ਵਾਸ਼ਿੰਗਟਨ: ਅਮਰੀਕਾ ਨੇ ਓਮਾਨ ਦੀ ਖਾੜੀ ‘ਚ 13 ਜੂਨ ਨੂੰ ਦੋ ਤੇਲ ਟੈਂਕਰਾਂ ‘ਤੇ ਹੋਏ ਹਮਲੇ ਦੀਆਂ ਸੈਟੇਲਾਈਟ ਤਸਵੀਰਾਂ ਜਾਰੀ ਕੀਤੀਆਂ ਹਨ। ਇਸ ਹਮਲੇ ਲਈ ਇਰਾਨ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਪੈਂਟਾਗਨ ਵੱਲੋਂ ਜਾਰੀ ਤਸਵੀਰਾਂ ‘ਚ ਇਰਾਨ ਦੇ ਸੈਨਿਕ ਹਮਲੇ ਦਾ ਸ਼ਿਕਾਰ ਹੋਏ ਜਾਪਾਨ ਦੇ ਕੋਕੁਕਾ ਕਰੇਜੀਅਸ ਜਹਾਜ਼ ਤੋਂ ਧਮਾਕੇ ਵਾਲੀ ਸਾਮਗਰੀ ਹਟਾਉਂਦੇ ਹੋਏ ਨਜ਼ਰ ਆ ਰਹੇ ਹਨ।
ਇਨ੍ਹਾਂ ਸਭ ਦੇ ਦੌਰਾਨ ਅਮਰੀਕਾ ਨੇ ਮੱਧ ਪੂਰਬ ‘ਚ ਇੱਕ ਹਜ਼ਾਰ ਸੈਨਿਕ ਤਾਇਨਾਤ ਕਰਨ ਦਾ ਫੈਸਲਾ ਕੀਤਾ ਹੈ। ਅਮਰੀਕਾ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਤਸਵੀਰਾਂ ‘ਚ ਬੇਸ਼ੱਕ ਇਰਾਨ ਦੇ ਸੈਨਿਕ ਨਜ਼ਰ ਆ ਰਹੇ ਹਨ ਪਰ ਉਨ੍ਹਾਂ ਨੂੰ ਸਿੱਧੇ ਤੌਰ ‘ਤੇ ਗੁਨਾਹਗਾਰ ਕਿਹਾ ਜਾਵੇ, ਇਸ ਦੇ ਪੱਕੇ ਸਬੂਤ ਨਹੀਂ ਹਨ। ਇਰਾਨ ਨੇ ਵੀ ਅਮਰੀਕਾ ਵੱਲੋਂ ਲੱਗੇ ਇਲਜ਼ਾਮਾਂ ਨੂੰ ਖਾਰਜ ਕੀਤਾ ਹੈ।
ਉਧਰ ਇਰਾਨੀ ਮੀਡੀਆ ਮੁਤਾਬਕ ਦੋ ਜਹਾਜ਼ਾਂ ‘ਤੇ ਵੱਖ–ਵੱਖ ਸਮੇਂ ਤਿੰਨ ਧਮਾਕੇ ਹੋਏ ਸੀ। ਇਰਾਨ ਦੀ ਜਲ ਸੈਨਾ ਨੇ ਹੀ ਜਾਨ ਬਚਾਉਣ ਲਈ ਪਾਣੀ ‘ਚ ਕੁੱਦੇ 44 ਕਰੂ ਮੈਂਬਰਾਂ ਨੂੰ ਬਚਾਇਆ ਸੀ। ਦੂਜੇ ਪਾਸੇ ਅਮਰੀਕਾ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਇਨ੍ਹਾਂ ਕਰੂ ਮੈਂਬਰਾਂ ਨੂੰ ਬਚਾਇਆ।
ਹੁਣ ਅਮਰੀਕਾ ਦੇ ਰੱਖਿਆ ਮੰਤਰੀ ਪੈਟ੍ਰਿਕ ਸ਼ੇਨਹਨ ਨੇ ਸੋਮਵਾਰ ਨੂੰ ਕਿਹਾ ਕਿ ਟਰੰਪ ਪ੍ਰਸਾਸ਼ਨ ਨੇ ਪੱਛਮੀ ਏਸ਼ੀਆ ‘ਚ ਆਪਣੇ ਇੱਕ ਹਜ਼ਾਰ ਤੋਂ ਜ਼ਿਆਦਾ ਫੌਜੀ ਤਾਇਨਾਤ ਕਰਨ ਦਾ ਫੈਸਲਾ ਕੀਤਾ ਹੈ। ਸੈਨਹਨ ਨੇ ਕਿਹਾ ਕਿ ਮੈਂ ਮੱਧ ਪੂਰਬ ‘ਚ ਹਵਾਈ ਸੈਨਾ, ਜਲ ਸੈਨਾ ਸਮੇਤ ਤਮਾਮ ਰੱਖਿਆ ਚੁਨੌਤੀਆਂ ਦਾ ਸਾਹਮਣਾ ਕਰਨ ਲਈ ਇੱਕ ਹਜ਼ਾਰ ਹੋਰ ਸੈਨਿਕਾਂ ਦੀ ਤਾਇਨਾਤੀ ਦੀ ਮਨਜ਼ੂਰੀ ਦਿੱਤੀ ਹੈ।