49.95 F
New York, US
April 20, 2024
PreetNama
ਖਾਸ-ਖਬਰਾਂ/Important News

ਆਪਣਿਆਂ ਹੱਥੋਂ ਬੇਇੱਜ਼ਤ ਹੋਣਾ ਪਿਆ

ਸਮਾਜ ਵਿਚ ਰਹਿੰਦੇ ਹੋਏ ਸਭ ਅਨੇਕ ਤਰ੍ਹਾਂ ਦੇ ਕੌੜੇ-ਮਿੱਠੇ ਤਜਰਬੇ ਹੁੰਦੇ ਰਹਿੰਦੇ ਹਨ। ਜ਼ਿੰਦਗੀ ਦੇ ਇਸ ਸਪਰ ‘ਚ ਕਿਸੇ ਨਾਲ ਕੋਈ ਠੱਗੀ ਕਰ ਜਾਂਦਾ ਹੈ, ਕੋਈ ਕਿਸੇ ਨੂੰ ਬੇਇੱਜ਼ਤ ਕਰ ਦਿੰਦਾ ਹੈ ਅਤੇ ਕੋਈ ਧੋਖੇ ਦਾ ਸ਼ਿਕਾਰ ਹੋ ਜਾਂਦਾ ਹੈ। ਇਨਸਾਨ ਹੱਥੋਂ ਲੁੱਟਦੇ ਅਤੇ ਬੇਇੱਜ਼ਤ ਹੁੰਦੇ ਇਨਸਾਨ ਦੀ ਇਹ ਕਹਾਣੀ ਕੋਈ ਨਵੀਂ ਨਹੀਂ ਹੈ ਪਰ ਕਿਸੇ ਆਪਣੇ ਨੇੜਲੇ ਵੱਲੋਂ ਕੀਤਾ ਅਕ੍ਰਿਤਘਣ ਵਿਵਹਾਰ ਸਾਨੂੰ ਸਦਾ ਲਈ ਮਾਨਸਿਕ ਪੀੜਾ ਦੇ ਜਾਂਦਾ ਹੈ। ਇਸ ਲੇਖ ਜ਼ਰੀਏ ਮੈਂ ਇਕ ਅਜਿਹੇ ਨਿੱਜੀ ਵਾਕਿਆ ਦਾ ਜ਼ਿਕਰ ਕਰਨਾ ਚਾਹੁੰਦਾ ਹਾਂ ਜਿਸ ਬਾਰੇ ਮੈਂ ਸ਼ਾਇਦ ਕਦੇ ਸੋਚਿਆ ਵੀ ਨਹੀਂ ਹੋਣਾ। ਇਹ ਕੋਈ ਦਸ ਸਾਲ ਪੁਰਾਣੀ ਗੱਲ ਹੈ। ਮੇਰੇ ਵਿਆਹ ਹੋਏ ਨੂੰ ਚਾਰ ਕੁ ਸਾਲ ਹੋ ਚੁੱਕੇ ਸਨ। ਵਿਆਹ ਵਿਚ ਸਭ ਰਿਸ਼ਤੇਦਾਰਾਂ ਅਤੇ ਸੱਜਣਾਂ ਦਾ ਹੱਦੋਂ ਵੱਧ ਮਾਣ-ਸਤਿਕਾਰ ਕੀਤਾ ਗਿਆ ਸੀ। ਤਾਏ, ਚਾਚੇ ਅਤੇ ਉਹਨਾਂ ਦੇ ਬੱਚੇ ਇਸ ਖ਼ੁਸ਼ੀ ਦਾ ਹਿੱਸਾ ਬਣੇ। ਇਸ ਤੋਂ ਤਕਰੀਬਨ ਚਾਰ ਸਾਲ ਬਾਅਦ ਮੇਰੇ ਇਕ ਨੇੜਲੇ ਰਿਸ਼ਤੇਦਾਰ ਦੇ ਲੜਕੇ ਦਾ ਵਿਆਹ ਆ ਗਿਆ। ਇਨ੍ਹਾਂ ਚਾਰ ਸਾਲਾਂ ਦੌਰਾਨ ਸਾਡੇ ਪਰਿਵਾਰਾਂ ਦਾ ਨਾ ਕੋਈ ਲੜਾਈ-ਝਗੜਾ ਹੋਇਆ ਅਤੇ ਨਾ ਹੀ ਕੋਈ ਬੋਲ-ਕਬੋਲ।

ਪਰ ਅਚਾਨਕ ਉਨ੍ਹਾਂ ਦਾ ਸਾਡੇ ਪਰਿਵਾਰ ਪ੍ਰਤੀ ਨਜ਼ਰੀਆ ਬਦਲ ਗਿਆ। ਅਸੀਂ ਇਸ ਨੂੰ ਜ਼ਿੰਦਗੀ ਦਾ ਇਕ ਹਿੱਸਾ ਸਮਝ ਕੇ ਮਨੋਂ ਭੁਲਾਉਂਦੇ ਰਹੇ। ਦੂਜੇ ਪਾਸੇ ‘ਆਪਣਿਆਂ’ ਨੇ ਮਨ ਦਾ ਵੈਰ ਨਾ ਛੱਡਿਆ। ਵਿਆਹ ਤੈਅ ਹੋ ਗਿਆ। ਹੌਲ਼ੀ-ਹੌਲ਼ੀ ਵਿਆਹ ਵਾਲਾ ਦਿਨ ਵੀ ਨੇੜੇ ਆ ਗਿਆ। ਸਾਨੂੰ ਲੱਗ ਰਿਹਾ ਸੀ ਕਿ ਸ਼ਾਇਦ ਸਾਨੂੰ ਵਿਆਹ ਦਾ ਕਾਰਡ ਵੀ ਨਾ ਦੇਣ ਪਰ ਵਿਆਹ ਤੋਂ ਕੁਝ ਦਿਨ ਪਹਿਲਾਂ ਉਨ੍ਹਾਂ ਨੇ ਸਾਡੇ ਘਰ ਵਿਆਹ ਦਾ ਕਾਰਡ ਪਹੁੰਚਦਾ ਕਰ ਦਿੱਤਾ। ਘਰ ‘ਚ ਖ਼ੁਸ਼ੀ ਵਾਲਾ ਮਾਹੌਲ ਬਣ ਗਿਆ। ਮੇਰੇ ਮਾਤਾ ਅਤੇ ਪਤਨੀ ਕਹਿਣ ਲੱਗੇ ਕਿ ਵਿਆਹ ਵਾਸਤੇ ਕੱਪੜਿਆਂ ਦੀ ਲੋੜ ਹੈ। ਸਮਾਂ ਘੱਟ ਸੀ ਪਰ ਅਸੀਂ ਬਿਨਾਂ ਸਮਾਂ ਗੁਆਏ ਕੱਪੜੇ ਲੈਣ ਲਈ ਸ਼ਹਿਰ ਨੂੰ ਨਿਕਲ ਗਏ। ਮਾਤਾ-ਪਿਤਾ ਅਤੇ ਅਸੀਂ ਸਾਰਿਆਂ ਨੇ ਵਧੀਆ ਕੱਪੜੇ ਖ਼ਰੀਦੇ। ਕਾਫੀ ਖ਼ਰਚਾ ਹੋ ਗਿਆ।

ਵਿਆਹ ‘ਚ ਜਾਣ ਦਾ ਸਾਰਿਆਂ ਨੂੰ ਹੀ ਬੜਾ ਚਾਅ ਸੀ। ਅੰਤ ਵਿਆਹ ਵਾਲਾ ਦਿਨ ਆ ਗਿਆ। ਬਰਾਤ ਚੜ੍ਹਨ ਲੱਗੇ ਹੀ ਸਾਡੇ ਪਰਿਵਾਰ ਨਾਲ ਵਿਤਕਰਾ ਸ਼ੁਰੂ ਹੋ ਗਿਆ। ਸ਼ਰੀਕੇ ‘ਚੋਂ ਲੱਗਦੀਆਂ ਭੈਣਾਂ ਨੇ ਮੇਰੀ ਪਤਨੀ ਨਾਲ ਲਾੜੇ ਦੇ ਮਗਰ ਤੁਰੇ ਜਾਂਦੇ ਹੋਏ ਕੋਈ ਬਹੁਤਾ ਵਧੀਆ ਸਲੂਕ ਨਾ ਕੀਤਾ। ਉਸ ਨੂੰ ਨੀਵਾਂ ਦਿਖਾਉਣ ਲਈ ਹਰ ਸੰਭਵ ਯਤਨ ਕੀਤਾ ਗਿਆ। ਆਖਿਰ ਉਹ ਮੇਰੇ ਕੋਲ ਆ ਗਈ। ਅਕਸਰ ਅਜਿਹੇ ਸਮੇਂ ਔਰਤ ਸਹਾਰਾ ਭਾਲ਼ਦੀ ਹੈ। ਮੈਂ ਉਸ ਨੂੰ ਚੁੱਪ ਅਤੇ ਸ਼ਾਂਤ ਚਿੱਤ ਹੋ ਕੇ ਸਮਾਂ ਟਪਾਉਣ ਦੀ ਗੱਲ ਕਹੀ ਅਤੇ ਉਹ ਮੇਰੇ ਨਾਲ ਸਹਿਮਤ ਹੋ ਗਈ। ਬਰਾਤ ਚੜ੍ਹਨ ਦੀਆਂ ਰਸਮਾਂ ਪੂਰੀਆਂ ਕਰ ਕੇ ਗੱਡੀਆਂ ਦਾ ਕਾਫਲਾ ਪੈਲੇਸ ਵੱਲ ਨੂੰ ਚੱਲ ਪਿਆ।

ਪੈਲੇਸ ‘ਚ ਪਹੁੰਚ ਕੇ ਗੱਡੀਆਂ ‘ਚੋਂ ਉਤਰ ਕੇ ਲੋਕ ਇਕ ਜਗ੍ਹਾ ਇਕੱਠੇ ਹੋ ਗਏ। ਰੀਤ ਮੁਤਾਬਕ ਮਿਲਣੀਆਂ ਦੀ ਰਸਮ ਹੋਣ ਵਾਲੀ ਸੀ। ਮੇਰੇ ਪਿਤਾ ਜੀ ਜੋ ਕਿ ਵਿਆਹ ਵਾਲੇ ਲੜਕੇ ਦੇ ਚਾਚਾ ਜੀ ਲੱਗਦੇ ਸਨ ਅਤੇ ਜਿਨ੍ਹਾਂ ਨੇ ਮੇਰੇ ਵਿਆਹ ਵੇਲੇ ਤਾਇਆ ਜੀ ਦੇ ਪਰਿਵਾਰ ਨੂੰ ਪੂਰਾ ਬਣਦਾ ਮਾਣ-ਸਤਿਕਾਰ ਦਿੱਤਾ ਸੀ ਉੇਹ ਵੀ ਮਿਲਣੀ ਦੀ ਰਸਮ ‘ਚ ਸ਼ਾਮਲ ਹੋਣ ਦੀ ਆਸ ‘ਚ ਕੁਝ ਅੱਗੇ ਹੋ ਕੇ ਖੜ੍ਹ ਗਏ। ਪਰ ਉੱਥੇ ਕੁਝ ਹੋਰ ਹੀ ਹੋ ਗਿਆ ਜੋ ਸ਼ਾਇਦ ਮੇਰੇ ਪਿਤਾ ਜੀ ਨੇ ਕਦੇ ਸੁਪਨੇ ‘ਚ ਵੀ ਨਹੀਂ ਸੋਚਿਆ ਹੋਣਾ। ਲਾਗੀ ਨੇ ਆਵਾਜ਼ ਮਾਰ ਕੇ ਮਿਲਣੀ ਦੀ ਰਸਮ ਲਈ ਇਕ ਇਕ ਬੰਦੇ ਨੂੰ ਬੁਲਾਉਣਾ ਸ਼ੁਰੂ ਕਰ ਦਿੱਤਾ। ਮੇਰਾ ਵੱਡਾ ਭਰਾ ਜੋ ਕਿ ਸਾਡੇ ਤੋਂ ਅਲੱਗ ਰਹਿੰਦਾ ਸੀ ਉਸ ਦੀ ਮਿਲਣੀ ਅਤੇ ਮਾਣ-ਸਤਿਕਾਰ ਵੀ ਕੀਤਾ ਗਿਆ।

ਅੰਤ ਮਿਲਣੀਆਂ ਦੀ ਰਸਮ ਮੁਕੰਮਲ ਹੋ ਗਈ ਪਰ ਇਸ ਰਸਮ ਲਈ ਮੇਰੇ ਪਿਤਾ ਜੀ ਨੂੰ ਬੁਲਾਇਆ ਹੀ ਨਹੀਂ ਗਿਆ। ਮਿਲਣੀ ਲਈ ਨਾ ਬੁਲਾਏ ਜਾਣ ‘ਤੇ ਮੇਰੇ ਪਿਤਾ ਜੀ ਬਹੁਤ ਬੇਇੱਜ਼ਤੀ ਮਹਿਸੂਸ ਕਰ ਰਹੇ ਸਨ। ਮਿਲਣੀਆਂ ਦੀ ਰਸਮ ਪੂਰੀ ਹੋਣ ਤੋਂ ਬਾਅਦ ਜਦੋਂ ਬਰਾਤੀ ਪੈਲੇਸ ‘ਚ ਜਾ ਰਹੇ ਸਨ ਤਾਂ ਅਸੀਂ ਆਪਣੇ-ਆਪ ਨੂੰ ਆਪਣਿਆਂ ਦੇ ਹੱਥੋਂ ਹੀ ਠੱਗਿਆ ਅਤੇ ਬੇਇੱਜ਼ਤ ਮਹਿਸੂਸ ਕਰ ਰਹੇ ਸੀ। ਮੈਂ ਪਿਤਾ ਜੀ ਨੂੰ ਕੁਝ ਖਾਣ ਲਈ ਕਿਹਾ ਪਰ ਉਨ੍ਹਾਂ ਇਨਕਾਰ ਕਰ ਦਿੱਤਾ। ਸ਼ਾਇਦ ਉਨ੍ਹਾਂ ਦਾ ਮਨ ਬਿਨਾਂ ਵਜ੍ਹਾ ਬੇਇੱਜ਼ਤ ਹੋਣ ਦਾ ਗ਼ਮ ਨਹੀਂ ਸੀ ਝੱਲ ਰਿਹਾ। ਇਹ ਸਭ ਮੇਰੀਆਂ ਅੱਖਾਂ ਸਾਹਮਣੇ ਹੋਇਆ।

ਵਿਆਹ ਵਾਲਾ ਲੜਕਾ ਸਭ ਕੁਝ ਜਾਣਦੇ ਹੋਏ ਚੁੱਪ ਅਤੇ ਅਨਜਾਣ ਸੀ। ਇਹ ਸਭ ਨਾ ਭੁਲਣ ਵਾਲਾ ਵਾਕਿਆ ਸਦਾ ਲਈ ਮੇਰੀ ਆਤਮਾ ‘ਤੇ ਉੱਕਰ ਗਿਆ। ਇਸ ਤੋਂ ਕੁਝ ਸਾਲਾਂ ਬਾਅਦ ਪਿਤਾ ਜੀ ਜਹਾਨ ਛੱਡ ਗਏ। ਇਹ ਲੇਖ ਲਿਖਣ ਪਿੱਛੇ ਮੇਰਾ ਮਕਸਦ ਕਿਸੇ ਨੂੰ ਕੁਝ ਯਾਦ ਕਰਵਾਉਣਾ ਜਾਂ ਦੱਸਣਾ ਨਹੀਂ ਬਲਕਿ ਇਨਸਾਨ ਦਾ ਇਨਸਾਨ ਪ੍ਰਤੀ ਕਰੂਰ ਰਵੱਈਆ ਉਜਾਗਰ ਕਰਨਾ ਹੈ। ਜਦੋਂ ਅਸੀਂ ਕਿਸੇ ਨੂੰ ਇੱਜ਼ਤ ਜਾਂ ਮਾਣ ਸਤਿਕਾਰ ਦਿੰਦੇ ਹਾਂ ਤਾਂ ਇਸ ਦੇ ਬਦਲੇ ਅਸੀਂ ਉੇਸ ਤੋਂ ਨਿੱਘੇ ਅਤੇ ਸਤਿਕਾਰ ਭਰੇ ਰਵੱਈਏ ਦੀ ਆਸ ਰੱਖਦੇ ਹਾਂ ਪਰ ਜਦੋਂ ਸਾਨੂੰ ਸਭ ਕੁਝ ਇਸ ਦੇ ਉਲਟ ਦੇਖਣ ਨੂੰ ਮਿਲੇ ਤਾਂ ਦਿਲ ‘ਤੇ ਗਹਿਰੀ ਸੱਟ ਲੱਗਦੀ ਹੈ।

ਕਿਸੇ ਨੂੰ ਘਰ ਬੁਲਾ ਕੇ ਬੇਇੱਜ਼ਤ ਕਰਨ ਨਾਲੋਂ ਤਾਂ ਨਾ ਬੁਲਾਉਣਾ ਹੀ ਠੀਕ ਹੁੰਦਾ ਹੈ। ਘਰ ਬੁਲਾ ਕੇ ਕਿਸੇ ਨੂੰ ਬੇਇੱਜ਼ਤ ਕਰ ਦੇਣਾ ਕਿਸੇ ਦੇ ਮਾਨਸਿਕ ਕਤਲ ਨਾਲੋਂ ਘੱਟ ਨਹੀਂ ਹੁੰਦਾ। ਬੇਸ਼ੱਕ ਇਸ ਵਾਕਿਆ ਨੂੰ ਕਈ ਸਾਲ ਲੰਘ ਗਏ ਹਨ ਪਰ ਇਹ ਹਰ ਪਲ ਸਮਾਜ ਵਿਚ ਬੈਠੇ ਉਹਨਾਂ ਲੋਕਾਂ ਦੀ ਯਾਦ ਦਿਵਾਉਂਦਾ ਹੈ ਜੋ ਪਤਾ ਨਹੀਂ ਕਦੋਂ ਕੀ ਕਰ ਦੇਣ। ਅਜਿਹਾ ਵਿਵਹਾਰ ਆਪਸੀ ਭਾਈਚਾਰੇ ‘ਚ ਬੇਵਿਸ਼ਵਾਸੀ ਪੈਦਾ ਕਰਦਾ ਹੈ ਜੋ ਨਰੋਏ ਸਮਾਜ ਨੂੰ ਘੁਣ ਵਾਂਗ ਖਾ ਰਿਹਾ ਹੈ। ਇਕ ਇਨਸਾਨ ਹੋਣ ਦੇ ਨਾਤੇ ਸਾਨੂੰ ਹਮੇਸ਼ਾ ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਦੂਜਿਆਂ ਦਾ ਸਤਿਕਾਰ ਕਰੀਏ ਅਤੇ ਜੇ ਅਜਿਹਾ ਨਹੀਂ ਕਰ ਸਕਦੇ ਤਾਂ ਫਿਰ ਹੋਰਾਂ ਨੂੰ ਮਾੜਾ ਸਿੱਧ ਕਰਨ ਤੋਂ ਵੀ ਦੂਰ ਰਹੀਏ। ਪਰ ਇਹ ਗੱਲ ਦੁੱਖ ਨਾਲ ਕਹਿਣੀ ਪੈ ਰਹੀ ਹੈ ਕਿ ਅੱਜਕੱਲ੍ਹ ਮਨੁੱਖ ਸਵਾਰਥਾਂ ਕਾਰਨ ਹੋਰਾਂ ਦੀਆਂ ਜੜ੍ਹਾਂ ਤਾਂ ਵੱਢ ਹੀ ਰਿਹਾ ਹੈ, ਆਪਣਿਆਂ ਨੂੰ ਵੀ ਨਹੀਂ ਬਖ਼ਸ਼ਦਾ। ਜੇ ਇਨਸਾਨ ਰੱਬ ਦਾ ਖ਼ੌਫ਼ ਖਾਵੇ ਤਾਂ ਉਹ ਸੁਧਰ ਸਕਦਾ ਹੈ। ਉਸ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਰੱਬ ਦੀ ਲਾਠੀ ਦੀ ਬੇਆਵਾਜ਼ ਹੁੰਦੀ ਹੈ।

ਪ੍ਰੋ. ਧਰਮਜੀਤ ਸਿੰਘ ਮਾਨ

94784-60084

Related posts

American President Joe Biden: ਬਾਈਡਨ ਪ੍ਰਸ਼ਾਸਨ ’ਚ ਅੱਧੀ ਆਬਾਦੀ ਦਾ ਦਬਦਬਾ, ਮਹਿਲਾ ਹਿੱਸੇਦਾਰੀ ਦਾ ਬਣਾਇਆ ਰਿਕਾਰਡ

On Punjab

ਮਿਜਾਇਲ ਹਮਲੇ ’ਚ ਸੀਰੀਆ ਦੇ ਤਿੰਨ ਸੈਨਿਕਾਂ ਦੀ ਮੌਤ

On Punjab

ਭਾਰਤਵੰਸ਼ੀ ਪਰਿਵਾਰ ਨੇ ਜੇਤੂ ਨੂੰ ਸੌਂਪੀ ਜਿੱਤੀ ਲਾਟਰੀ ਦੀ ਟਿਕਟ, ਪਰਿਵਾਰ ਦੇ ਇਸ ਕਦਮ ਦੀ ਹੋ ਰਹੀ ਸ਼ਲਾਘਾ

On Punjab