ਮੋਗਾ: ਬੀਤੀ ਰਾਤ ਅਣਪਛਾਤਿਆਂ ਨੇ ਇੰਗਲੈਂਡ ਤੋਂ ਆਏ ਕਬੱਡੀ ਖਿਡਾਰੀ ਦਾ ਕਤਲ ਕਰ ਦਿੱਤਾ। ਕਤਲ ਤੋਂ ਬਾਅਦ ਖਿਡਾਰੀ ਦੀ ਲਾਸ਼ ਖੇਤਾਂ ਵਿੱਚ ਸੁੱਟ ਦਿੱਤੀ। ਮ੍ਰਿਤਕ ਦੀ ਪਛਾਣ ਤਰਸੇਮ ਸਿੰਘ (50) ਵਾਸੀ ਘਲਕਲਾਂ ਵਜੋਂ ਹੋਈ ਹੈ। ਪੁਲਿਸ ਨੂੰ ਮ੍ਰਿਤਕ ਤਰਸੇਮ ਸਿੰਘ ਦੇ ਗਲੇ ਵਿੱਚ ਪਲਾਸਟਿਕ ਦੀ ਰੱਸੀ ਮਿਲੀ ਹੈ। ਪੁਲਿਸ ਦਾ ਦਾਅਵਾ ਹੈ ਕਿ ਖਿਡਾਰੀ ਨੂੰ ਗਲਾ ਘੁੱਟ ਕੇ ਮਾਰਿਆ ਗਿਆ ਹੈ। ਫਿਲਹਾਲ ਪੁਲਿਸ ਨੇ ਕਤਲ ਦਾ ਕੇਸ ਦਰਜ ਕਰ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਉੱਧਰ ਤਰਸੇਮ ਸਿੰਘ ਦੇ ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਮ੍ਰਿਤਕ 20 ਸਾਲ ਤੋਂ ਆਪਣੀ ਪਤਨੀ ਨਾਲ ਇੰਗਲੈਂਡ ਵਿੱਚ ਰਿਹਾ ਸੀ ਅਤੇ ਤਿੰਨ ਮਹੀਨੇ ਹੀ ਪਹਿਲਾਂ ਇੰਗਲੈਂਡ ਤੋਂ ਡਿਪੋਰਟ ਹੋ ਕੇ ਭਾਰਤ ਆਇਆ ਸੀ। ਉਨ੍ਹਾਂ ਦੱਸਿਆ ਕਿ ਉਹ ਕਬੱਡੀ ਦਾ ਬਹੁਤ ਵਧੀਆ ਖਿਡਾਰੀ ਸੀ।
ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਸਿੰਘਾਵਾਲਾ ਪਿੰਡ ਤੋਂ ਸੇਮ ਨਾਲੇ ਕੋਲ ਇੱਕ ਖੇਤ ਵਿੱਚ ਪਈ ਲਾਸ਼ ਬਾਰੇ ਸੂਚਨਾ ਮਿਲੀ ਸੀ। ਇਸ ਪਿੱਛੋਂ ਪੁਲਿਸ ਪਾਰਟੀ ਨੇ ਤੁਰੰਤ ਮੌਕੇ ਉੱਤੇ ਜਾ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ। ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟੀ ਹੈ ।