66.13 F
New York, US
May 27, 2024
PreetNama
ਸਮਾਜ/Social

ਅੰਧ-ਵਿਸ਼ਵਾਸਾਂ ਦੀ ਦਲਦਲ ‘ਚ ਫਸਿਆ ਮਨੁੱਖ

ਜਦੋਂ ਵੀ ਮਨੁੱਖ ਉਪਰ ਕੋਈ ਦੁੱਖ ਜਾਂ ਮੁਸੀਬਤ ਆਣ ਪੈਂਦੀ ਹੈ ਤਾਂ 90 ਫ਼ੀਸਦੀ ਲੋਕ ਬਾਬਿਆਂ ਕੋਲ ਪੁੱਛਾਂ ਲੈਣ ਤੁਰ ਪੈਂਦੇ ਹਨ। ਦਰਅਸਲ ਮਨੁੱਖੀ ਜ਼ਿੰਦਗੀ ਦੀ ਹੋਂਦ ਤੋਂ ਹੀ ਅੰਧ-ਵਿਸ਼ਵਾਸ ਇਨਸਾਨ ਦੇ ਜੀਵਨ ਦਾ ਅਹਿਮ ਅੰਗ ਰਹੇ ਹਨ। ਜੇਕਰ ਪੁਰਾਣੇ ਸਮਿਆਂ ਦੀ ਗੱਲ ਕਰੀਏ ਤਾਂ ਮਨੁੱਖ ਦੀ ਅਨਪੜ੍ਹਤਾ, ਜਾਗਰੂਕਤਾ ਦੀ ਘਾਟ, ਸਾਇੰਸ, ਤਕਨਾਲੋਜੀ ਦੀ ਅਣਹੋਂਦ ਬਹੁਤ ਅਜਿਹੇ ਕਾਰਨ ਸਨ, ਜਿਨ੍ਹਾਂ ਕਰਕੇ ਮਨੁੱਖ ਹਰੇਕ ਘਟਨਾ ਦੇ ਕਾਰਨ ਆਪਣੀ ਘੱਟ ਸੋਝੀ ਨਾਲ ਘੜ ਲੈਂਦਾ ਸੀ ਅਤੇ ਉਸੇ ਅੰਧ-ਵਿਸ਼ਵਾਸ ਨੂੰ ਪੀੜ੍ਹੀ-ਦਰ-ਪੀੜ੍ਹੀ ਤੋਰਨਾ ਲੋਚਦਾ ਸੀ। ਪਰ ਹੈਰਾਨੀ ਅਤੇ ਦੁੱਖ ਉਦੋਂ ਪੈਦਾ ਹੁੰਦੇ ਹੈ, ਜਦੋਂ 21ਵੀਂ ਸਦੀ ਦਾ ਪੜ੍ਹਿਆ-ਲਿਖਿਆ ਸੂਝਵਾਨ ਮਨੁੱਖ ਅੰਧ-ਵਿਸ਼ਵਾਸਾਂ ਦੀ ਦਲਦਲ ਵਿੱਚ ਘਿਰਿਆ ਹੋਇਆ ਦਿਸਦਾ ਹੈ।

ਆਏ ਦਿਨ ਕੋਈ ਨਾ ਕੋਈ ਨਵੀਂ ਖ਼ਬਰ ਅਖ਼ਬਾਰਾਂ ਦੀ ਸੁਰਖੀ ਬਣਦੀ ਹੈ। ਕਦੇ ਕਿਸੇ ਬਾਬੇ ਵੱਲੋਂ ਭੂਤ ਪ੍ਰੇਤ ਦੇ ਨਾਮ ਹੇਠ ਬੱਚੀ ਨੂੰ ਕੁੱਟ-ਕੁੱਟ ਕੇ ਮਾਰ ਦੇਣ ਅਤੇ ਕਦੇ ਕਿਸੇ ਪਾਖੰਡੀ ਬਾਬੇ ਦੇ ਕਹਿਣ ‘ਤੇ ਬੱਚਿਆਂ ਦੀ ਬਲੀ ਦੇਣ ਤੱਕ ਦੀਆਂ ਖ਼ਬਰਾਂ ਪੜ੍ਹਨ ਸੁਣਨ ਨੂੰ ਮਿਲਦੀਆਂ ਹਨ। ਕਿਤੇ ਪਰਿਵਾਰਾਂ ਦੇ ਪਰਿਵਾਰ ਅੰਧ ਵਿਸ਼ਵਾਸ ਦੀ ਭੇਟ ਚੜ੍ਹ ਰਹੇ ਹਨ ਅਤੇ ਕਿਤੇ ‘ਅਖੌਤੀ ਧਾਰਮਿਕ ਪੈਰੋਕਾਰਾਂ’ ਵੱਲੋਂ ਸਾਡੇ ਭੋਲੇ ਭਾਲੇ ਲੋਕਾਂ ਦੀ ਅਗਿਆਨਤਾ ਦਾ ਖੂਬ ਫ਼ਾਇਦਾ ਉਠਾਉਂਦਿਆਂ ਆਪਸੀ ਭਾਈਚਾਰੇ ਵਿੱਚ ਤਰ੍ਹਾਂ-ਤਰ੍ਹਾਂ ਦੇ ਪਾਖੰਡ ਰਚਾ ਕੇ ਵੰਡੀਆਂ ਪਾਈਆਂ ਜਾ ਰਹੀਆਂ ਹਨ। ਇਹ ਹੀ ਨਹੀਂ ਸਿੱਖਿਆ ਦੇ ਮੁੱਢ ਵਜੋਂ ਜਾਣਿਆ ਜਾਂਦਾ ਸਾਡਾ 95 ਫ਼ੀਸਦੀ ਅਧਿਆਪਕ ਵਰਗ ਵਿਦਿਆਰਥੀਆਂ ਨੂੰ ਸਹੀ ਸੇਧ ਦੇਣ ਦੀ ਬਿਜਾਏ ਆਪ ਹੀ ਕਈ ਤਰ੍ਹਾਂ ਦੇ ਅੰਧ ਵਿਸ਼ਵਾਸਾਂ ਦੇ ਜਾਲ ਵਿੱਚ ਫਸਿਆ ਦਿਖਾਈ ਦੇ ਰਿਹਾ ਹੈ।

ਅਜੇ ਵੀ ਉਸ ਨੂੰ ਕਈ ਖ਼ਾਸ ਤਰਾਂ ਦੇ ਦਰੱਖਤਾਂ ਦੀ ਪੂਜਾ ਕਰਦਿਆਂ, ਵਾਸਤੂ ਸ਼ਾਸਤਰ ਦੇ ਨਾਮ ਹੇਠ ਆਪਣੇ ਘਰਾਂ ਅੰਦਰ ਸੁੱਖ ਸ਼ਾਂਤੀ ਲਈ ਪਖੰਡੀਆਂ ਦੀਆਂ ਦੁਕਾਨਾਂ ਦੇ ਚੱਕਰ ਮਾਰਦਿਆਂ ਵੇਖਿਆ ਜਾ ਸਕਦਾ ਹੈ। ਜਦੋਂ ਵਿਦਿਆਰਥੀਆਂ ਦੇ ਮਾਰਗ ਦਰਸ਼ਕ ਬਣਨ ਵਾਲੇ ਆਪ ਹੀ ਹਨੇਰੇ ਦੀ ਕਾਲ ਕੋਠੜੀ ਵਿੱਚ ਬੰਦ ਇੱਧਰ ਓਧਰ ਹੱਥ ਪੱਲੇ ਮਾਰ ਰਹੇ ਹਨ ਤਾਂ ਫਿਰ ਰੌਸ਼ਨੀ ਦੀ ਆਸ ਕਿੱਥੋਂ ਕੀਤੀ ਜਾ ਸਕਦੀ ਹੈ? ਵੇਖਿਆ ਜਾਵੇ ਤਾਂ ਇਨ੍ਹਾਂ ਪਾਖੰਡੀ ਬਾਬਿਆਂ ਨੇ ‘ਕਰਾਮਾਤ’ ਸ਼ਬਦ ਨੂੰ ਲੋਕਾਂ ਦੇ ਮਨਾਂ ਅੰਦਰ ਇਸ ਤਰ੍ਹਾਂ ਫਿੱਟ ਕਰ ਦਿੱਤਾ ਕਿ ਲੋਕਾਂ ਨੇ ਤਰਕ ਨੂੰ ਵਿਸਾਰ ਕੇ ਅਗਿਆਨਤਾ ਕਾਰਨ ਭੂਤ-ਪ੍ਰੇਤਾਂ ਦੀਆਂ ਨਾ ਸਮਝ ਆਉਣ ਵਾਲੀਆਂ ਗੱਲਾਂ ਦੇ ਡਰੋਂ ਅੰਧ ਵਿਸ਼ਵਾਸ ਨੂੰ ਸਦਾ ਹੀ ਆਪਣੇ ਗੱਲ ਨਾਲ ਲਗਾ ਲਿਆ।

ਅੱਜ ਜਦੋਂ ਅਸੀਂ 21ਵੀਂ ਸਦੀ ਵਿੱਚ ਪਹੁੰਚ ਚੁੱਕੇ ਹਾਂ ਤਾਂ ਅੰਧ ਵਿਸ਼ਵਾਸੀ ਧਾਰਨਾ ਵਾਲੇ ਲੋਕ ਆਮ ਲੋਕਾਂ ਨੂੰ ਅੱਜ ਵੀ ਆਪਣੇ ਭਰਮਜਾਲ ਵਿੱਚ ਫਸਾਉਣ ਲਈ ਆਏ ਦਿਨ ਨਵੀਂ ਤੋਂ ਨਵੀਂ ਕਾਢ ਕੱਢਦੇ ਰਹਿੰਦੇ ਹਨ ਤੇ ਸਾਡੇ ਭੋਲੇ ਭਾਲੇ ਲੋਕ ਉਨ੍ਹਾਂ ਵੱਲੋਂ ਕੀਤੇ ਜਾਂਦੇ ਰੂੜ੍ਹੀਵਾਦੀ ਪ੍ਰਚਾਰ ਦੀ ਗ੍ਰਿਫ਼ਤ ਵਿੱਚ ਆ ਕੇ ਆਪਣੇ ਚੰਗੇ ਭਲੇ ਵੱਸਦੇ ਰਸਦੇ ਘਰਾਂ ਨੂੰ ਅੱਖਾਂ ਮੀਚ ਕੇ ਤੇ ਬਿਨਾਂ ਸੋਚੇ ਸਮਝੇ ਉਜਾੜਨ ਦੇ ਰਸਤੇ ਪੈ ਜਾਂਦੇ ਹਨ। ਮੇਰੀ ਤਰਕ ਮੁਤਾਬਿਕ ਮਰਦਾਂ ਨਾਲੋਂ ਜ਼ਿਆਦਾ ਔਰਤਾਂ ਅੰਧ-ਵਿਸ਼ਵਾਸ ਫੈਲਾਉਣ ਵਿੱਚ ਜ਼ਿਆਦਾ ਮੋਹਰੀ ਹਨ। ਕਿਸੇ ਨੂੰ ਵੇਖ ਕੇ ਰੀਸੋ-ਰੀਸ ਕਿਸੇ ਰੁੱਖ ਨਾਲ ਮੌਲੀਆਂ ਬੰਨ੍ਹ ਕੇ ਆ ਜਾਣਾ ਤੇ ਕਦੇ ਕਿਤੇ ਕੱਚੀਆਂ ਲੱਸੀਆਂ ਚੜ੍ਹਾਈ ਜਾਣ ਅਤੇ ਐਵੇਂ ਹੀ ਆਪਣੀ ਅਗਿਆਨਤਾ ਕਾਰਨ ਮੰਨਣ ਲੱਗ ਜਾਂਦੀਆਂ ਹਨ।

ਕਈ ਘਰਾਂ ਵਿੱਚ ਤਾਂ ਐਨੇ ਜ਼ਿਆਦਾ ਅੰਧ-ਵਿਸ਼ਵਾਸ ਕੀਤੇ ਜਾਂਦੇ ਹਨ ਕਿ ਉਨ੍ਹਾਂ ਨੂੰ ਦੇਖ ਕੇ ਲੱਗਦਾ ਹੈ ਕਿ ਅਸੀਂ ਅਜੇ ਪੱਥਰ ਯੁੱਗ ਦੇ ਹੀ ਵਾਸੀ ਹਾਂ। ਜਿਨ੍ਹਾਂ ਚਿਰ ਅੰਧ-ਵਿਸ਼ਵਾਸ ਦੇ ਕੋਹੜ ਤੋਂ ਸਮਾਜ ਨੂੰ ਬਚਾਇਆ ਨਹੀਂ ਜਾਵੇਗਾ, ਉਨ੍ਹਾਂ ਚਿਰ ਲੋਕ ਸਿਰਜਣਾਤਮਿਕਤਾ ਤੇ ਚੰਗੇ ਰਸਤੇ ਦੇ ਹਾਣੀ ਨਹੀਂ ਬਣ ਸਕਣਗੇ। ਨੌਜਵਾਨ ਵਰਗ ਬੇਰੁਜ਼ਗਾਰੀ ਦੀ ਦਲਦਲ ਵਿੱਚ ਫਸਿਆ ਆਪਣੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਲਈ ਰਸਤਾ ਭਾਲਦਾ ਨਿਰਾਸ਼ਤਾ ਵੱਸ ਪੈ ਕੇ ਚੰਗੀ ਮਾੜੀ ਕਿਸਮਤ ਦੇ ਚੱਕਰਾਂ ਵਿੱਚ ਫਸ ਕੇ ਅਖੀਰ ਅਜਿਹੇ ਪਖੰਡੀਆਂ ਕੋਲ ਚਲਾ ਜਾਂਦਾ ਹੈ ਜਿਹੜੇ ਫਿਰ ਇਨ੍ਹਾਂ ਦੀ ਮਾਨਸਿਕ ਤੇ ਸਰੀਰਕ ਲੁੱਟ ਬੜੇ ਹੀ ਆਰਾਮ ਨਾਲ ਕਰਦੇ ਰਹਿੰਦੇ ਹਨ।

ਲੇਖਿਕਾ: ਪਰਮਜੀਤ ਕੌਰ ਸਿੱਧੂ
ਮੋਬਾਈਲ: 98148-90905

Related posts

ਅਮਰੀਕਾ ਦੇ ਐਟਲਾਂਟਾ ਮਾਲ ‘ਚ ਗੋਲੀਬਾਰੀ

On Punjab

Social Media Bans: 14 ਸਾਲ ਤੋਂ ਘੱਟ ਉਮਰ ਦੇ ਬੱਚੇ ਨਹੀਂ ਕਰ ਸਕਣਗੇ ਸੋਸ਼ਲ ਮੀਡੀਆ ਦੀ ਵਰਤੋਂ, ਬੱਚਿਆਂ ਨੂੰ ਮਾਪਿਆਂ ਦੀ ਮਨਜ਼ੂਰੀ ਦੀ ਹੋਵੇਗੀ ਲੋੜ

On Punjab

21 ਸਾਲਾ ਕੁੜੀ ‘ਚ 196 ਦੇਸ਼ ਘੁੰਮ ਕੇ ਬਣਾਇਆ ਰਿਕਾਰਡ

On Punjab