ਦੁਬਈ: ਅਮਰੀਕਾ ਤੇ ਇਰਾਨ ਇੱਕ ਵਾਰ ਫਿਰ ਤੇਲ ਟੈਂਕਰਾਂ ਨੂੰ ਜ਼ਬਤ ਕਰਨ ਦੇ ਮਾਮਲੇ ਸਬੰਧੀ ਆਹਮੋ-ਸਾਹਮਣੇ ਹੋ ਗਏ ਹਨ। ਇਰਾਨ ਨੇ ਅਮਰੀਕਾ ਨੂੰ ਇਰਾਨੀ ਤੇਲ ਟੈਂਕਰ ਨੂੰ ਜ਼ਬਤ ਕਰਨ ਬਾਰੇ ਚੇਤਾਵਨੀ ਦਿੱਤੀ ਹੈ। ਇਰਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅੱਬਾਸ ਮੌਸਵੀ ਨੇ ਸੋਮਵਾਰ ਨੂੰ ਕਿਹਾ ਕਿ ਜੇ ਅਮਰੀਕਾ ਨੇ ਜਿਬਰਾਲਟਰ ਛੱਡਣ ਤੋਂ ਬਾਅਦ ਕਿਸੇ ਇਰਾਨੀ ਤੇਲ ਟੈਂਕਰ ਨੂੰ ਜ਼ਬਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਨਤੀਜੇ ਚੰਗੇ ਨਹੀਂ ਹੋਣਗੇ।
ਤਹਿਰਾਨ ਤੇ ਪੱਛਮੀ ਦੇਸ਼ਾਂ ਦਰਮਿਆਨ ਹੋਏ ਝਗੜੇ ਵਿੱਚ ਫੜਿਆ ਗਿਆ ਇਰਾਨੀ ਟੈਂਕਰ ਜਿਬਰਾਲਟਰ ਤੋਂ ਰਿਹਾਅ ਹੋਣ ਤੋਂ ਬਾਅਦ ਸੋਮਵਾਰ ਨੂੰ ਗ੍ਰੀਸ ਲਈ ਰਵਾਨਾ ਹੋਇਆ। ਇਸ ਤੋਂ ਪਹਿਲਾਂ, ਬ੍ਰਿਟਿਸ਼ ਪਰਵਾਸੀ ਖੇਤਰ ਜਿਬਰਾਲਟਰ ਦੇ ਅਧਿਕਾਰੀਆਂ ਨੇ ਐਤਵਾਰ ਨੂੰ ਅਮਰੀਕਾ ਦੇ ਇਰਾਨੀ ਟੈਂਕਰ ਨੂੰ ਅੱਗੇ ਜ਼ਬਤ ਕਰਨ ਦੀ ਬੇਨਤੀ ਠੁਕਰਾ ਦਿੱਤੀ।
ਦੱਸ ਦੇਈਏ ਜੁਲਾਈ ਵਿੱਚ ਜਿਬਰਾਲਟਰ ਦੇ ਅਧਿਕਾਰੀਆਂ ਨੇ ਬ੍ਰਿਟਿਸ਼ ਨੇਵੀ ਦੀ ਸਹਾਇਤਾ ਨਾਲ ਕੱਚੇ ਤੇਲ ਨਾਲ ਭਰੇ ਇੱਕ ਇਰਾਨੀ ਟੈਂਕਰ ਨੂੰ ਜ਼ਬਤ ਕਰ ਲਿਆ ਸੀ। ਇਸ ਦੇ ਨਾਲ ਹੀ ਕਿਹਾ ਗਿਆ ਸੀ ਕਿ ਇਰਾਨ ਨੇ ਯੂਰਪੀਅਨ ਸੰਘ ਦੀਆਂ ਪਾਬੰਦੀਆਂ ਦੀ ਉਲੰਘਣਾ ਕਰਦਿਆਂ ਕੱਚੇ ਤੇਲ ਨੂੰ ਸੀਰੀਆ ਭੇਜਿਆ ਸੀ। ਇਰਾਨ ਨੇ ਇਹ ਸਭ ਇਲਜ਼ਾਮਾਂ ਤੋਂ ਇਨਕਾਰ ਕਰਦਿਆਂ ਟੈਂਕਰ ਨੂੰ ਛੱਡਣ ਦੀ ਮੰਗ ਕੀਤੀ ਸੀ।