ਦੋ ਦਿਨਾਂ ਬਾਅਦ ਆਪਣੇ ਵਿਆਹ ਦੀ ਵਰ੍ਹੇਗੰਢ ਮਨਾਉਣ ਦੀ ਤਿਆਰੀ ਕਰ ਰਹੀ ਇੱਕ ਔਰਤ ਤੇ ਉਸਦੀ ਡੇਢ ਸਾਲ ਦੀ ਇੱਕ ਬੱਚੀ ਦੀ ਅੰਮ੍ਰਿਤਸਰ ਵਿੱਚ ਦੁਸਹਿਰਾ ਸਮਾਰੋਹ ਦੌਰਾਨ ਰੇਲ ਹਾਦਸੇ ਵਿੱਚ ਮੌਤ ਹੋ ਗਈ।
30 ਸਾਲ ਦੀ ਔਰਤ ਦੇ ਪਤੀ ਗਗਨਦੀਪ ਨੇ ਕਿਹਾ, “ਉਹ ਦੁਸਹਿਰਾ ਤੇ ਸਾਡੇ ਵਿਆਹ ਦੀ ਛੇਵੀਂ ਵਰ੍ਹੇਗੰਢ ਮਨਾਉਣ ਲਈ ਲਈ ਅੰਮ੍ਰਿਤਸਰ ਵਿੱਚ ਆਪਣੇ ਮਾਤਾ-ਪਿਤਾ ਕੋਲ ਗਈ ਸੀ।” ਮ੍ਰਿਤਕਾਂ ਦੀ ਪਛਾਣ ਫਗਵਾੜਾ ਦੇ ਪਿੰਡ ਭੁਲਰਾਹੀ ਦੀ ਰਜਨੀ ਤੇ ਉਸ ਦੀ ਬੇਟੀ ਨਵਰੂਪ ਵਜੋਂ ਹੋਈ ਹੈ।
ਗਗਨਦੀਪ ਨੇ ਅੰਮ੍ਰਿਤਸਰ ਪ੍ਰਸ਼ਾਸਨ ਨੂੰ ਮਾੜੇ ਪ੍ਰਬੰਧ ਲਈ ਜ਼ਿੰਮੇਵਾਰ ਠਹਿਰਾਇਆ ਅਤੇ ਦੋਸ਼ੀਆਂ ਦੇ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ। ਪਰਿਵਾਰ ਨੇ ਸ਼ਨੀਵਾਰ ਨੂੰ ਰਜਨੀ ਦੀ ਲਾਸ਼ ਫਗਵਾੜਾ ਲਿਆ ਕੇ ਅੰਤਿਮ ਸੰਸਕਾਰ ਕੀਤਾ।
ਫਗਵਾੜਾ ਭਾਜਪਾ ਵਿਧਾਇਕ ਸੋਮ ਪ੍ਰਕਾਸ਼, ਸਥਾਨਕ ਰਾਜਨੀਤਕ ਨੇਤਾ ਅਰੁਣ ਖੋਸਲਾ ਤੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਜੋਗਿੰਦਰ ਸਿੰਘ ਮਾਨ ਨੇ ਰਜਨੀ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ। ਵਿਧਾਇਕ ਪ੍ਰਕਾਸ਼ ਨੇ ਕਿਹਾ ਕਿ ਇਹ ਇੱਕ ਮੰਦਭਾਗੀ ਘਟਨਾ ਹੈ ਅਤੇ ਇਸ ਉੱਤੇ ਰਾਜਨੀਤੀ ਨਹੀਂ ਹੋਣਾ ਚਾਹੀਦੀ। ਹਾਦਸੇ ਦੇ ਜ਼ਿੰਮੇਵਾਰ ਅਫਸਰਾਂ ਵਿਰੱਧ ਕਾਰਵਾਈ ਹੋਣੀ ਚਾਹੀਦੀ ਹੈ।