ਅੰਮ੍ਰਿਤਸਰ: ਅਮਰੀਕਾ ਤੋਂ ਭਾਰਤ ਵਾਪਸ ਭੇਜੇ ਗਏ 167 ਭਾਰਤੀਆਂ ਵਿੱਚੋਂ ਇੱਕ ਮੁਸਾਫਰ ਇਬ੍ਰਾਹਿਮ ਜ਼ੁਬੇਰ ਮੁਹੰਮਦ ਦਾ ਅੱਤਵਾਦੀ ਜਥੇਬੰਦੀ ਅਲਕਾਇਦਾ ਨਾਲ ਸਬੰਧ ਨਿਕਲੇ ਹਨ। ਉਸ ਨੂੰ ਅੱਤਵਾਦੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦਾ ਦੋਸ਼ੀ ਕਰਾਰ ਦੇਣ ਤੋਂ ਬਾਅਦ ਡਿਪੋਰਟ ਕੀਤਾ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਤੇਲੰਗਾਨਾ ਨਾਲ ਸਬੰਧ ਜ਼ੁਬੈਰ ਅਲਕਾਇਦਾ ਦਾ ਵਿੱਤੀ ਲੈਣ-ਦੇਣ ਸੰਭਾਲਦਾ ਸੀ। ਅਮਰੀਕਾ ਨੇ 19 ਮਈ ਨੂੰ 167 ਭਾਰਤੀਆਂ ਨਾਲ ਭਰਿਆ ਵਿਸ਼ੇਸ਼ ਜਹਾਜ਼ ਭਾਰਤ ਨੂੰ ਸੌਂਪਿਆ ਸੀ, ਜਿਸ ਵਿੱਚ ਜ਼ੁਬੈਰ ਵੀ ਸਵਾਰ ਸੀ। ਉਸ ਨੂੰ ਅੰਮ੍ਰਿਤਸਰ ਦੇ ਸਵਾਮੀ ਵਿਵੇਕਾਨੰਦ ਨਸ਼ਾ ਛੁਡਾਊ ਕੇਂਦਰ ਵਿੱਚ ਏਕਾਂਤਵਾਸ ਕੀਤਾ ਗਿਆ ਹੈ।
ਪੁਲਿਸ ਕਮਿਸ਼ਨਰ ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ ਇਹ ਵਿਅਕਤੀ ਪੁਲਿਸ ਨੂੰ ਲੋੜੀਂਦਾ ਨਹੀਂ ਹੈ ਤੇ ਮੀਡੀਆ ਵਿੱਚ ਇਸ ਦੇ ਅਲਕਾਇਦਾ ਨਾਲ ਕਥਿਤ ਸਬੰਧ ਬਾਰੇ ਚਰਚਾ ਚੱਲ ਰਹੀ ਪਰ ਉਨ੍ਹਾਂ ਕੋਲ ਇਸ ਬਾਰੇ ਵੀ ਕੋਈ ਰਿਕਾਰਡ ਨਹੀਂ ਹੈ। ਜ਼ੁਬੈਰ ਪੇਸ਼ੇ ਵਜੋਂ ਇੰਜਨੀਅਰ ਹੈ ਤੇ ਸਾਲ 2001 ਵਿੱਚ ਉਹ ਅਮਰੀਕਾ ਚਲਿਆ ਗਿਆ ਸੀ।
ਉੱਥੇ ਉਸ ਨੇ ਕੋਲੰਬਰ ਸਥਿਤ ਓਹੀਓ ਵਿੱਚ ਆਪਣੀ ਪੜ੍ਹਾਈ ਕੀਤੀ ਅਤੇ ਫਿਰ ਅਲਕਾਇਦਾ ਦੇ ਸੰਪਰਕ ਵਿੱਚ ਆ ਗਿਆ। ਇਸ ਤੋਂ ਬਾਅਦ ਉਸ ਨੇ ਅਰਬ ਦੇਸ਼ਾਂ ਦਾ ਦੌਰਾ ਵੀ ਕੀਤਾ ਤੇ ਸਾਲ 2006 ਵਿੱਚ ਉਸ ਨੇ ਅਮਰੀਕੀ ਔਰਤ ਨਾਲ ਵਿਆਹ ਕਰ ਲਿਆ।
ਹੁਣ ਚਰਚਾ ਹੈ ਕਿ ਜ਼ੁਬੈਰ ਤੇ ਉਸ ਦੇ ਭਰਾ ਸਮੇਤ ਚਾਰ ਵਿਅਕਤੀਆਂ ਨੂੰ ਅਮਰੀਕੀ ਅਦਾਲਤ ਵੱਲੋਂ ਅਤਿਵਾਦੀ ਜਥੇਬੰਦੀ ਦੀ ਵਿੱਤੀ ਮਦਦ ਦੇ ਦੋਸ਼ ਹੇਠ ਦੋਸ਼ੀ ਠਹਿਰਾਉਣ ਮਗਰੋਂ ਸਜ਼ਾ ਸੁਣਾਈ ਗਈ ਸੀ ਜੋ ਪੂਰੀ ਹੋਣ ਮਗਰੋਂ ਉਸ ਨੂੰ ਭਾਰਤ ਵਾਪਸ ਭੇਜ ਦਿੱਤਾ ਗਿਆ ਹੈ।