ਲੰਡਨ: ਯੂਕੇ ‘ਚ ਅੰਗਰੇਜ਼ੀ ਭਾਸ਼ਾ ਦੇ ਟੈਸਟ ਵਿੱਚ ਕਥਿਤ ਧਾਂਦਲੀ ਦੇ ਇਲਜ਼ਾਮ ‘ਚ ਘਿਰਨ ਵਾਲੇ ਡਿਪੋਰਟ ਕੀਤੇ ਗਏ ਭਾਰਤੀ ਵਿਦਿਆਰਥੀਆਂ ਲਈ ਕੁਝ ਰਾਹਤ ਦੀ ਖ਼ਬਰ ਜਲਦ ਆ ਸਕਦੀ ਹੈ। ਇੱਕ ਸੰਸਥਾ ਨੇ ਮੰਗ ਕੀਤੀ ਹੈ ਕਿ ਇਸ ਟੈਸਟ ਧਾਂਦਲੀ ਵਿੱਚ ਸਜ਼ਾ ਪਾਉਣ ਵਾਲੇ ਨਿਰਦੋਸ਼ ਵਿਦਿਆਰਥੀਆਂ ਨੂੰ ਮੁੜ ਇਮਤਿਹਾਨ ਵਿੱਚ ਹਿੱਸਾ ਲੈਣ ਦੀ ਸਹੂਲਤ ਤੇ ਯੋਗ ਮੁਆਵਜ਼ਾ ਮਿਲਣਾ ਚਾਹੀਦਾ ਹੈ।
ਦਰਅਸਲ, ਸਾਲ 2014 ਵਿੱਚ ਬੀਬੀਸੀ ਵੱਲੋਂ ਪੇਸ਼ ਕੀਤੀ ਖੋਜ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਕਿ ਦੇਸ਼ ਵਿੱਚ ਟੈਸਟ ਆਫ ਇੰਗਲਿਸ਼ ਫਾਰ ਇੰਟਰਨੈਸ਼ਨਲ ਕਮਿਊਨੀਕੇਸ਼ਨ (TOEIC) ਵਿੱਚ ਵੱਡੇ ਪੱਧਰ ‘ਤੇ ਧਾਂਦਲੀ ਹੋ ਰਹੀ ਸੀ। ਖੁਲਾਸੇ ਮਗਰੋਂ ਨੈਸ਼ਨਲ ਆਡਿਟ ਆਫਿਸ (NAO) ਨੇ ਜਾਂਚ ਕੀਤੀ ਤਾਂ ਪਾਇਆ ਗਿਆ ਕਿ ਟੈਸਟ ਦੇਣ ਵਾਲੇ ਬਹੁਤ ਸਾਰੇ ਵਿਦਿਆਰਥੀ ਸਪੀਕਿੰਗ ਟੈਸਟ ਵਿੱਚ ਆਪਣੀ ਥਾਂ ਕਿਸੇ ਹੋਰ ਤੋਂ ਟੈਸਟ ਦਿਵਾ ਦਿੰਦੇ ਸਨ ਤੇ ਇਹ ਟੀਓਈਆਈਸੀ ਦੀ ਕਥਿਤ ਮਿਲੀਭੁਗਤ ਨਾਲ ਚੱਲਦਾ ਸੀ।ਇਸ ਮਗਰੋਂ ਮਾਰਚ 2019 ਤਕ ਕੁੱਲ 11,000 ਵਿਦਿਆਰਥੀਆਂ ਨੂੰ ਯੂਕੇ ਛੱਡਣਾ ਪਿਆ। ਇਨ੍ਹਾਂ ਵਿੱਚੋਂ 7,200 ਆਪੇ ਛੱਡ ਗਏ ਤੇ 2,500 ਨੂੰ ਧੱਕੇ ਨਾਲ ਕੱਢਿਆ ਗਿਆ। ਉੱਥੇ ਹੀ 400 ਤੋਂ ਵੱਧ ਵਿਦਿਆਰਥੀਆਂ ਨੂੰ ਮੁੜ ਤੋਂ ਯੂਕੇ ਵਿੱਚ ਦਾਖਲ ਵੀ ਨਹੀਂ ਹੋਣ ਦਿੱਤਾ ਗਿਆ ਪਰ ਇਹ ਸਾਹਮਣੇ ਆਇਆ ਕਿ ਇਸ ਕਾਰਵਾਈ ਵਿੱਚ ਵੱਡੀ ਗਿਣਤੀ ਵਿੱਚ ਨਿਰਦੋਸ਼ ਵਿਦਿਆਰਥੀ ਵੀ ਰਗੜੇ ਗਏ ਸਨ। ਨਿਰਦੋਸ਼ ਵਿਦਿਆਰਥੀਆਂ ਲਈ ਆਵਾਜ਼ ਬੁਲੰਦ ਕਰਨ ਵਾਲੀ ਸੰਸਥਾ ਮਾਈਗ੍ਰੈਂਟ ਵੌਇਸ ਦੇ ਨਿਰਦੇਸ਼ ਨਾਜ਼ਿਕ ਰਮਦਾਨ ਅਤੇ ਸਾਜਿਦ ਜਾਵੇਦ ਨੇ ਕਿਹਾ ਕਿ ਨਿਰਦੋਸ਼ਾਂ ਦੇ ਮੁੜ ਵਸੇਬੇ ਲਈ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ, ਜਿਸ ਬਾਰੇ ਸਰਕਾਰ ਨੇ ਕਦੇ ਨਹੀਂ ਸੋਚਿਆ।
ਉਨ੍ਹਾਂ ਦੱਸਿਆ ਕਿ ਇੰਗਲਿਸ਼ ਟੈਸਟ ਧਾਂਦਲੀ ਦਾ ਸ਼ਿਕਾਰ ਹੋਣ ਵਾਲੇ ਕਈ ਵਿਦਿਆਰਥੀਆਂ ਨੇ ਤਾਂ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ। ਇਸ ਮਾਮਲੇ ਵਿੱਚ ਦੋਸ਼ੀ ਪਾਏ ਗਏ 25 ਵਿਅਕਤੀਆਂ ਨੂੰ ਸਜ਼ਾਵਾਂ ਵੀ ਹੋ ਚੁੱਕੀਆਂ ਹਨ। ਪਰ ਹੁਣ ਮੰਗ ਉੱਠੀ ਹੈ ਕਿ ਗ਼ਲਤ ਤਰੀਕੇ ਨਾਲ ਦੋਸ਼ੀ ਐਲਾਨੇ ਗਏ ਵਿਦਿਆਰਥੀਆਂ ਨੂੰ ਮੁੜ ਤੋਂ ਟੈਸਟ ਦੇਣ ਜਾਂ ਮੁਆਵਜ਼ੇ ਦੀ ਮੰਗ ਦੀ ਪਹੁੰਚ ਦੇਣੀ ਚਾਹੀਦੀ ਹੈ।