PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਭਾਰਤ ਨੇ ਪਾਕਿ ਨਾਲ ਸਾਰੇ ਜਹਾਜ਼ਰਾਨੀ ਤੇ ਡਾਕ ਰਿਸ਼ਤੇ ਵੀ ਤੋੜੇ

ਨਵੀਂ ਦਿੱਲੀ: ਭਾਰਤ ਨੇ ਸ਼ਨਿੱਚਰਵਾਰ ਨੂੰ ਪਾਕਿਸਤਾਨ ਨਾਲ ਸਾਰੇ ਜਹਾਜ਼ਰਾਨੀ ਸੰਪਰਕ ਮੁਅੱਤਲ ਕਰ ਦਿੱਤੇ ਹਨ ਅਤੇ ਕਿਹਾ ਹੈ ਕਿ ਪਾਕਿਸਤਾਨ ਦੇ ਝੰਡੇ ਵਾਲੇ ਕਿਸੇ ਜਹਾਜ਼ ਨੂੰ ਕਿਸੇ ਵੀ ਭਾਰਤੀ ਬੰਦਰਗਾਹ ‘ਤੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਕੋਈ ਵੀ ਭਾਰਤੀ ਝੰਡਾਬਰਦਾਰ ਜਹਾਜ਼ ਪਾਕਿਸਤਾਨ ਦੀ ਕਿਸੇ ਬੰਦਰਗਾਹ ‘ਤੇ ਨਹੀਂ ਜਾਵੇਗਾ।

ਇਸ ਸਬੰਧੀ ਇਕ ਹੁਕਮ ਡਾਇਰੈਕਟੋਰੇਟ ਜਨਰਲ ਆਫ਼ ਜਹਾਜ਼ਰਾਨੀ, ਮੁੰਬਈ (Directorate General of Shipping, Mumbai) ਵੱਲੋਂ ਜਾਰੀ ਕੀਤਾ ਗਿਆ ਹੈ। ਇਸ ਵਿਚ ਕਿਹਾ ਗਿਆ ਹੈ ਕਿ ਸਰਕਾਰ 1958 ਦੇ ਮਰਚੈਂਟ ਜਹਾਜ਼ਰਾਨੀ ਐਕਟ (Merchant Shipping Act 1958) ਦੀ ਧਾਰਾ 411 ਦੇ ਤਹਿਤ ਸ਼ਕਤੀਆਂ ਦੀ ਵਰਤੋਂ ਸਮੁੰਦਰ ਵਿੱਚ ਜੀਵਨ ਦੀ ਸੁਰੱਖਿਆ, ਜਹਾਜ਼ਾਂ ਦੀ ਸਲਾਮਤੀ ਨੂੰ ਯਕੀਨੀ ਬਣਾਉਣ ਅਤੇ ਭਾਰਤੀ ਵਪਾਰਕ ਸਮੁੰਦਰੀ ਜਹਾਜ਼ਾਂ ਦੀ ਕੁਸ਼ਲ ਰੱਖ-ਰਖਾਅ ਨੂੰ ਕੌਮੀ ਹਿੱਤ ਦੀ ਸੇਵਾ ਲਈ ਸਭ ਤੋਂ ਢੁਕਵੇਂ ਢੰਗ ਨਾਲ ਯਕੀਨੀ ਬਣਾਉਣ ਲਈ ਕਰ ਰਹੀ ਹੈ।

ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਧਾਰਾ 411 ਜਹਾਜ਼ਰਾਨੀ ਦੇ ਡਾਇਰੈਕਟਰ ਜਨਰਲ ਨੂੰ ਕੌਮੀ ਹਿੱਤ ਦੇ ਉਦੇਸ਼ਾਂ ਜਾਂ ਭਾਰਤੀ ਜਹਾਜ਼ਰਾਨੀ ਦੇ ਹਿੱਤ ਨੂੰ ਪੂਰਾ ਕਰਨ ਲਈ ਜਹਾਜ਼ਾਂ ਨੂੰ ਨਿਰਦੇਸ਼ ਜਾਰੀ ਕਰਨ ਦਾ ਅਧਿਕਾਰ ਦਿੰਦੀ ਹੈ।

ਹੁਕਮਾਂ ਵਿੱਚ ਕਿਹਾ ਗਿਆ ਹੈ, “ਇਸ ਲਈ, ਹੁਣ, ਮਰਚੈਂਟ ਜਹਾਜ਼ਰਾਨੀ ਐਕਟ 1958 ਦੀ ਧਾਰਾ 411 ਰਾਹੀਂ ਪ੍ਰਾਪਤ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ, ਐਕਟ ਦੀ ਪ੍ਰਸਤਾਵਨਾ ਅਧੀਨ ਦਿੱਤੇ ਗਏ ਉਦੇਸ਼ਾਂ ਦੇ ਨਾਲ, ਮੌਜੂਦਾ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ, ਹੇਠ ਲਿਖੇ ਹੁਕਮ ਜਾਰੀ ਕੀਤੇ ਜਾਂਦੇ ਹਨ।”

ਜਾਰੀ ਹੁਕਮਾਂ ਵਿਚ ਕਿਹਾ ਗਿਆ ਹੈ, “ਪਾਕਿਸਤਾਨ ਦੇ ਝੰਡੇ ਵਾਲੇ ਜਹਾਜ਼ ਨੂੰ ਕਿਸੇ ਵੀ ਭਾਰਤੀ ਬੰਦਰਗਾਹ ‘ਤੇ ਜਾਣ ਦੀ ਆਗਿਆ ਨਹੀਂ ਹੋਵੇਗੀ। ਕੋਈ ਭਾਰਤੀ ਝੰਡਾਬਰਦਾਰ ਜਹਾਜ਼ ਪਾਕਿਸਤਾਨ ਦੇ ਕਿਸੇ ਵੀ ਬੰਦਰਗਾਹ ‘ਤੇ ਨਹੀਂ ਜਾਵੇਗਾ। ਇਹ ਹੁਕਮ ਭਾਰਤੀ ਜਾਇਦਾਦਾਂ, ਮਾਲ ਅਤੇ ਜੁੜੇ ਬੁਨਿਆਦੀ ਢਾਂਚੇ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਜਾਰੀ ਕੀਤਾ ਗਿਆ ਹੈ, ਜਨਤਕ ਹਿੱਤ ਵਿੱਚ ਅਤੇ ਭਾਰਤੀ ਜਹਾਜ਼ਰਾਨੀ ਦੇ ਹਿੱਤ ਲਈ। ਇਸ ਹੁਕਮ ਤੋਂ ਕਿਸੇ ਵੀ ਛੋਟ ਜਾਂ ਰਾਹਤ ਦੀ ਮੌਕੇ ਉਤੇ ਜਾਂਚ ਕੀਤੀ ਜਾਵੇਗੀ ਅਤੇ ਕੇਸ ਦਰ ਕੇਸ ਦੇ ਆਧਾਰ ‘ਤੇ ਫੈਸਲਾ ਕੀਤਾ ਜਾਵੇਗਾ।”

ਇਸ ਦੌਰਾਨ, ਭਾਰਤ ਨੇ ਅੱਜ ਪਾਕਿਸਤਾਨ ਨਾਲ ਸਾਰੇ ਡਾਕ ਅਤੇ ਪਾਰਸਲ ਲਿੰਕ ਵੀ ਮੁਅੱਤਲ ਕਰ ਦਿੱਤੇ। ਡਾਕ ਵਿਭਾਗ ਨੇ ਇੱਕ ਅਧਿਕਾਰਤ ਆਦੇਸ਼ ਰਾਹੀਂ ਇਸ ਫੈਸਲੇ ਦੀ ਜਾਣਕਾਰੀ ਦਿੱਤੀ ਹੈ।

ਗ਼ੌਰਤਲਬ ਹੈ ਕਿ ਅਗਸਤ 2019 ਵਿੱਚ ਧਾਰਾ 370 ਨੂੰ ਮਨਸੂਖ਼ ਕਰਨ ਦੀ ਕਾਰਵਾਈ ਤੋਂ ਬਾਅਦ ਵੀ ਭਾਰਤ ਵੱਲੋਂ ਡਾਕ ਸੇਵਾਵਾਂ ਨੂੰ ਵੀ ਮੁਅੱਤਲ ਕਰ ਦਿੱਤਾ ਗਿਆ ਸੀ ਪਰ ਇਹ ਤਿੰਨ ਮਹੀਨਿਆਂ ਬਾਅਦ ਇਹ ਸੇਵਾਵਾਂ ਮੁੜ ਸ਼ੁਰੂ ਹੋ ਗਈਆਂ ਸਨ।

Related posts

ਕਾਬੁਲ ‘ਤੇ ਤਾਲਿਬਾਨ ਦਾ ਕਬਜ਼ਾ ਅਮਰੀਕੀ ਇਤਿਹਾਸ ‘ਚ ਸਭ ਤੋਂ ਵੱਡੀ ਹਾਰ, ਮਾਈਕ ਪੋਂਪੀਓ ਨੇ ਕਿਹਾ- ਜੇ ਟਰੰਪ ਹੁੰਦੇ ਤਾਂ…

On Punjab

ਪੱਛਮੀ ਬੰਗਾਲ ਸਰਕਾਰ ਨੇ ਪ੍ਰਦਰਸ਼ਨਕਾਰੀ ਡਾਕਟਰਾਂ ਨੂੰ ਗੱਲਬਾਤ ਲਈ ਸੱਦਿਆ

On Punjab

Photos : ਜੰਗਲ ‘ਚ ਲੱਗੀ ਭਿਆਨਕ ਅੱਗ ਨਾਲ ਸਹਿਮਿਆ ਗ੍ਰੀਸ, ਜਹਾਜ਼ਾਂ ਤੇ ਹੈਲੈਕੀਪਟਰਾਂ ਦੀ ਲਈ ਜਾ ਰਹੀ ਹੈ ਮਦਦ, ਦੇਖੋ ਦਿਲ ਕੰਬਾਊ ਮੰਜ਼ਰ

On Punjab