ਚੰਡੀਗੜ੍ਹ: ਫ਼ਿਲਮ ਐਕਟਰ ਤੇ ਗੁਰਦਾਸਪੁਰ ਤੋਂ ਭਾਜਪਾ ਸੰਸਦ ਮੈਂਬਰ ਸੰਨੀ ਦਿਓਲ ਤੋਂ ਹਾਲ ਹੀ ‘ਚ ਲੋਕ ਸਭਾ ਚੋਣਾਂ ‘ਚ ਕੀਤੇ ਖ਼ਰਚੇ ਦਾ ਬਿਓਰਾ ਮੰਗਿਆ ਗਿਆ ਹੈ। ਉਨ੍ਹਾਂ ਦਾ ਚੋਣ ਖ਼ਰਚਾ 70 ਲੱਖ ਰੁਪਏ ਤੋਂ ਜ਼ਿਆਦਾ ਹੈ ਜੋ ਚੋਣ ਖ਼ਚਰੇ ਦੀ ਸੀਮਾ ਤੋਂ ਕੀਤੇ ਵੱਧ ਹੈ। ਸਰਕਾਰੀ ਅਧਿਕਾਰੀ ਨੇ ਇਸ ਦੀ ਜਾਣਕਾਰੀ ਦਿੱਤੀ।
ਗੁਰਦਾਸਪੁਰ ਜ਼ਿਲ੍ਹਾ ਚੋਣ ਅਧਿਕਾਰੀ ਸਹਿ-ਕਮਿਸ਼ਨਰ ਵਿਪੁਲ ਉੱਜਵਲ ਨੇ ਦਿਓਲ ਨੂੰ ਆਪਣੇ ਚੋਣ ਖ਼ਰਚ ਖਾਤੇ ਦਾ ਬਿਓਰਾ ਦੇਣ ਲਈ ਨੋਟਿਸ ਜਾਰੀ ਕੀਤਾ ਹੈ। ਉਜੱਵਲ ਨੇ ਕਿਹਾ, “ਪਤਾ ਲੱਗਿਆ ਹੈ ਕਿ ਚੋਣ ਖ਼ਰਚ 70 ਲੱਖ ਰੁਪਏ ਤੋਂ ਜ਼ਿਆਦਾ ਸੀ।”
ਦਿਓਲ ਨੇ ਗੁਰਦਾਰਸਪੁਰ ਸੀਟ ਤੋਂ ਕਾਂਗਰਸ ਉਮੀਦਵਾਰ ਸੁਨੀਲ ਜਾਖੜ ਨੂੰ 82,459 ਵੋਟਾਂ ਦੇ ਫਰਕ ਨਾਲ ਮਾਤ ਦਿੱਤੀ ਸੀ। ਉੱਜਵਲ ਨੇ ਚੋਣ ਖ਼ਰਚ ਦੇ ਅੰਕੜਿਆਂ ‘ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਪਰ ਅਧਿਕਾਰਕ ਸੂਤਰਾਂ ਮੁਤਾਬਕ ਦਿਓਲ ਦਾ ਚੋਣ ਖ਼ਰਚਾ 8.51 ਲੱਖ ਰੁਪਏ ਵੱਧ ਨਿਕਲਿਆ ਹੈ।
ਉਨ੍ਹਾਂ ਨੇ ਕਿਹਾ ਕਿ ਦਿਓਲ ਨੂੰ ਖਾਤਿਆਂ ਦਾ ਅਸਲ ਬਿਓਰਾ ਪੇਸ਼ ਕਰਨ ਲਈ ਨੋਟਿਸ ਜਾਰੀ ਕੀਤਾ ਗਿਆ ਹੈ। ਉਜੱਵਲ ਨੇ ਕਿਹਾ ਕਿ ਜ਼ਿਆਦਾ ਖ਼ਰਚ ‘ਤੇ ਟਿੱਪਣੀ ਕਰਨਾ ਜਲਦਬਾਜ਼ੀ ਹੋਵੇਗੀ।