41.31 F
New York, US
March 29, 2024
PreetNama
ਸਮਾਜ/Social

ਸਵੈ ਕਥਨ

ਸਵੈ ਕਥਨ
ਗੁਰਪ੍ਰੀਤ ਕੌਰ
“ਆ ਗੱਲਾਂ ਕਰੀਏ”

ਨਾਲ ਨਾਲ ਤੁਰੀ
ਕਲਮ ਮੇਰੀ
ਹਰ ਰਾਹ ਤੇ
ਬਣ ਕੇ ਸਾਥਨ
ਬੋਲ ਵੀ ਜਦੋਂ
ਉਡ ਗਏ ਖੰਭ ਲਾ ਕੇ
ਉਦੋਂ ਕਲਮ ‘ਚੋਂ ਉਗਰੇਂ ਹਰਫ਼
ਹਰ ਪੀੜ੍ਹ,
ਹਰ ਉਦਾਸੀ ‘ਚ
ਬਸ ਇਹੀ ਕੋਲ ਸੀ
ਮੇਰੀ ਕਲਮ, ਮੇਰੀ ਕਲਮ

ਜਿੰਦਗੀ ਜੋ ਸਭ ਤੋਂ ਔਖੀ ਵੀ ਮੰਨੀ ਗਈ ਹੈ ਅਤੇ ਸਭ ਤੋਂ ਸੌਖੀ ਵੀ, ਹਰ ਮੋੜ ਤੇ ਇਮਤਿਹਾਨਾਂ ਨਾਲ ਭਰੀ ਹੋਈ ਇਹ ਪਲ ਪਲ ਸਾਨੂੰ ਅਜਮਾਉਂਦੀ ਹੈ, ਕਦੇ ਅਸੀਂ ਇਸ ਤੋਂ ਜਿੱਤਦੇ ਹਾਂ ਅਤੇ ਕਦੇ ਹਾਰ ਮੰਨ ਇਕੋ ਥਾਵੇਂ ਬਹਿ ਜਾਂਦੇ ਹਾਂ ਅਤੇ ਆਪਣੀਆਂ ਆਸਾਂ ਉਮੀਦਾਂ ਨੂੰ ਕਿਨਾਰੇ ਕਰ ਉਦਾਸੀ ਦੀਆਂ ਵਲਗਣਾਂ ‘ਚ ਜਾ ਪੈਂਦੇ ਹਾਂ।

ਮਨੁੱਖ ਜੋ ਸ਼੍ਰਿਸਟੀ ਦੀ ਉਤਮ ਸਿਰਜਣਾ ਹੈ ਜਿਸ ਨੂੰ ਸਮਾਜਿਕ ਪਸ਼ੂ ਵੀ ਕਿਹਾ ਗਿਆ ਹੈ ਪਰੰਤੂ ਹੋਰਨਾ ਪਸ਼ੂਆਂ ਵਾਂਗ ਇਹ ਇਕੱਲਾ ਈ ਅਜਿਹਾ ਹੈ ਜੋ ਸੋਚਣ ਸ਼ਕਤੀ ਰੱਖਦਾ ਹੈ ਅਤੇ ਕੁਝ ਬੁਨਿਆਦੀ ਲੀਹਾਂ ਉਸਾਰਣ , ਬਣਾਉਣ ਦੀ ਸਮਰੱਥਾਂ ਤੇ ਸਮਾਜ ਦੀ ਸੋਚ ਨੂੰ ਵੀ ਉਸਾਰੂ ਕਰਨ ਦੀ ਸਮਰੱਥਾ ਰੱਖਦਾ ਹੈ। ਉਸ ਦੀ ਸੋਚ ਹੀ ਉਸ ਨੂੰ ਬਾਕੀਆਂ ਤੋਂ ਵੱਖਰਾ ਕਰਦੀ ਹੈ।
ਮਨੁੱਖ ਜਿਸ ਵਿਚ ਮਰਦ ਵੀ ਹਨ ਅਤੇ ਔਰਤਾਂ ਵੀ, ਜਿਨ੍ਹਾਂ ਨੂੰ ਪਿਤਰਕੀ ਹੇਠ ਪਹਿਲਾਂ ਤੇ ਦੂਜਾ ਦਰਜਾ ਮਿਲਿਆ ਹੋਇਆ ਹੈ ਅਤੇ ਇਸ ਵੰਡ ਕਰਕੇ ਹੀ ਸਾਰੇ ਫਸਾਦ ਪੈਦਾ ਹੋਏ ਹਨ ਅਤੇ ਇਨ੍ਹਾਂ ਨੇ ਹੀ ਸਮਕਾਲੀ ਸਾਹਿਤ ਵਿਚਲੀ ਕਵਿਤਾ ਦਾ ਵੱਖਰਾ ਮੁਹਾਂਦਰਾ ਘੜਿਆ ਹੈ।
ਕਵਿਤਾ ਹਰ ਕਿਸੇ ਲਈ ਵੱਖਰੇ ਅਰਥ ਰੱਖਦੀ ਹੈ ਅਤੇ ਹਰ ਕਿਸੇ ਦੀ ਜਿੰਦਗੀ ਵਿਚ ਇਸ ਦਾ ਮਹੱਤਵ ਵੱਖ ਹੈ। ਕਵਿਤਾ ਮੇਰੇ ਲਈ ਸਾਹ ਲੈਣ ਵਾਂਗ ਹੈ। ਤੁਰਦੇ ਰਹਿਣ ਵਾਂਗ ਹੈ, ਜਿਉਂਦੇ ਰਹਿਣ ਦਾ ਸਬੂਤ ਹੈ। ਉਹ ਦਿਨ ਜਦੋਂ ਮੈਨੂੰ ਕੋਈ ਕਵਿਤਾ ਨਹੀਂ ਅਹੁੜਦੀ ਉਦੋਂ ਮੈਂ ਆਪਣੇ ਆਪ ਨੂੰ ਡੂੰਘੀ ਨੀਂਦ ਵਿਚ ਮੰਨਦੀ ਹੈ ਅਤੇ ਮੇਰੇ ਮੁਤਾਬਿਕ ਉਹ ਦਿਨ ਮੈਂ ਜੀਅ ਦੇ ਬਤੀਤ ਈ ਨਹੀਂ ਕੀਤਾ, ਸਗੋਂ ਪਲ ਪਲ ਇਕੱਲਤਾ ਨੂੰ ਭੋਗਿਆ ਹੈ। ਕਵਿਤਾ ਨੂੰ ਮੈਂ ਆਪਣੇ ਤੋਂ ਦੂਰ ਕਦੇ ਨਹੀਂ ਮੰਨਦੀ। ਜਿਵੇਂ ਜਿੰਦਗੀ ਹੈ, ਉੋਸੇ ਤਰ੍ਹਾਂ ਕਵਿਤਾ ਵੀ ਮੇਰੇ ਅੰਗ ਸੰਗ ਹੈ। ਬਹੁਤੀ ਵਾਰ ਜਦ ਮੈਂ ਬਹੁਤੇ ਲੋਕਾਂ ਵਿਚ ਘਿਰੀ ਹੋਣਾ ਉਦੋਂ ਜੇਕਰ ਕਵਿਤਾ ਨਾ ਆਏ ਤਾਂ ਮੈਂ ਆਪਣੇ ਆਪ ਨੂੰ ਇਕੱਲੀ ਮੰਨਦੀ ਹਾਂ।
ਕਿਸੇ ਵਿਅਕਤੀ ਜਾਂ ਸਬੰਧ ਦੀ ਚਾਹ ਸਾਨੂੰ ਵਾਰ-ਵਾਰ ਟੁੰਬਦੀ ਹੈ ਅਤੇ ਜਦੋਂ ਉਹ ਪੂਰੀ ਨਾ ਹੋਵੇ ਤਾਂ ਅਸੀਂ ਨਿਰਾਸ਼ਾਂ ਦੇ ਮਾਰਗਾਂ ਵਿਚ ਜਾ ਡਿੱਗਦੇ ਹਾਂ ਤੇ ਹੌਲੀ-ਹੌਲੀ ਘੁੱਟਦੇ ਹੋਏ ਮਰਿਆਂ ਬਰਾਬਰ ਹੋ ਜਾਂਦੇ ਹਾਂ , ਅਜਿਹੇ ਵੇਲੇ ਜੇਕਰ ਅਸੀਂ ਅੱਖਰਾਂ ਦਾ ਹੱਥ ਫੜ ਲਈਏ ਤਾਂ ਅਸੀਂ ਫੁੱਲਾਂ ਵਾਂਗ ਹੌਲੇ ਹੋ ਸਭ ਗਿਲੇ ਸ਼ਿਕਵੇ ਭੁੱਲ ਜਾਂਦੇ ਹਾਂ। ਕਿਹਾ ਜਾਂਦਾ ਹੈ ਕਿ ਖੁਸ਼ੀ ਵੰਡਣ ਨਾਲ ਵੱਧਦੀ ਹੈ ਅਤੇ ਗ਼ਮ ਬਿਆਨ ਕਰਨ ਨਾਲ ਘੱਟ ਜਾਂਦਾ ਹੈ। ਇਹ ਕਾਗਜ ਤੇ ਕਲਮ ਸਾਡੇ ਅੰਦਰਲੇ ਅੱਗ ਵਰਗੇ ਜਜਬਿਆਂ ਨੂੰ ਪਿਆਰ ਨਾਲ ਸਾਂਭ ਲੈਂਦਾ ਹੈ ਜਾਂ ਇੰਝ ਕਿਹਾ ਜਾਵੇ ਕਿ ਕੰਡਿਆ ਨੂੰ ਫੁੱਲ ਬਣਾ ਦਿੰਦੇ ਹਨ।

ਕਲਮ ,ਅੱਖਰ ,ਕਵਿਤਾ ਮੈਂ ਹਰ ਸਮੇਂ ਇਸੇ ਵਿਚ ਗੁਆਚਣਾ ਪਸੰਦ ਕਰਦੀ ਹੈ। ਮਨੁੱਖੀ ਰਿਸ਼ਤੇ ਮੈਨੂੰ ਭਾਵ ਤਾਂ ਜਰੂਰ ਦੇਂਦੇ ਹਨ ,ਪਰ ਕਵਿਤਾ ਵਿਚ ਅਖਲੀ ਨਿਖਾਰ ਇਸਦੀ ਨਾ-ਪ੍ਰਾਪਤੀ ਤੇ ਉਸ ਅਹਿਸਾਸ ਵਿਚੋਂ ਮਿਲਦਾ ਹੈ, ਜਦੋਂ ਅਸੀਂ ਇਕੱਲਤਾ ਨੂੰ ਭੋਗਦੇ ਹਾਂ। ਮੇਰੇ ਅਨੁਸਾਰ ਕਵਿਤਾ ਦੀ ਪਰਿਭਾਸ਼ਾ ਖੁਦ ਦੇ ਵਿਚਾਰਾਂ ਭਾਵਾਂ ਦੀ ਤਰਜ਼ਮਾਨੀ ਕਰਨਾ ਜਾਂ ਥੋੜੇ ਸ਼ਬਦਾਂ ਵਿਚ ਆਪਣੇ ਆਪ ਨੂੰ ਵਿਅਕਤ ਕਰਨ ਦਾ ਜੇਰਾ ਰੱਖਣਾ ਹੈ ।

ਜਦੋਂ ਕਵਿਤਾ ਦੀ ਆਮਦ ਹੁੰਦੀ ਹੈ ਉਸ ਸਮੇਂ ਅਸੀਂ ਟੁੱਟ ਰਹੇ ਹੁੰਦੇ ਹਾਂ ਅਤੇ ਕਵਿਤਾ ਦੇ ਪੂਰੇ ਹੋਣ ਤੱਕ ਮੁੜ ਪੂਰੇ ਹੋ ਜਾਂਦੇ ਹਾਂ ਅਤੇ ਉਹ ਟੁੱਟ ਭੱਜ ਦੀ ਅਵਸਥਾ ਨੂੰ ਕਵਿਤਾ ਮਿਆਰੀ ਰੂਪ ਪ੍ਰਦਾਨ ਕਰਦੀ ਹੈ। ਕਵਿਤਾ ਲਿਖਣ ਦੀ ਜਟਿਲ ਪੁਕ੍ਰਿਰਿਆ ਉਦੋਂ ਸਰਲ ਬਣ ਜਾਂਦੀ ਹੈ, ਜਦੋਂ ਸਾਡੇ ਕੋਲ ਸ਼ਬਦਾਂ ਦਾ ਭੰਡਾਰ , ਅਹਿਸਾਸਾਂ ਦਾ ਦਰਿਆ ਤੇ ਉਨ੍ਹਾਂ ਸਭ ਨੂੰ ਸਜਾਉਣ ਦੀ ਤਰਤੀਬ ਹੁੰਦੀ ਹੈ।
ਸਹਿਜ ਦੇ ਸੁਰਜ ਕਵਿਤਾ ਦੇ ਆਮ ਲੱਛਣ ਮੰਨੇ ਗਏ ਸਨ ਅਤੇ ਇਹ ਵੀ ਉਸੇ ਵੇਲੇ ਰੂਪਨਾਮ ਹੁੰਦੇ ਹਨ। ਜਦੋਂ ਕਵੀ ਦੀ ਮਾਨਸਿਕ ਸਥਿਤੀ ਉਸ ਨਾਲ ਨਿਆਂ ਕਰਦੀ ਹੁੰਦੀ ਹੈ ।

ਅਜੌਕੇ ਸਮੇਂ ਤੱਕ ਆਪਣੇ ਤੋਂ ਪਹਿਲਾਂ ਕਵਿਤਾ ਵਾਦਾਂ ਦੇ ਦਾਇਰਿਆਂ ਵਿਚ ਨਵੇਂ ਪੁਤੀਮਾਨ ਸਿਰਜ ਰਹੀ ਸੀ ਅਤੇ ਕਈ ਮੁਹਾਂਦਰਿਆਂ ਚੋਂ ਹੁੰਦੀ ਹੋਈ ਇਕ ਵੱਖਰਾ ਹੀ ਰੂਪ ਧਾਰਨ ਕਰ ਗਈ। ਛੰਦਬੱਧੀ, ਤੁਕਬੰਦੀ ਤੋਂ ਬਾਅਦ ਖੁੱਲ੍ਹੀ ਕਵਿਤਾ ਨੇ ਸਾਡੇ ਤੱਕ ਰਸਾਈ ਕੀਤੀ। ਇਸ ਦੇ ਪ੍ਰਚਲਨ ਤੋਂ ਬਾਅਦ ਬਹੁਤ ਸਾਰੇ ਨਵੇਂ ਕਵੀਆਂ ਵਲੋਂ ਸਹਿਤ ਸਿਰਜਣਾ ਕੀਤੀ ਗਈ। ਸਮਕਾਲ ਅਜਿਹੇ ਕਵੀਆਂ ਨਾਲ ਭਰਿਆ ਪਿਆ ਹੈ,ਕਿਉਂਕਿ ਕਈ ਬੰਧਨ ਇਥੇ ਆ ਕੇ ਮੁੱਕ ਗਏ ਅਤੇ ਹਰ ਬੰਦੇ ਨੂੰ ਕਵਿਤਾ ਦੀ ਚੇਟਕ ਲੱਗੀ । ਇਸ ਦੇ ਵੀ ਦੋ ਮਾਧਿਆਮ ਮੰਨੇ ਗਏ , ਸੰਵਾਦ ਤੇ ਵਿਰੋਧ। ਜਿਵੇਂ ਕਿ ਮੇਰੀ ਕਾਵਿ ਸਿਰਜਣਾ ਵੀ ਇਸੇ ਅਧੀਨ ਆਉਂਦੀ ਹੈ , ਇਸ ਲਈ ਪਹਿਲਾਂ ਮੈਂ ਆਪਣੀ ਕਵਿਤਾ ਦੀ ਬਿਰਤੀ ਸਪੱਸ਼ਟ ਕਰਾਂਗੀ।

ਮੇਰੀ ਕਵਿਤਾ ਜਿੰਦਗੀ ਦੇ ਉਨ੍ਹਾਂ ਰੰਗਾਂ ਤੇ ਅਧਾਰਿਤ ਹੈ, ਜੋ ਅਸੀਂ ਵਿਭਿੰਨ ਪੜਾਅ ਤੇ ਜੀਉਂਦੇ ਹਾਂ, ਸੁਣਦੇ ਹਾਂ । ਦੁੱਖ-ਸੁੱਖ , ਹਾਸੇ -ਰੋਏ ਅਤੇ ਹਰ ਸਰੋਕਾਰ ਨਾਲ ਲਬਰੇਜ ਕਵਿਤਾ ਆਪ ਮੁਹਾਰੇ ਗੱਲਾਂ ਕਰਦੀ ਹੈ।

ਅਜੌਕੇ ਸਮੇਂ ਕਿਸੇ ਕੌਲ ਵੀ ਬਾਹਲੀਆਂ ਗੱਲਾਂ ਕਰਨ ਦਾ ਸਮਾਂ ਨਹੀਂ ਅਤੇ ਬਹੁਤੀ ਵਾਰ ਸਥਿਤੀ ਅਜਿਹੀ ਪੈਦਾ ਹੋ ਜਾਂਦੀ ਹੈ ਜਦੋਂ ਅਸੀਂ ਚਾਹ ਕੇ ਵੀ ਕੁਝ ਨਹੀਂ ਬੋਲ ਸਕਦੇ ਜਾਂ ਇੰਝ ਕਿਹਾ ਜਾਵੇ ਕਿ ਸਮਝਣ ਵਾਲਾ ਕੋਈ ਨਹੀਂ ਮਿਲਦਾ ਕਿਉਂਕਿ ਗੱਲਾਂ ਕਰਨ ਲਈ ਦੋ ਬੰਦਿਆਂ ਦਾ ਹੋਣਾ ਲਾਜ਼ਮੀ ਮੰਨਿਆ ਜਾਂਦਾ ਹੈ, ਇਕ ਬੋਲਣ ਵਾਲਾ ਤੇ ਦੂਜਾ ਸੁਣਨ ਵਾਲਾ ਪਰ ਜੇ ਸੁਨਣ ਵਾਲਾ ਮੰਨਫੀ ਹੋਵੇ ਤਾਂ ਅਚਨਚੇਤ ਹੀ ਅੱਖਰਾਂ ਨਾਲ ਪਈ ਸਾਂਝ ਕਵਿਤਾ ਨੂੰ ਜਨਮ ਦੇਂਦੀ ਹੈ। ਕਈ ਵਾਰ ਕਿਸੇ ਦਾ ਨਾ ਹੋਣਾ ਵੀ ਵਰਦਾਨ ਬਣ ਜਾਂਦਾ ਹੈ, ਕਿਉਂਕਿ ਆਪਸੀ ਮਤਭੇਦ ਦਾ ਅਸਲ ਕਾਰਣ ਵਿਚਾਰਧਾਰਕ ਪਾੜਾ ਹੁੰਦਾ ਹੈ। ਜਿਸ ਸਕੇਲ ਤੋਂ ਗੱਲ ਰਹੇ ਹੋ ਸਾਹਮਣੇ ਵਾਲਾ ਉਸ ਪੱਧਰ ਤੋਂ ਸਮਝ ਨਹੀਂ ਰਿਹਾ ਹੁੰਦਾ ਅਤੇ ਅਜਿਹੇ ਹਾਲਾਤਾਂ ਵਿਚ ਵੀ ਪਾੜਾ ਪੈਣਾ ਲਾਜਮੀ ਹੈ।

ਸਾਡੀ ਸਭ ਦੀ ਭਾਲ ਸਦਾ ਸੰਪੂਰਨ ਹੋਣ ਵੱਲ ਹੁੰਦੀ ਹੈ, ਜਿਵੇਂ ਔਰਤ ਦੀ ਸੰਪੂਰਨਤਾ ਮਰਦ ਅੰਦਰ ਲੁੱਕੀ ਹੁੰਦੀ ਹੈ, ਉਸੇ ਤਰ੍ਹਾਂ ਮਰਦ ਦੀ ਔਰਤ ਦੇ ਅੰਦਰ ਅਤੇ ਜਦੋਂ ਤੱਕ ਅਜਿਹਾ ਹਾਣ ਨਹੀਂ ਮਿਲਦਾ ਉਦੋਂ ਤੱਕ ਪੱਲੇ ਭਟਕਣਾ ਹੀ ਰਹਿੰਦੀ ਹੈ । ਹੱਲ ਕੇਵਲ ਇਹੀ ਹੈ ਜਾਂ ਤਾਂ ਬੰਦਾ ਆਪਣੇ ਆਪ ਨੂੰ ਕਿਸੇ ਦੇ ਹਾਣ ਦਾ ਬਣਾ ਲਏ ਜਾਂ ਉਸ ਨੂੰ ਆਪਣੇ ਵਰਗਾ ਕਰ ਲਏ ਪਰ ਅਜਿਹਾ ਹੋਣਾ ਕਿਸੇ ਚਮਤਕਾਰ ਤੋਂ ਘੱਟ ਨਹੀਂ। ਜੇਕਰ ਅਸਲੀਅਤ ਨੂੰ ਜਾਣੀਏ ਤਾਂ ਸਪੱਸ਼ਟ ਪਤਾ ਲੱਗ ਜਾਂਦਾ ਕਿ ਵਿਰਲੇ ਹੀ ਹੁੰਦੇ ਨੇ ਜੋ ਭਟਕਣਾ ਤੋਂ ਬਚੇ ਹਨ, ਜਾਂ ਜਿਨ੍ਹਾਂ ਨੂੰ ਉਨ੍ਹਾਂ ਦੀ ਸੋਚ ਦੇ ਹਿਸਾਬ ਦਾ ਮਿਲਿਆ , ਬਹੁਤੇ ਤਾਂ ਇਥੇ ਅੱਧੇ ਅਧੂਰੇ ਹੀ ਤੁਰੇ ਫਿਰਦੇ ਹਨ ਅਤੇ ਅੰਦਰਲੀ ਬੰਦਨਾ ਨੂੰ ਦੱਬੀ ਚੁੱਪ ਧਾਰਕੇ ਤੁਰੀ ਜਾ ਰਹੇ ਹਨ।

ਮੇਰੀ ਵੇਦਨਾ ਚੁੱਪ ਨਹੀਂ, ਸ਼ੋਰ ਕਰਨ ਵਾਲੀ ਹੈ ,ਬਾਤਾ ਪਾਉਣ ਵਾਲੀ ਹੈ, ਹਰ ਨਿੱਕੇ ਤੇ ਵੱਡੇ ਅਹਿਸਾਸ ਨੂੰ ਕਲਾਵੇ ਵਿਚ ਲੈਂਦੀ, ਸਫਿਆਂ ਦੇ ਅਸਮਾਨ ਵਿਚ ਸ਼ਬਦ ਪੰਛੀਆਂ ਨੂੰ ਖੁੱਲੀ ਉਡਾਰੀ ਦੇਣ ਵਾਲੀ ਹੈ।ਮੇਰੀ ਤੇ ਕਵਿਤਾ ਦੀ ਸਾਂਝ ਸਾਹਾਂ ਦੀ ਸਾਂਝ ਜਿਹੀ ਹੈ , ਜਦੋਂ ਮੈਂ ਨਹੀਂ ਬੋਲਦੀ ਉਦੋਂ ਮੇਰੇ ਸ਼ਬਦ ਬੋਲਦੇ ਹਨ । ਪਿਆਰ , ਮੁਹੱਬਤ ਤੇ ਹਰ ਥਾਂ ਫੈਲੀ ਰਾਜਨੀਤੀ ਦੀਆਂ ਜੜ੍ਹਾਂ ਦੀ ਪਛਾਣ ਕਰਦੀ , ਕਵਿਤਾ ਰਾਹੀਂ ਬਿਆਨਦੀ ਹਾਂ ।
ਕਵਿਤਾ ਕਦੇ ਵੀ ਮੇਰੇ ਤੋਂ ਦੂਰ ਨਹੀਂ , ਹਰ ਪਲ ਦਾ ਆਸਰਾ , ਹਰ ਦੁੱਖ ਦੀ ਦਵਾ ਇਸੇ ਅੰਦਰ ਲੁੱਕੀ ਹੋਈ ਹੈ । ਜਦ ਕਿਸੇ ਨੇ ਵੀ ਮੇਰੇ ਬੋਲਾਂ ਨੂੰ ਨਹੀਂ ਸੁਣਿਆ, ਉਸੇ ਦਿਨ ਮੈਂ ਕਲਮ ਹੱਥ ਵਿਚ ਲੈ ਲਈ ਤੇ ਹਰ ਅਹਿਸਾਸ ਨੂੰ ਮੋਤੀਆਂ ਵਾਂਗ ਪਿਰੋ ਲਿਆ । ਸ਼ਾਇਰੀ ਦੇ ਖੰਭਾਂ ਆਸਰੇ ਹੀ ਮੈਂ ਆਪਣੇ ਦਮ ਤੇ ਉੱਡਣਾ ਸਿੱਖਿਆ ਤੇ ਇਸੇ ਆਸਰੇ ਮੈਨੂੰ ਨਵੀਂ ਪਛਾਣ ਮਿਲੀ । ਇਹਦੇ ਰਾਹੀਂ ਮਿਲਿਆ ਪਿਆਰ ਬਹੁਤ ਹੀ ਕੀਮਤੀ ਤੇ ਕਦੇ ਨਾ ਭੁੱਲਣਯੋਗ ਹੈ । ਮੇਰੀ ਜ਼ਿੰਦਗੀ ਤੇਰੇ ਬਹੁਤ ਅਹਿਸਾਨ ਹਨ ਸ਼ਾਇਦ ਉਮਰ ਵੀ ਘੱਟ ਪੈ ਜਾਏ ਇਹਨੂੰ ਚੁਕਾਉਂਦੇ ਹੋਏ ਤੇ ਤੇਰੇ ਦਿੱਤੇ ਰੰਗ ਮੇਰੇ ਅੰਦਰ ਤੱਕ ਰਮ ਗਏ ਹਨ ਕਿ ਇਹਦੇ ਅੱਗੇ ਹੋਰ ਕੁੱਝ ਵੀ ਨਹੀਂ ।

ਮੇਰਾ ਅਸਮਾਨ
ਮੇਰਾ ਰੰਗ
ਮੇਰੀ ਜਿੰਦਗੀ
ਮੇਰੀ ਕਲਮ

ਗੁਰਪ੍ਰੀਤ ਕੌਰ (94678-12970, 93062-37737)
ਅੰਬਾਲਾ ਸ਼ਹਿਰ
ਹਰਿਆਣਾ
#8780/5 ਰੇਲਵੇ ਰੋਡ ਫਾਟਕ ਵਾਲੀ ਗਲੀ
ਅੰਬਾਲਾ ਸ਼ਹਿਰ 134003

Related posts

ਵਿਗਿਆਨੀਆਂ ਦਾ ਦਾਅਵਾ, ਓਜ਼ੋਨ ਪਰਤ ਦਾ ਸਭ ਤੋਂ ਵੱਡਾ ਛੇਦ ਹੋਇਆ ਠੀਕ

On Punjab

ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਮ ਖ਼ਾਨ ਨੇ ਕੋਹਲੀ ਨੂੰ ਦਿੱਤੀ ਵਧਾਈ

On Punjab

ਜੀਡੀਪੀ ‘ਚ 23.9 ਫ਼ੀਸਦ ਗਿਰਾਵਟ ਖਤਰੇ ਦੀ ਘੰਟੀ! ਆਰਬੀਆਈ ਦੇ ਸਾਬਕਾ ਗਵਰਨਰ ਦੀ ਚੇਤਾਵਨੀ

On Punjab