ਕੈਰੇਬੀਅਨ ਪ੍ਰੀਮੀਅਰ ਲੀਗ 2019 ਦੇ ਫਾਈਨਲ ਵਿੱਚ ਪਹੁੰਚੀ ਸ਼ੋਏਬ ਮਲਿਕ ਦੀ ਟੀਮ ਗੁਆਨਾ ਅਮੇਜਨ ਵਾਰੀਅਰਸ ਨੂੰ ਫਾਈਨਲ ਮੁਕਾਬਲੇ ਵਿੱਚ ਬਾਰਬਾਡੋਸ ਟਾਈਡੇਟ੍ਰਸ ਦੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ । ਇਸ ਮੁਕਾਬਲੇ ਵਿੱਚ ਬਾਰਬਾਡੋਸ ਨੇ ਗੁਆਨਾ ਅਮੇਜਨ ਵਾਰੀਅਰਸ ਨੂੰ 27 ਦੌੜਾਂ ਨਾਲ ਹਰਾਇਆ ਤੇ ਦੂਜੀ ਵਾਰ CPL ਦਾ ਖਿਤਾਬ ਆਪਣੇ ਨਾਂ ਕਰ ਲਿਆ । ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਾਲ 2014 ਵਿੱਚ ਵੀ ਬਾਰਬਾਡੋਸ ਨੇ ਇਹ ਖਿਤਾਬ ਆਪਣੇ ਨਾਂ ਕੀਤਾ ਸੀ ।ਇਸ ਮੁਕਾਬਲੇ ਵਿੱਚ ਬਾਰਬਾਡੋਸ ਨੇ ਪਹਿਲਾਂ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਜਾਨਸਨ ਚਾਲਰਸ ਨੇ 39 ਦੌੜਾਂ ਤੇ ਜੋਨਾਥਨ ਕਾਰਟਰ ਨੇ 50 ਦੌੜਾਂ ਬਣਾਈਆਂ । ਇਨ੍ਹਾਂ ਦੌੜਾਂ ਦੀ ਦੀ ਬਦੌਲਤ ਟੀਮ ਦਾ ਸਕੋਰ 20 ਓਵਰਾਂ ਵਿੱਚ 6 ਵਿਕਟਾਂ ਦੇ ਨੁਕਸਾਨ ‘ਤੇ 171 ਦੌੜਾਂ ‘ਤੇ ਪਹੁੰਚ ਗਿਆ ।
ਇਸ ਮੁਕਾਬਲੇ ਵਿੱਚ ਚਾਲਰਸ ਤੇ ਕਾਰਟਰ ਤੋਂ ਇਲਾਵਾ ਕੋਈ ਵੀ ਹੋਰ ਖਿਡਾਰੀ ਵਧੀਆ ਪ੍ਰਦਰਸ਼ਨ ਨਹੀਂ ਕਰ ਸਕਿਆ । ਇਸ ਟੀਚੇ ਦਾ ਪਿੱਛਾ ਕਰਨ ਉਤਰੀ ਵਾਰੀਅਰਸ ਦੀ ਟੀਮ ਸਿਰਫ 144 ਦੌੜਾਂ ਹੀ ਬਣਾ ਸਕੀ ਤੇ ਇਹ ਮੁਕਾਬਲਾ 27 ਦੌੜਾਂ ਨਾਲ ਹਾਰ ਗਈ ।