ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਉਨਾਵ ਗੈਂਗਰੇਪ ਪੀੜਤਾ ਨੂੰ ਲਖਨਊ ਦੇ ਹਸਪਤਾਲ ਤੋਂ ਦਿੱਲੀ ਲਿਆਉਣ ਦਾ ਫੈਸਲਾ ਫਿਲਹਾਲ ਟਾਲ ਦਿੱਤਾ ਹੈ। ਸ਼ੁੱਕਰਵਾਰ ਨੂੰ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੂੰ ਸੌਲਿਸਟਰ ਜਨਰਲ ਨੇ ਦੱਸਿਆ ਕਿ ਪੀੜਤਾ ਦੇ ਪਰਿਵਾਰਕ ਮੈਂਬਰ ਚਾਹੁੰਦੇ ਹਨ ਕਿ ਉਨ੍ਹਾਂ ਦੀ ਧੀ ਤੇ ਵਕੀਲ ਦੀ ਹਾਲਤ ਨਹੀਂ ਸੁਧਰਦੀ ਉਦੋਂ ਤਕ ਉਨ੍ਹਾਂ ਨੂੰ ਲਖਨਊ ਦੇ ਕਿੰਗ ਜਾਰਜ ਹਸਪਤਾਲ ਵਿੱਚੋਂ ਕਿਤੇ ਹੋਰ ਨਾ ਭੇਜਿਆ ਜਾਵੇ। ਇਸ ਤੋਂ ਇਲਾਵਾ ਸਿਖਰਲੀ ਅਦਾਲਤ ਨੇ ਪੀੜਤਾ ਦੇ ਚਾਚਾ ਨੂੰ ਰਾਏਬਰੇਲੀ ਜੇਲ੍ਹ ਤੋਂ ਤਿਹਾੜ ਜੇਲ੍ਹ ਵਿੱਚ ਬਦਲਣ ਦਾ ਹੁਕਮ ਦੇ ਦਿੱਤਾ ਹੈ।
ਉੱਧਰ, ਪੀੜਤਾ ਨਾਲ ਦੁਰਘਟਨਾ ਮਾਮਲੇ ਵਿੱਚ ਸ਼ੁੱਕਰਵਾਰ ਨੂੰ ਟਰੱਕ ਡਰਾਈਵਰ ਤੇ ਕਲੀਨਰ ਨੂੰ ਸੀਬੀਆਈ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ। ਸੀਬੀਆਈ ਡਰਾਈਵਰ ਆਸ਼ੀਸ਼ ਪਾਲ ਅਤੇ ਕਲੀਨਰ ਮੋਹਨ ਸ਼੍ਰੀਵਾਸ ਨੂੰ ਰਿਮਾਂਡ ‘ਤੇ ਲੈ ਕੇ ਪੁੱਛਗਿੱਛ ਕਰੇਗੀ। ਇਸ ਘਟਨਾ ਦੀ ਜਾਂਚ ਸੱਤ ਦਿਨਾਂ ਵਿੱਚ ਪੂਰੀ ਕੀਤੀ ਜਾਣੀ ਹੈ। ਸਿਖਰਲੀ ਅਦਾਲਤ ਦੇ ਹੁਕਮਾਂ ਤੋਂ ਬਾਅਦ ਪੀੜਤਾ ਦੇ ਪਰਿਵਾਰ ਨੂੰ ਸੀਆਰਪੀਐਫ ਜਵਾਨਾਂ ਦੀ ਸੁਰੱਖਿਆ ਮੁਹੱਈਆ ਕਰਵਾ ਦਿੱਤੀ ਹੈ। ਸੁਪਰੀਮ ਕੋਰਟ ਦੇ ਹੁਕਮਾਂ ‘ਤੇ ਸਰਕਾਰ ਨੇ ਪੀੜਤਾ ਦੇ ਪਰਿਵਾਰ ਨੂੰ 25 ਲੱਖ ਰੁਪਏ ਦਾ ਮੁਆਵਜ਼ਾ ਵੀ ਸੌਂਪ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਬੀਤੇ ਐਤਵਾਰ ਰਾਏਬਰੇਲੀ ਜਾਂਦੇ ਹੋਏ ਪੀੜਤਾ ਦੀ ਕਾਰ ਨੂੰ ਟਰੱਕ ਨੇ ਟੱਕਰ ਮਾਰ ਦਿੱਤੀ ਸੀ। ਹਾਦਸੇ ਵਿੱਚ ਪੀੜਤਾ ਦੀ ਮਾਸੀ ਤੇ ਚਾਚੀ ਦੀ ਮੌਤ ਹੋ ਗਈ। ਇਸ ਘਟਨਾ ਵਿੱਚ ਪੀੜਤਾ ਖ਼ੁਦ ਗੰਭੀਰ ਜ਼ਖ਼ਮੀ ਹੋ ਗਈ ਅਤੇ ਲਖਨਊ ਦੇ ਕੇਜੀਐਮਯੂ ਵਿੱਚ ਵੈਂਟੀਲੇਟਰ ‘ਤੇ ਹੈ। ਪਰ ਪੰਜਵੇਂ ਦਿਨ ਵੀ ਉਸ ਦੀ ਹਾਲਤ ਨਹੀਂ ਸੁਧਰੀ ਹੈ। ਪੀੜਤਾ ਦੀ ਚਾਚੀ ਉਸ ਨਾਲ ਸਾਲ 2017 ਵਿੱਚ ਹੋਏ ਬਲਾਤਕਾਰ ਦੇ ਮਾਮਲੇ ਦੀ ਗਵਾਹ ਵੀ ਸੀ। ਇਸ ਮਾਮਲੇ ਵਿੱਚ ਮੰਗਲਵਾਰ ਨੂੰ ਸੀਬੀਆਈ ਨੇ ਪੀੜਤਾ ਦੇ ਚਾਚਾ ਦੇ ਬਿਆਨਾਂ ਦੇ ਆਧਾਰ ‘ਤੇ ਵਿਧਾਇਕ ਕੁਲਦੀਪ ਸਿੰਘ ਸੇਂਗਰ ਤੇ ਉਸ ਦੇ ਭਰਾ ਸਮੇਤ 10 ਲੋਕਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।