Sultanpur lodhi langar: ਸੁਲਤਾਨਪੁਰ ਲੋਧੀ: ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸੰਗਤਾਂ ਲਈ ਲੰਗਰ ਦਾ ਪ੍ਰਬੰਧ ਕਰਨ ਚ ਵੱਖ-ਵੱਖ ਸੰਤਾਂ-ਮਹਾਪੁਰਸ਼ਾਂ ਅਤੇ ਧਾਰਮਿਕ ਸੰਸਥਾਵਾਂ ਵਲੋਂ ਵਿਸ਼ਾਲ ਲੰਗਰਾਂ ਦੇ ਪ੍ਰਬੰਧ ਕੀਤੇ ਜਾ ਰਹੇ ਹਨ । ਸਰਕਾਰ ਵੱਲੋਂ ਕਰੀਬ 70 ਲੰਗਰ ਲਾਉਣ ਵਾਲੀਆਂ ਸੰਸਥਾਵਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ । ਪੰਜਾਬ ਸਰਕਾਰ ਵੱਲੋਂ ਬਣਾਏ ਮੁੱਖ ਪੰਡਾਲ ਦੇ ਸਾਹਮਣੇ 13 ਏਕੜ ਵਿੱਚ ਸਭ ਤੋਂ ਵੱਡਾ ਲੰਗਰ ਗੁਰਦੁਆਰਾ ਲੰਗਰ ਸਾਹਿਬ ਡੇਰਾ ਸੰਤ ਬਾਬਾ ਨਿਧਾਨ ਸਿੰਘ ਜੀ ਸ਼੍ਰੀ ਹਜੂਰ ਸਾਹਿਬ ਨੰਦੇੜ ਵਾਲਿਆਂ ਵੱਲੋਂ ਲਗਾਇਆ ਗਿਆ ਹੈ ।
ਦਰਅਸਲ, ਸੰਤ ਬਾਬਾ ਨਰਿੰਦਰ ਸਿੰਘ ਅਤੇ ਸੰਤ ਬਾਬਾ ਬਲਵਿੰਦਰ ਸਿੰਘ ਕਾਰਸੇਵਾ ਵਾਲਿਆਂ ਦੀ ਨਿਗਰਾਨੀ ਵਿੱਚ ਲਗਾਏ ਇਸ ਲੰਗਰ ਵਿੱਚ ਰੋਜ਼ਾਨਾ ਸਵਾ ਲੱਖ ਤੋਂ ਜ਼ਿਆਦਾ ਸੰਗਤ ਲੰਗਰ ਛਕ ਰਹੀ ਹੈ । ਇਸ ਲੰਗਰ ਵਿੱਚ ਸਪੈਸ਼ਲ ਫਾਸਟ ਫੂਡ ਲੰਗਰ ਦੀ ਵੀ ਵਿਵਸਥਾ ਕੀਤੀ ਗਈ ਹੈ । ਇਸ ਤੋਂ ਇਲਾਵਾ ਇੱਥੇ ਪੰਜਾਬੀ ਤੋਂ ਲੈ ਕੇ ਸਾਊਥ ਇੰਡਿਅਨ ਫੂਡ ਦੀ ਵੀ ਵਿਵਸਥਾ ਹੈ ।
ਇਸ ਸਬੰਧੀ ਸੰਤ ਬਾਬਾ ਨਰਿੰਦਰ ਸਿੰਘ ਅਤੇ ਸੰਤ ਬਾਬਾ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਕਿਰਤ ਕਰੋ ਨਾਮ ਜਪੋ ਅਤੇ ਵੰਡ ਛਕੋ ਦੇ ਫਲਸਫੇ ਦਾ ਪਾਲਣ ਕਰ ਰਹੇ ਹਨ । ਉਨ੍ਹਾਂ ਕਿਹਾ ਕਿ ਸੰਗਤ ਨੂੰ ਲੰਗਰ ਛਕਾਉਣ ਤੋਂ ਵੱਡੀ ਕੋਈ ਸੇਵਾ ਨਹੀਂ ਹੈ । ਉਨ੍ਹਾਂ ਦੱਸਿਆ ਕਿ ਲੰਗਰ ਦੀ ਰਸੋਈ ਵਿੱਚ 50 ਭੱਠੀਆਂ ਦਾ ਇਂਤਜਾਮ ਹੈ, ਪਰ ਇਸ ਸਮੇਂ ਸਿਰਫ਼ 30 ਭੱਠੀਆਂ ਚੱਲ ਰਹੀ ਹਨ, ਜਿਨ੍ਹਾਂ ਵਿਚੋਂ 15 ‘ਤੇ ਇੱਕ ਟਨ ਵਾਲੀ ਕੜਾਹੀ ਅਤੇ ਚਾਵਲ ਬਣਾਉਣ ਲਈ ਪਤੀਲੇ ਚੜ੍ਹੇ ਰਹਿੰਦੇ ਹਨ ।
ਜ਼ਿਕਰਯੋਗ ਹੈ ਕਿ ਇੱਥੇ ਇੱਕ ਲੱਖ ਸੰਗਤ ਦੇ ਲੰਗਰ ਛਕਣ ਦੇ ਹਾਲ ਤੋਂ ਇਲਾਵਾ ਸਪੈਸ਼ਲ ਫਾਸਟਫੂਡ ਲੰਗਰ ਦਾ ਹਾਲ ਵੀ ਹੈ, ਜਿੱਥੇ ਫਾਸਟ ਫੂਡ ਦੀ ਵੈਰਾਇਟੀ ਨੂੰ ਸੇਵਾਦਾਰ ਸੰਗਤ ਦੀ ਇੱਛਾ ਦੇ ਅਨੁਸਾਰ ਉਪਲੱਬਧ ਕਰਵਾ ਰਹੇ ਹਨ । ਆਉਣ ਵਾਲੇ ਦਿਨਾਂ ਵਿੱਚ ਸੰਗਤ ਦੀ ਤਾਦਾਦ ਵਧਣ ‘ਤੇ 2.50 ਲੱਖ ਸੰਗਤ ਦੇ ਲੰਗਰ ਛਕਣ ਦੇ ਪ੍ਰਬੰਧ ਦੀ ਤਿਆਰੀ ਕੀਤੀ ਜਾ ਰਹੀ ਹੈ । ਇਸ ਤੋਂ ਇਲਾਵਾ ਇਨ੍ਹਾਂ ਲੰਗਰ ਹਾਲਾਂ ਵਿੱਚ ਸਫਾਈ ਦਾ ਵੀ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ. ਜਿੱਥੇ ਸਬਜੀਆਂ ਨੂੰ 6 ਏਸੀ ਟਰੱਕਾਂ ਵਿੱਚ ਸਟੋਰ ਕੀਤਾ ਜਾਂਦਾ ਹੈ । ਜਿੱਥੇ ਸਬਜੀਆਂ ਦੀ ਕਟਾਈ ਤੋਂ ਲੈ ਕੇ ਲੰਗਰ ਤਿਆਰ ਕਰਨ ਵਿੱਚ ਕਰੀਬ 750 ਸੇਵਾਦਾਰ ਲੱਗੇ ਹੋਏ ਹਨ ।
ਦੱਸ ਦੇਈਏ ਕਿ ਲੰਗਰ ਵਿੱਚ ਚਾਹ, ਪਕੌੜੇ, ਗੁਲਾਬ ਜਾਮੁਨ, ਵੇਸਣ ਦੀ ਬਰਫੀ , ਸ਼ੱਕਰਪਾਰੇ ,ਜਲੇਬੀ, ਬਾਲੂਸ਼ਾਹੀ, ਮਟਰ ਪਨੀਰ , ਪਾਲਕ ਪਨੀਰ , ਕੜ੍ਹੀ , ਚਾਵਲ , ਦਾਲ ਮੱਖਨੀ , ਮਿਕਸ ਵੇਜ , ਕਾਲੇ ਛੌਲੇ , ਸਫੇਦ ਛੌਲੇ , ਸਰਸੋਂ ਦਾ ਸਾਗ , ਚਪਾਤੀ , ਨਾਨ , ਮਿੱਸੀ ਰੋਟੀ , ਤੰਦੂਰੀ ਰੋਟੀ, ਰੁਮਾਲੀ ਰੋਟੀ , ਮੱਕੀ ਦੀ ਰੋਟੀ ਦੀ ਵਿਵਸਥਾ ਹੈ । ਇਸ ਤੋਂ ਇਲਾਵਾ ਫਾਸਟ ਫੂਡ ਵਿੱਚ ਬਰਗਰ, ਪੀਜ਼ਾ , ਮਨਚੂਰੀਅਨ ਅਤੇ ਸੈਂਡਵਿਚ ਉਪਲੱਬਧ ਹਨ ।