀ ਹੈ
ਤਾਂ …ਖ਼ੂਨ ਨਾਲ ਲਿਖੇ
ਇਸ ਇਤਿਹਾਸ ਤੋਂ ਸਿੱਖੋ।
( ਸੰਧੂ ਗਗਨ )
+917589431402