ਵਾਸ਼ਿੰਗਟਨ: ਪੰਜਾਬੀ ਮੂਲ ਦੇ ਅਮਰੀਕੀ ਵਿਅਕਤੀ ਨੂੰ ਆਪਣੀ ਬੰਦੂਕ ਨਾਲ ਸਮਲਿੰਗੀ ਭਾਈਚਾਰੇ ਦੇ ਲੋਕਾਂ ਨੂੰ ਡਰਾਉਣ ਦੇ ਇਲਜ਼ਾਮ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਲੋਕ ਵਿੱਚ ਆਪਣੇ ਭਾਈਚਾਰੇ ਦੇ ਹੱਕਾਂ ਦੀ ਰਾਖੀ ਲਈ ਪਰੇਡ ਕੱਢ ਰਹੇ ਸਨ। ਇਸੇ ਦੌਰਾਨ 38 ਸਾਲਾ ਆਫ਼ਤਾਬਜੀਤ ਸਿੰਘ ਨੇ ਆਪਣੀ ਬੰਦੂਕ ਕੱਢ ਲਈ।
ਦਰਅਸਲ, ਉਹ ਕਿਸੇ ਹੋਰ ਵਿਅਕਤੀ ਨੂੰ ਧਮਕਾਉਣਾ ਚਾਹੁੰਦਾ ਸੀ ਪਰ ਇਹ ਭੁੱਲ ਗਿਆ ਕਿ ਉੱਥੇ ਹੋਰ ਵੀ ਲੋਕ ਮੌਜੂਦ ਹਨ। ਦੱਸਿਆ ਜਾ ਰਿਹਾ ਹੈ ਕਿ ਲੋਕਾਂ ਨੇ ਉੱਥੇ ਗੋਲ਼ੀਆਂ ਚੱਲਣ ਦੇ ਕਾਫੀ ਖੜਾਕ ਸੁਣੇ ਪਰ ਪੁਲਿਸ ਨੇ ਅਜਿਹੀ ਘਟਨਾ ਤੋਂ ਇਨਕਾਰ ਕਰ ਦਿੱਤਾ। ਇਸ ਦੌਰਾਨ ਰੈਲੀ ਵਿੱਚ ਮੌਜੂਦ ਲੋਕਾਂ ਵਿੱਚ ਹਫੜਾ-ਦਫੜੀ ਮੱਚ ਗਈ, ਜਿਸ ਦੌਰਾਨ ਕਈਆਂ ਦੇ ਫੱਟੜ ਹੋਣ ਦੀ ਵੀ ਖ਼ਬਰ ਹੈ।
ਪੁਲਿਸ ਨੇ ਦੱਸਿਆ ਕਿ ਉਨ੍ਹਾਂ ਆਫ਼ਤਾਬਜੀਤ ਕੋਲੋਂ ਬੀਬੀ ਗੰਨ ਬਰਾਮਦ ਕੀਤੀ ਹੈ, ਜੋ ਹਵਾ ਵਿੱਚ ਧਾਤੂ ਦੇ ਟੁਕੜਿਆਂ ‘ਤੇ ਨਿਸ਼ਾਨੇ ਲਾਉਣ ਲਈ ਵਰਤੋਂ ਵਿੱਚ ਲਿਆਂਦੀ ਜਾਂਦੀ ਹੈ। ਉਸ ਕੋਲ ਇਸ ਬੰਦੂਕ ਨੂੰ ਰੱਖਣ ਲਈ ਕੋਈ ਅਧਿਕਾਰਤ ਦਸਤਾਵੇਜ਼ ਜਾਂ ਲਾਈਸੰਸ ਆਦਿ ਵੀ ਮੌਜੂਦ ਨਹੀਂ ਸੀ। ਉਸ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।