37.11 F
New York, US
February 26, 2021
PreetNama
ਸਿਹਤ/Health

Exam preparation : ਘੜੀ ਪ੍ਰੀਖਿਆ ਦੀ ਆਈ ਕਰੋ ਮਨ ਲਾ ਕੇ ਪੜ੍ਹਾਈ

ਪ੍ਰੀਖਿਆਵਾਂ ਦਾ ਸਮਾਂ ਨਜ਼ਦੀਕ ਆਉਂਦਾ ਜਾ ਰਿਹਾ ਹੈ। ਅਜਿਹੇ ’ਚ ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ਪ੍ਰਤੀ ਜਾਗਰੂਕਤਾ ਲਿਆਉਣ ਦੀ ਲੋੜ ਹੈ ਤਾਂ ਜੋ ਚੰਗੇ ਅੰਕ ਪ੍ਰਾਪਤ ਕਰ ਕੇ ਸਾਲ ਭਰ ਦੀ ਮਿਹਨਤ ਦਾ ਮੁੱਲ ਪਾਇਆ ਜਾ ਸਕੇ। ਜੇ ਵਿਦਿਆਰਥੀ ਹਾਲੇ ਤਕ ਵੀ ਆਪਣੀ ਪੜ੍ਹਾਈ ਪ੍ਰਤੀ ਜਾਗਰੂਕ ਨਹੀਂ ਹੋਏ ਤਾਂ ਇਸ ਦਾ ਮਤਲਬ ਇਹ ਵੀ ਹੋ ਸਕਦਾ ਹੈ ਕਿ ਪੜ੍ਹਾਈ ’ਚ ਦਿਲ ਨਾ ਲੱਗਣਾ, ਜੋ ਪੜ੍ਹਿਆ ਹੈ ਉਹ ਸਮਝ ਨਾ ਆਉਣਾ, ਕਿਵੇਂ ਪੜ੍ਹੀਏ ਜਾਂ ਕਿੱਥੋਂ ਸ਼ੁਰੂਆਤ ਕਰੀਏ, ਪੜ੍ਹਾਈ ਤੋਂ ਪਾਸਾ ਵੱਟਣਾ ਤੇ ਝੂਠੀ ਘਬਰਾਹਟ ਦਾ ਸਹਾਰਾ ਲੈਣਾ ਆਦਿ ਗੱਲਾਂ ਅਕਸਰ ਵਿਦਿਆਰਥੀ ਦੀ ਜ਼ਿੰਦਗੀ ਨਾਲ ਜੁੜੀਆਂ ਹੁੰਦੀਆਂ ਹਨ। ਇਨ੍ਹਾਂ ਗੱਲਾਂ ਤੋਂ ਬਚਣ ਲਈ ਸਭ ਤੋਂ ਪਹਿਲਾ ਕੰਮ ਹੈ ਕਿ ਕਦੇ ਪੜ੍ਹਾਈ ਨੂੰ ਬੋਝ ਨਾ ਮੰਨੋ। ਪੜ੍ਹਾਈ ਨੂੰ ਆਪਣੇ ਜੀਵਨ ਦਾ ਰੋਚਕ ਤੇ ਦਿਲਚਸਪ ਵਿਸ਼ਾ ਬਣਾਓ। ਪੜ੍ਹਨ ਨੂੰ ਆਪਣਾ ਸ਼ੌਕ ਬਣਾਓ। ਜੋ ਵਿਦਿਆਰਥੀ ਸ਼ੌਕ ਤੇ ਦਿਲਚਸਪੀ ਨਾਲ ਪੜ੍ਹਾਈ ਕਰਦੇ ਹਨ, ਉਹ ਜ਼ਿੰਦਗੀ ’ਚ ਹਮੇਸ਼ਾ ਕਾਮਯਾਬੀ ਹਾਸਿਲ ਕਰਦੇ ਹਨ। ਪ੍ਰੀਖਿਆ ਦੀ ਤਿਆਰੀ ਲਈ ਸਭ ਤੋਂ ਜ਼ਰੂਰੀ ਕੰਮ ਹੈ ਸਮਾਂ ਸਾਰਨੀ ਬਣਾਉਣਾ। ਸਮਾਂ ਸਾਰਨੀ ਅਨੁਸਾਰ ਪੜ੍ਹਾਈ ਕਰਨੀ ਚਾਹੀਦੀ ਹੈ ਤਾਂ ਜੋ ਹਰ ਵਿਸ਼ੇ ਨੂੰ ਬਰਾਬਰ ਤਰਜੀਹ ਦਿੱਤੀ ਜਾ ਸਕੇ।
ਰੋਜ਼ਾਨਾ ਕੰਮਾਂ ਦੀ ਬਣਾਓ ਸੂਚੀ

ਇਸ ਦਾ ਮਤਲਬ ਹੈ ਕਿ ਪਹਿਲਾਂ ਤੁਸੀਂ ਆਪਣੇ ਰੋਜ਼ਾਨਾ ਦੇ ਕੰਮਾਂ ’ਤੇ ਨਿਰੀਖਣ ਕਰੋ ਤੇ ਪਤਾ ਕਰੋ ਕਿ ਤੁਸੀਂ ਕਿਹੜੇ ਕੰਮ ਕਰਦੇ ਹੋ, ਜੋ ਮਹੱਤਵਪੂਰਨ ਹਨ ਤੇ ਮਹੱਤਵਪੂਰਨ ਨਹੀਂ ਹਨ। ਉਨ੍ਹਾਂ ਦੀ ਇਕ ਸੂਚੀ ਬਣਾਓ ਅਤੇ ਦਿਨ ਵੇਲੇ ਕਰਨ ਵਾਲੇ ਜ਼ਰੂਰੀ ਕੰਮਾਂ ’ਤੇ ਟਿਕ () ਲਗਾਓ ਤੇ ਜੋ ਕੰਮ ਮਹੱਤਵਪੂਰਨ ਨਹੀਂ ਸਨ, ਤੁਹਾਡੇ ਵੱਲੋਂ ਕੀਤੇ ਗਏ ਉਨ੍ਹਾਂ ਕੰਮਾਂ ਸਾਹਮਣੇ ਕਰਾਸ (¿) ਦਾ ਨਿਸ਼ਾਨ ਲਗਾਓ। ਅਜਿਹੇ ਕੰਮਾਂ ਨੂੰ ਕਰਨ ਦਾ ਮਤਲਬ ਹੁੰਦਾ ਹੈ ਕਿ ਤੁਸੀਂ ਆਪਣੇ ਕਿਸ ਸਮੇਂ ਨੂੰ ਵਿਅਰਥ ’ਚ ਖ਼ਰਚ ਕੀਤਾ ਹੈ ਅਤੇ ਕਿਸ ਸਮੇਂ ਨੂੰ ਸਹੀ ਵਰਤਿਆ ਹੈ। ਹੁਣ ਤੁਸੀਂ ਉਨ੍ਹਾਂ ਵਿਸ਼ਿਆਂ ਦੀ ਮੁੜ ਸੂਚੀ ਬਣਾਓ, ਜੋ ਤੁਹਾਡੇ ਲਈ ਅਤੇ ਤੁਹਾਡੀ ਪੜ੍ਹਾਈ ਲਈ ਮਹੱਤਵਪੂਰਨ ਹਨ।
ਆਰਾਮ ਦੀ ਜ਼ਰੂਰਤ
ਪੜ੍ਹਾਈ ਦੌਰਾਨ ਹਰੇਕ 40-50 ਮਿੰਟ ਦੇ ਫ਼ਰਕ ਤੋਂ ਬਾਅਦ 5 ਤੋਂ 10 ਮਿੰਟ ਤਕ ਦੀ ਬੇ੍ਰਕ ਦਿਉ। ਇਸ ਨਾਲ ਤੁਸੀਂ ਖ਼ੁਦ ਨੂੰ ਮੁੜ ਤਰੋਤਾਜ਼ਾ ਜਾਂ ਹਲਕਾ ਮਹਿਸੂਸ ਕਰ ਸਕਦੇ ਹੋ। ਇਸੇ ਦੌਰਾਨ ਜੇ ਜ਼ਿਆਦਾ ਥਕਾਵਟ ਮਹਿਸੂਸ ਕਰਦੇ ਹੋ ਤਾਂ ਟੀਵੀ ਆਦਿ ਦੇਖ ਸਕਦੇ ਹੋ। ਤੁਸੀ ਖ਼ੁਦ ਲਈ ਚਾਹ ਜਾਂ ਕੌਫ਼ੀ ਤਿਆਰ ਕਰ ਸਕਦੇ ਹੋ। ਪੜ੍ਹਨ ਦੇ ਨਾਲ-ਨਾਲ ਤੁਹਾਡੇ ਟਾਈਮ ਟੇਬਲ ’ਚ ਬ੍ਰੇਕ ਟਾਈਮ ਦਾ ਹੋਣਾ ਬਹੁਤ ਜ਼ਰੂਰੀ ਹੈ।
ਘਰੇਲੂ ਕੰਮਾਂ ਦੀ ਸੂਚੀ ਬਣਾਓ
ਇਹ ਜ਼ਰੂਰੀ ਨਹੀਂ ਕਿ ਤੁਸੀਂ ਧਾਰ ਹੀ ਲਵੋ ਕਿ ਪੜ੍ਹਾਈ ਤੇ ਸਿਰਫ਼ ਪੜ੍ਹਾਈ ਲਈ ਹੀ ਟਾਈਮ ਟੇਬਲ ਵਿਚ ਸਮਾਂ ਕੱਢੋਗੇ। ਕੁਝ ਘਰੇਲੂ ਕੰਮਾਂ ਦਾ ਇਸ ਸਾਰਨੀ ਵਿਚ ਸ਼ਾਮਲ ਹੋਣਾ ਬਹੁਤ ਜ਼ਰੂਰੀ ਹੈ। ਇਨ੍ਹਾਂ ਕੰਮਾਂ ਲਈ ਤੁਸੀਂ ਵੱਖ ਤੋਂ ਇਕ ਦਿਨ ਦਾ ਸਮਾਂ ਵੀ ਕੱਢ ਸਕਦੇ ਹੋ।
ਇਸ ਪੂਰੇ ਦਿਨ ਤੁਸੀਂ ਚਾਹੋ ਤਾਂ ਆਪਣੇ ਹੋਰ ਜ਼ਰੂਰੀ ਕੰਮ ਖ਼ਤਮ ਕਰ ਸਕਦੇ ਹੋ ਜਿਵੇਂ ਬਾਜ਼ਾਰ ਤੋਂ ਸਮਾਨ ਖ਼ਰੀਦਣਾ, ਆਪਣੇ ਕੱਪੜੇ ਧੋਣਾ, ਜੁੱਤੇ ਪਾਲਿਸ਼ ਕਰਨਾ, ਕੱਪੜੇ ਪ੍ਰੈੱਸ ਕਰਨਾ, ਕਮਰੇ ਦੀ ਸਫ਼ਾਈ ਕਰਨਾ, ਕਿਤਾਬਾਂ ਨੂੰ ਸਹੀ ਢੰਗ ਨਾਲ ਰੱਖਣਾ ਆਦਿ। ਇਸ ਸਭ ਲਈ ਤੁਹਾਨੂੰ ਸਮਾਂ ਕੱਢਣਾ ਚਾਹੀਦਾ ਹੈ ਕਿਉਂਕਿ ਇਹ ਉਹ ਕੰਮ ਹੁੰਦੇ ਹਨ, ਜੋ ਤੁਹਾਡੇ ਵਿਦਿਆਰਥੀ ਜੀਵਨ ਨੂੰ ਪ੍ਰਭਾਵਿਤ ਕਰਦੇ ਹਨ।
ਕੰਮ ਤੁਰੰਤ ਕਰਨ ਦੀ ਪਾਓ ਆਦਤ
ਤੁਹਾਡਾ ਟਾਈਮ ਟੇਬਲ ਪੂਰੀ ਤਰ੍ਹਾਂ ਤਿਆਰ ਹੋ ਜਾਣ ਤੋਂ ਬਾਅਦ ਹੁਣ ਤੁਹਾਨੂੰ ਲੋੜ ਹੁੰਦੀ ਹੈ ਆਪਣੇ ਕੰਮਾਂ ਨੂੰ ਟਾਈਮ ਟੇਬਲ ਅਨੁਸਾਰ ਕਰਨ ਦੀ। ਸੂਚੀ ’ਚ ਦਿੱਤੇ ਗਏ ਸਮੇਂ ਨਾਲ ਹੀ ਉਚਿਤ ਕੰਮ ਕਰਨ ਲਈ ਖ਼ੁਦ ਨੂੰ ਮਜ਼ਬੂਤ ਬਣਾਓ ਤੇ ਬਣਾਏ ਟਾਈਮ ਟੇਬਲ ਦਾ ਪਾਲਣ ਸੁਚਾਰੂ ਢੰਗ ਨਾਲ ਕਰੋ। ਆਪਣੇ ਆਲਸ ਨੂੰ ਤਿਆਗੋ ਤੇ ਕੰਮ ਨੂੰ ਤੁਰੰਤ ਕਰਨ ਦੀ ਆਦਤ ਪਾਓ। ਜੇ ਤੁਸੀਂ ਚਾਹੋ ਤਾਂ ਸਮਾਂ ਸਾਰਨੀ ’ਚ ਫੇਰਬਦਲ ਵੀ ਕਰ ਸਕਦੇ ਹੋ। ਜੇ ਤੁਹਾਨੂੰ ਲਗਦਾ ਹੈ ਕਿ ਕੁਝ ਕੰਮਾਂ ਦਾ ਹੋਰ ਸ਼ਾਮਲ ਹੋਣਾ ਵੀ ਜ਼ਰੂਰੀ ਹੈ ਤਾਂ ਤੁਸੀਂ ਉਨ੍ਹਾਂ ਕੰਮਾਂ ਨੂੰ ਸੂਚੀ ’ਚ ਪਾ ਸਕਦੇ ਹੋ ਤੇ ਆਪਣੇ ਟਾਈਮ ਟੇਬਲ ਨੂੰ ਹੋਰ ਵੀ ਜ਼ਿਆਦਾ ਮਜ਼ਬੂਤ ਬਣਾ ਸਕਦੇ ਹੋ।
ਪ੍ਰੀਖਿਆਵਾਂ ਦਾ ਸੀਜ਼ਨ ਹੋਣ ਕਰਕੇ ਹਰੇਕ ਵਿਦਿਆਰਥੀ ਨੂੰ ਲੋੜ ਹੈ ਕਿ ਸੁਚੱਜੇ ਟਾਈਮ ਟੇਬਲ ਰਾਹੀਂ ਕੀਮਤੀ ਸਮੇਂ ਦਾ ਸਦਉਪਯੋਗ ਕਰਦਿਆਂ ਪੜ੍ਹਾਈ ਕਰੇ। ਪ੍ਰੀਖਿਆਵਾਂ ਦੌਰਾਨ ਮਾਨਸਿਕ ਤੰਦਰੁਸਤੀ ਲਈ ਸਰੀਰਕ ਤੰਦਰੁਸਤੀ ਦੀ ਬਹੁਤ ਅਹਿਮੀਅਤ ਹੈ। ਤੰਦਰੁਸਤ ਸਰੀਰ ’ਚ ਹੀ ਤੰਦਰੁਸਤ ਮਨ ਨਿਵਾਸ ਕਰਦਾ ਹੈ। ਪੜ੍ਹਾਈ ਦੇ ਨਾਲ-ਨਾਲ ਖ਼ੁਦ ਨੂੰ ਬਿਮਾਰੀ ਤੋਂ ਬਚਾ ਕੇ ਰੱਖਣਾ ਵੀ ਜ਼ਰੂਰੀ ਹੈ।
ਅਧਿਐਨ ਦਾ ਰੱਖੋ ਧਿਆਨ
ਇਸ ਗੱਲ ਨੂੰ ਹਰ ਵਿਦਿਆਰਥੀ ਚੰਗੀ ਤਰ੍ਹਾਂ ਸਮਝ ਸਕਦਾ ਹੈ ਕਿ ਉਹ ਹਰ ਵਿਸ਼ੇ ’ਚ ਕਮਜ਼ੋਰ ਨਹੀਂ ਹੁੰਦਾ। ਜਿਹੜੇ ਵਿਸ਼ੇ ’ਚੋਂ ਤੁਸੀਂ ਕਮਜ਼ੋਰ ਹੋ ਜਾਂ ਜਿਨ੍ਹਾਂ ਵਿਸ਼ਿਆਂ ਨੂੰ ਤੁਹਾਡੀ ਮਿਹਨਤ ਦੀ ਸਖ਼ਤ ਲੋੜ ਹੈ, ਉਨ੍ਹਾਂ ਨੂੰ ਆਪਣੇ ਮਹੱਤਵਪੂਰਨ ਬਿੰਦੂਆਂ ਤੇ ਸਿਖ਼ਰ ’ਤੇ ਰੱਖੋ ਅਤੇ ਵੱਧ ਸਮਾਂ ਦਿਉ। ਜਿਨ੍ਹਾਂ ’ਤੇ ਤੁਹਾਡੀ ਪਕੜ ਚੰਗੀ ਹੁੰਦੀ ਹੈ, ਉਨ੍ਹਾਂ ਦਾ ਵੀ ਅਧਿਐਨ ਕਰਨਾ ਨਾ ਭੁੱਲੋ।
ਪੜ੍ਹਾਈ ਲਈ ਬਣਾਓ ਸਮਾਂ ਸਾਰਨੀ
ਹੁਣ ਲੋੜ ਹੈ ਤੁਹਾਨੂੰ ਟਾਈਮ ਟੇਬਲ ਦੀ ਚੋਣ ਕਰਨ ਦੀ। ਸਵੇਰੇ ਤੁਹਾਡੇ ਜਾਗਣ ਤੋਂ ਬਾਅਦ ਰੋਜ਼ਾਨਾ ਕੀਤੇ ਜਾ ਰਹੇ ਕੰਮਾਂ ਨੂੰ ਇਸ ਸੂਚੀ ’ਚ ਪਾਓ ਤੇ ਹਰ ਵਿਸ਼ੇ ਨੂੰ ਜ਼ਿਆਦਾ ਲੰਮੇ ਸਮੇਂ ਤਕ ਨਾ ਰੱਖੋ ਕਿਉਂਕਿ ਕਿਸੇ ਵਿਸ਼ੇ ਨੂੰ ਲਗਾਤਾਰ ਲੰਮੇ ਸਮੇਂ ਤਕ ਪੜ੍ਹਦੇ ਰਹਿਣ ਦੀ ਵਜ੍ਹਾ ਨਾਲ ਤੁਹਾਡਾ ਦਿਮਾਗ਼ ਤਣਾਅਗ੍ਰਸਤ ਤ ਹੋ ਸਕਦਾ ਹੈ। ਇਸ ਲਈ ਪੜ੍ਹਾਈ ਦੇ ਵਿਸ਼ਿਆਂ ਨੂੰ ਸੂਚੀ ਵਿਚ 40 ਤੋਂ 50 ਮਿੰਟ ਤਕ ਦਾ ਹੀ ਸਮਾਂ ਦਿਉ।

Related posts

ਸਰਦੀਆਂ ‘ਚ ਲਾਲ ਸਬਜੀਆਂ ਖਾਣ ਨਾਲ ਆਵੇਗਾ ਗੋਰਾਪਨ !

On Punjab

ਚਾਹ ਦਾ ਇੱਕ ਕੱਪ ਘਟਾਏਗਾ ਤੁਹਾਡਾ ਵਜ਼ਨ, ਜਾਣੋ ਤਰੀਕਾ

On Punjab

ਮੌਨਸੂਨ ‘ਚ ਵਧੇਗਾ ਕੋਰੋਨਾ ਦਾ ਖ਼ਤਰਾ, IIT Bombay ਦੇ ਅਧਿਐਨ ‘ਚ ਦਾਅਵਾ

On Punjab
%d bloggers like this: