ਵਾਸ਼ਿੰਗਟਨ: ਅਮਰੀਕਾ ਦੇ ਕੈਲੀਫੋਰਨੀਆ ਵਿੱਚ ਭਾਰਤੀ ਮੂਲ ਦੇ 64 ਸਾਲਾ ਪਰਮਜੀਤ ਸਿੰਘ ਦਾ ਕਤਲ ਕਰ ਦਿੱਤਾ ਗਿਆ। ਮੀਡੀਆ ਰਿਪੋਰਟਾਂ ਮੁਤਾਬਕ ਪਰਮਜੀਤ ਸਿੰਘ ਜਦੋਂ ਸ਼ਾਮ ਦੀ ਸੈਰ ਕਰ ਰਹੇ ਸੀ ਤਾਂ ਅਣਪਛਾਤੇ ਵਿਅਕਤੀ ਨੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ, ਜਿਸ ਨਾਲ ਉਨ੍ਹਾਂ ਦੀ ਮੌਤ ਹੋ ਗਈ। ਲੋਕਾਂ ਦਾ ਕਹਿਣਾ ਹੈ ਕਿ ਪਰਮਜੀਤ ਸਿੰਘ ਇੱਕ ਸਿੱਖ ਸਨ, ਸ਼ਾਇਦ ਇਸੇ ਕਰਕੇ ਉਨ੍ਹਾਂ ‘ਤੇ ਹਮਲਾ ਕੀਤਾ ਗਿਆ ਹੈ।
ਹਾਸਲ ਜਾਣਕਾਰੀ ਮੁਤਾਬਕ ਪਰਮਜੀਤ ਸਿੰਘ ‘ਤੇ ਟਰੈਸੀ ਵਿੱਚ ਗਰੇਚਿਨ ਟੈਲੀ ਪਾਰਕ ਵਿੱਚ ਸ਼ਾਮ ਦੇ ਕਰੀਬ 9 ਵਜੇ ਹਮਲਾ ਕੀਤਾ ਗਿਆ। ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਉਨ੍ਹਾਂ ਦੀ ਮੌਤ ਹੋ ਗਈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਪਰ ਹਾਲੇ ਤਕ ਕਿਸੇ ‘ਤੇ ਵੀ ਸ਼ੱਕ ਨਹੀਂ ਤੇ ਨਾ ਹੀ ਕੋਈ ਮੁਲਜ਼ਮ ਦੀ ਪਛਾਣ ਹੋ ਸਕੀ ਹੈ।
ਘਟਨਾ ਵੇਲੇ ਪਰਮਜੀਤ ਸਿੰਘ ਨੇ ਰਵਾਇਤੀ ਸਿੱਖ ਪੱਗ ਬੰਨ੍ਹੀ ਹੋਈ ਸੀ। ਲੋਕਾਂ ਨੇ ਦੱਸਿਆ ਕਿ ਉਹ ਹਮੇਸ਼ਾ ਦਿਨ ਵਿੱਚ ਦੋ ਵਾਰ ਸੈਰ ਕਰਨ ਲਈ ਜਾਂਦੇ ਸਨ। ਕੁਝ ਵਸਨੀਕਾਂ ਨੇ ਚਿੰਤਾ ਪ੍ਰਗਟਾਈ ਕਿ ਪਰਮਜੀਤ ਸਿੰਘ ‘ਤੇ ਹਮਲਾ ਇਸ ਲਈ ਵੀ ਹੋ ਸਕਦਾ ਹੈ ਕਿਉਂਕਿ ਉਹ ਸਿੱਖ ਸਨ। ਉਨ੍ਹਾਂ ਦੇ ਜਵਾਈ ਹਰਨੇਕ ਸਿੰਘ ਕੰਗ ਨੇ ਦੱਸਿਆ ਕਿ ਪਰਮਜੀਤ ਸਿੰਘ ਸਿੱਖ ਕਮਿਊਨਿਟੀ ਦੇ ਸਰਗਰਮ ਮੈਂਬਰ ਸਨ। ਹਾਲਾਂਕਿ ਪੁਲਿਸ ਨੇ ਅਜਿਹਾ ਮੰਨਣ ਤੋਂ ਇਨਕਾਰ ਕੀਤਾ ਹੈ।