ਵਾਸ਼ਿੰਗਟਨ: ਬਿਹਤਰ ਜ਼ਿੰਦਗੀ ਦੀ ਤਲਾਸ਼ ਵਿੱਚ ਮੈਕਸੀਕੋ ਤੋਂ ਅਮਰੀਕਾ ਜਾ ਰਹੇ ਸੈਂਕੜੇ ਸ਼ਰਨਾਰਥੀ ਆਪਣੀ ਜਾਨ ਗੁਆ ਰਹੇ ਹਨ। ਇਸ ਸਾਲ 27 ਜੂਨ ਤਕ 1,224 ਸ਼ਰਨਾਰਥੀਆਂ ਦੀ ਮੌਤ ਹੋਣ ਦੀ ਖ਼ਬਰ ਹੈ। ਇਨ੍ਹਾਂ ਵਿੱਚੋਂ 170 ਲੋਕ ਅਮਰੀਕੀ-ਮੈਕਸੀਕੋ ਸਰਹੱਦ ‘ਤੇ ਮਾਰੇ ਗਏ ਹਨ।
ਇੰਟਰਨੈਸ਼ਨਲ ਆਰਗੇਨਾਈਜ਼ੇਸ਼ਨ ਆਫ ਮਾਈਗ੍ਰੇਸ਼ਨ ਮੁਤਾਬਕ ਜਨਵਰੀ 2015 ਤੋਂ ਲੈ ਕੇ 27 ਜੂਨ 2019 ਤਕ 32,182 ਪ੍ਰਵਾਸੀਆਂ ਦੀ ਮੌਤ ਹੋਈ ਹੈ। ਇਸ ਦੌਰਾਨ ਅਮਰੀਕਾ ਮੈਕਸੀਕੋ ਸਰਹੱਦ ‘ਤੇ 2,075 ਲੋਕ ਮਾਰੇ ਗਏ। ਮੱਧ ਅਮਰੀਕਾ ਦੇਸ਼ਾਂ ਵਿੱਚ ਰਹਿਣ ਵਾਲੇ ਲੋਕ ਅਮਰੀਕਾ ਵਿੱਚ ਸ਼ਰਣ ਮੰਗਦੇ ਹਨ ਪਰ ਹੁਣ ਏਸ਼ਿਆਈ ਤੇ ਖ਼ਾਸ ਕਰ ਕੇ ਪੰਜਾਬੀਆਂ ਦਾ ਰੁਝਾਨ ਵੀ ਇਸ ਗੈਰ ਕਾਨੂੰਨੀ ਪ੍ਰਵਾਸ ਵੱਲ ਵਧ ਰਿਹਾ ਹੈ।ਅਮਰੀਕਾ ਦੇ ਸਰਕਾਰੀ ਅੰਕੜਿਆਂ ਮੁਤਾਬਕ ਸਾਲ 2017 ਵਿੱਚ 55,584 ਲੋਕਾਂ ਨੇ ਸ਼ਰਨ ਮੰਗੀ ਸੀ ਜਦਕਿ ਅਗਲੇ ਸਾਲ 92,959 ਸ਼ਰਨਾਰਥੀਆਂ ਨੇ ਅਮਰੀਕਾ ਵਿੱਚ ਸ਼ਰਨ ਲਈ ਬਿਨੈ ਕੀਤਾ ਸੀ। ਮਾਈਗ੍ਰੇਸ਼ਨ ਡੇਟਾ ਐਨਾਲੇਸਿਸ ਸੈਂਟਰ, ਆਈਓਐਮ ਮੁਤਾਬਕ ਸਭ ਤੋਂ ਵੱਧ ਮੌਤਾਂ ਭੂਮੱਧ ਸਾਗਰ ਵਿੱਚ ਹੋਈਆਂ ਹਨ। ਇੱਥੇ 18,515 ਸ਼ਰਨਾਰਥੀ ਸਫਰ ਦੌਰਾਨ ਮਾਰੇ ਗਏ।
ਪਿਛਲੇ ਦਿਨੀਂ ਰਿਓ ਗਾਂਡ ਨਦੀ ਪਾਰ ਕਰਦੇ ਹੋਏ ਸਾਲਵੇਡੇਰੀਅਨ ਨਾਗਰਿਕ ਆਸਕਰ ਤੇ ਉਸ ਦੀ 23 ਮਹੀਨਿਆਂ ਦੀ ਧੀ ਵਲੇਰੀਆ ਦੀਆਂ ਲਾਸ਼ਾਂ ਦੀ ਤਸਵੀਰ ਵਾਇਰਲ ਹੋਈਆਂ ਸਨ। ਇਸ ਤੋਂ ਪਹਿਲਾਂ ਪੰਜਾਬੀ ਕੁੜੀ ਗੁਰਪ੍ਰੀਤ ਕੌਰ ਦੀ ਮੌਤ ਹੋਣ ਦੀ ਖ਼ਬਰ ਸੀ, ਜੋ ਆਪਣੀ ਮਾਂ ਨਾਲ ਆਪਣੇ ਅਮਰੀਕਾ ਰਹਿੰਦੇ ਪਿਤਾ ਕੋਲ ਪਹੁੰਚਣ ਦੀ ਕੋਸ਼ਿਸ਼ ਵਿੱਚ ਸੀ।