64.15 F
New York, US
October 7, 2024
PreetNama
ਸਮਾਜ/Social

ਇਤਿਹਾਸਕ ਗੁ: ਨਾਨਕਸਰ ਸਠਿਆਲਾ

ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ਤੋਂ ਕਰੀਬ ਤਿੰਨ ਕੁ ਕਿਲੋਮੀਟਰ ਦੀ ਦੂਰੀ ‘ਤੇ ਵਸੇ ਕਸਬਾ ਸਠਿਆਲਾ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਹੈ, ਜਿਸ ਨਾਲ ਇਸ ਨਗਰ ਦੀ ਇਤਿਹਾਸਕ ਮਹਾਨਤਾ ਹੋਰ ਵੀ ਵਧ ਜਾਂਦੀ ਹੈ। ਇਤਿਹਾਸਕਾਰ ਭਾਈ ਹਰਭਜਨ ਸਿੰਘ ਸਠਿਆਲਾ ਦੀ ਖੋਜ, ਜਾਣਕਾਰੀ ਅਨੁਸਾਰ ਸ੍ਰੀ ਗੁਰੂ ਨਾਨਕ ਦੇਵ ਜੀ ਮਾਝੇ ਦੇ ਇਲਾਕੇ ਵਿਚ ਕਈ ਮਹੀਨੇ ਵਿਚਰੇ ਤੇ ਕਈ ਭਗਤ ਜਨਾਂ ਦਾ ਮਾਰਗ ਦਰਸ਼ਨ ਕੀਤਾ। ਗੁਰੂ ਸਾਹਿਬ ਉਦਾਸੀਆਂ ‘ਤੇ ਜਾਣ ਸਮੇਂ ਸੁਲਤਾਨਪੁਰ ਲੋਧੀ ਤੋਂ ਚੱਲ ਕੇ ਵੈਰੋਵਾਲ, ਜਲਾਲਾਬਾਦ ਵਿਚੀਂ ਪਿੰਡ ਕੀੜੀ ਪਠਾਣਾਂ (ਗੁਰਦਾਸਪੁਰ) ਨੂੰ ਜਾਂਦੇ ਹੋਏ ਪਿੰਡ ਸਠਿਆਲਾ ਵਿਖੇ ਠਹਿਰੇ। ਇਹ ਸਥਾਨ ਪਹਿਲਾਂ ਮੁਗਲਾਣੀ ਕਰਕੇ ਜਾਣਿਆ ਜਾਂਦਾ ਸੀ। ਪੁਰਾਣੀ ਤਵਾਰੀਖ ਮੁਤਾਬਕ ਮੁਗ਼ਲ ਰਾਜ ਸਮੇਂ ਮੁਗਲਾਣੀ ਪਿੰਡ ਵਿਚ ਮੁਗ਼ਲਾਂ ਦੇ ਬਹੁਤ ਮਜ਼ਬੂਤ ਕਿਲ੍ਹੇ ਸਨ। ਪਿੰਡ ਦੇ ਹਾਜੀਪੁਰ ਮੁਹੱਲੇ ਵਿਚ ਹਾਜੀ ਫਕੀਰ ਰਹਿੰਦਾ ਸੀ, ਜੋ ਕਿਸੇ ਪੀਰ ਫਕੀਰ ਨੂੰ ਪਿੰਡ ਵਿਚ ਵੜਨ ਨਹੀਂ ਸੀ ਦਿੰਦਾ। ਜਿਸ ਵਕਤ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਪਿੰਡ ਵਿਚ ਆਏ, ਉਸ ਵਕਤ ਇਸ ਹਾਜੀ ਫਕੀਰ ਦਾ ਪਿੰਡ ਵਿਚ ਪੂਰਾ ਬੋਲਬਾਲਾ ਸੀ। ਗੁਰੂ ਸਾਹਿਬ ਨੇ ਪਿੰਡ ਮੁਗਲਾਣੀ ਪਹੁੰਚ ਕੇ ਇਕ ਛੱਪੜੀ ਕਿਨਾਰੇ ਡੇਰਾ ਲਾ ਲਿਆ ਅਤੇ ਬਾਲੇ ਅਤੇ ਮਰਦਾਨੇ ਸੰਗ ਨਿਰੰਕਾਰ ਦੇ ਰੰਗ ਵਿਚ ਰੰਗੇ ਹੋਏ ਇਲਾਹੀ ਬਾਣੀ ਉਚਾਰਨ ਲੱਗੇ। ਇਸ ਨਾਲ ਗੁਰੂ ਸਾਹਿਬ ਦੀ ਸੋਭਾ ਸਾਰੇ ਫੈਲ ਗਈ। ਉਸ ਅਸਥਾਨ ‘ਤੇ ਅੱਜ ਸ਼ਾਨਦਾਰ ਪੰਜ ਮੰਜ਼ਿਲਾ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ ਅਤੇ ਛੱਪੜੀ ਨੂੰ ਸਰੋਵਰ ਸਾਹਿਬ ਦਾ ਰੂਪ ਦਿੱਤਾ ਗਿਆ ਹੈ, ਜਿਸ ਨੂੰ ਕਿ ਪਿੰਡ ਦੇ ਪ੍ਰਸਿੱਧ ਪਹਿਲਵਾਨ ਲਾਭ ਸਿੰਘ ਰੁਸਤਮੇ ਹਿੰਦ ਨੇ ਆਪਣਾ ਯੋਗਦਾਨ ਪਾ ਕੇ ਸੰਤਾਂ-ਮਹਾਂਪੁਰਖਾਂ ਨਾਲ ਅੱਠ ਨੁੱਕਰਾਂ ਵਾਲੇ ਤਲਾਬ ਦਾ ਨਿਰਮਾਣ ਕਰਵਾਇਆ।
ਗੁਰਦੁਆਰਾ ਸਾਹਿਬ ਦੇ ਮੌਜੂਦਾ ਮੁੱਖ ਸੇਵਾਦਾਰ ਗਿਆਨੀ ਬੂਟਾ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਦੀ ਨਵੀਂ ਸ਼ਾਨਦਾਰ ਪੰਜ ਮੰਜ਼ਲੀ ਇਮਾਰਤ ਦੀ ਕਾਰ ਸੇਵਾ ਸੰਤ ਬਾਬਾ ਲਾਭ ਸਿੰਘ ਕਿਲ੍ਹਾ ਅਨੰਦਗੜ੍ਹ ਸਾਹਿਬ ਵਲੋਂ ਮੁਕੰਮਲ ਹੋ ਚੁੱਕੀ ਹੈ ਅਤੇ ਹੁਣ ਲੰਗਰ ਹਾਲ ਦੀ ਸੇਵਾ ਚੱਲ ਰਹੀ ਹੈ। ਗੁਰਦੁਆਰਾ ਸਾਹਿਬ ਕਰੀਬ 6 ਕਨਾਲ ਵਿਚ ਬਣਿਆ ਹੋਇਆ ਹੈ ਅਤੇ ਢਾਈ ਕਨਾਲ ਦੇ ਕਰੀਬ ਹੋਰ ਜਗ੍ਹਾ ਗੁਰਦੁਆਰਾ ਸਾਹਿਬ ਦੇ ਨਾਂਅ ਹੈ। ਇਸ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਾਂ ਅਧੀਨ ਨਹੀਂ ਹੈ, ਸਗੋਂ ਸਥਾਨਕ ਨਗਰ ਦੀਆਂ ਸੰਗਤਾਂ ਵਲੋਂ ਕੀਤਾ ਜਾ ਰਿਹਾ ਹੈ ਅਤੇ 12 ਮੈਂਬਰੀ ਕਮੇਟੀ ਬਣੀ ਹੋਈ ਹੈ, ਜਿਸ ਵਿਚ ਮਾ: ਗੁਰਚਰਨ ਸਿੰਘ ਪ੍ਰਧਾਨ, ਕੇਵਲ ਸਿੰਘ, ਪ੍ਰਭਜੀਤ ਸਿੰਘ ਸ਼ਾਹ, ਹਰਭਜਨ ਸਿੰਘ ਮੈਂਬਰ, ਬਲਕਾਰ ਸਿੰਘ, ਕਰਨੈਲ ਸਿੰਘ, ਡਾ: ਗੁਰਦੇਵ ਸਿੰਘ, ਗਿਆਨੀ ਹਰਭਜਨ ਸਿੰਘ, ਹਰਪਾਲ ਸਿੰਘ, ਬਾਬਾ ਪੂਰਨ ਸਿੰਘ, ਸ਼ਿਵ ਸਿੰਘ ਸ਼ਾਮਿਲ ਹਨ। ਇਸ ਤੋਂ ਇਲਾਵਾ ਸੇਵਾਦਾਰ ਬਾਬਾ ਸੁਰਜੀਤ ਸਿੰਘ ਅਤੇ ਬੀਬੀ ਸਤਨਾਮ ਕੌਰ ਸੇਵਾ ਨਿਭਾਅ ਰਹੇ ਹਨ। ਹਰ ਸਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਮਾਗਮ ਮੌਕੇ ਇਸ ਅਸਥਾਨ ‘ਤੇ ਭਾਰੀ ਮੇਲਾ ਲਗਦਾ ਹੈ, ਨਗਰ ਕੀਰਤਨ ਸਜਾਏ ਜਾਂਦੇ ਹਨ ਅਤੇ ਧਾਰਮਿਕ ਦੀਵਾਨ ਸਜਦੇ ਹਨ। ਇਸ ਅਸਥਾਨ ਦੀ ਇਤਿਹਾਸਕ ਮਹਾਨਤਾ ਹੋਣ ਕਾਰਨ ਇਸ ਗੁਰਦੁਆਰਾ ਸਾਹਿਬ ਨੂੰ ਹੋਰ ਵੀ ਸ਼ਾਨਦਾਰ ਬਣਾਉਣ ਲਈ ਕਮੇਟੀ ਯਤਨਸ਼ੀਲ ਹੈ।

 

ਸ਼ੇਲਿੰਦਰਜੀਤ ਸਿੰਘ ਰਾਜਨ

Related posts

ਪਹਿਲੀ ਜਮਾਤ ਦੀ ਬੱਚੀ ਨੂੰ ਹਾਰਟ ਅਟੈਕ! ਸਕੂਲ ਨੂੰ ਨੋਟਿਸ

On Punjab

ਆਰਐੱਸਐੱਸ ਦੇ ਮੁਖੀ ਮੋਹਨ ਭਾਗਵਤ ਨੂੰ ਮੋਦੀ ਤੇ ਸ਼ਾਹ ਦੇ ਬਰਾਬਰ ਦੀ ਸੁਰੱਖਿਆ

On Punjab

Nobel Economics Prize 2021: ਡੇਵਿਡ ਕਾਰਡ, ਜੋਸ਼ੂਆ ਡੀ. ਏਂਗ੍ਰਿਸਟ ਤੇ ਗੁਇਡੋ ਇੰਬੇਂਸ ਨੂੰ ਅਰਥ ਸਾਸ਼ਤਰ ’ਚ ਮਿਲਿਆ ਨੋਬਲ ਪੁਰਸਕਾਰ

On Punjab