50.54 F
New York, US
April 18, 2024
PreetNama
ਸਮਾਜ/Social

ਬੇਟੀ ਪੈਦਾ ਕਰਨ ਦਾ ਸੰਤਾਪ ਹਢਾਉਂਦੀਆਂ… ਮਾਵਾਂ

ਅਸੀਂ ਉਸ ਸੰਸਾਰ ਜਿਸ ਵਿਚ ਰਹਿੰਦੇ ਹਾਂ, ਜੋ ਕੁਦਰਤ ਦੀ ਸਿਰਜੀ ਹੋਈ ਬਹੁਤ ਹੀ ਸੁੰਦਰ ਰਚੀ ਹੋਈ ਰਚਨਾ ਹੈ, ਅਨੇਕਾਂ ਜੀਵ-ਜੰਤੂ ਅਤੇ ਮਨੁੱਖ ਇਸ ਧਰਤੀ ਉਪਰ ਰਹਿੰਦੇ ਹਨ। ਆਪਣੀ ਜੂਨ ਭੋਗਦੇ ਹੋਏ ਇਸ ਤੋਂ ਚਲੇ ਜਾਂਦੇ ਹਾਂ, ਪਰ ਕਈ ਵਾਰ ਮਨੁੱਖ ਆਪਣੇ ਇਸੇ ਮਨੁੱਖੀ ਜੀਵਨ ਵਿਚ ਕੁਝ ਅਜਿਹਾ ਕਰ ਜਾਂਦੇ ਹਨ, ਜਿਹੜਾ ਕਿ ਆਉਣ ਵਾਲੀਆਂ ਪੀੜ੍ਹੀਆਂ ਤੱਕ ਨੂੰ ਸਬਕ ਸਿਖਾ ਜਾਂਦਾ ਹੈ।

ਪੁੱਤਰ ਮੋਹ ਸੰਸਾਰ ਦੀਆਂ ਧੀਆਂ ਲਈ ਸਭ ਤੋਂ ਵੱਡੀ ਤ੍ਰਾਸਦੀ ਹੈ। ਮਾਵਾਂ ਪੁੱਤਰਾਂ ਲਈ ਬਹੁਤ ਕੁਝ ਕਰ ਜਾਂਦੀਆਂ ਹਨ। ਬਾਕੀ ਸਾਰੇ ਰਿਸ਼ਤੇ ਨਾਤੇ ਇਕ ਪਾਸੇ ਰੱਖ ਕੇ ਪੁੱਤਰ ਨੂੰ ਇਕ ਪਾਸੇ ਰੱਖ ਲਿਆ ਜਾਂਦਾ ਹੈ। ਕਿਉਂਕਿ ਉਹ ਸੋਚਦੀਆਂ ਹਨ ਕਿ ਪੁੱਤਰ ਹੀ ਉਨ੍ਹਾਂ ਦੇ ਵੰਸ਼ ਨੂੰ ਵਧਾਉਣ ਵਾਲਾ ਹੈ। ਉਨ੍ਹਾਂ ਦਾ ਨਾਂਅ ਪੁੱਤਰ ਨੇ ਹੀ ਰੋਸ਼ਨ ਕਰਨਾ ਹੈ ਅਤੇ ਉਹ ਪੁੱਤਰ ਕਰਕੇ ਹੀ ਇਸ ਜਹਾਨ ‘ਤੇ ਜਾਣੇ ਜਾਣਗੇ। ਪੁੱਤਰਾਂ ਦੀ ਪ੍ਰਾਪਤੀ ਲਈ ਸਾਧਾਂ-ਸੰਤਾਂ ਦੇ ਡੇਰਿਆਂ ਦੇ ਚੱਕਰ ਕੱਟਣੇ, ਸੁੱਖਾਂ ਸੁਖਣੀਆਂ ਕਈ ਵਾਰੀ ਤਾਂ ਜਾਨ ਵੀ ਦਾਅ ਤੇ ਲਾ ਦਿੰਦੀਆਂ ਹਨ ਤੇ ਕਹਿੰਦੀਆਂ ਹਨ,… ਕਿ ਅਸੀਂ ਤਾਂ ‘ਪੁੱਤਰ ਖੂਹ ਵਿਚ ਜਾਲ’ ਪਾ ਕੇ ਲਿਆ ਹੈ।

ਸਭ ਤੋਂ ਵੱਡਾ ਦੁੱਖ ਤਾਂ ਇਸ ਗੱਲ ਦਾ ਹੈ ਕਿ ਕਈ ਵਾਰ ਤਾਂ ਪੁੱਤਰਾਂ ਦੀ ਪ੍ਰਾਪਤੀ ਲਈ ਪਤਾ ਨੀ ਕਿੰਨੀਆਂ ਕੁ ਬੇਜ਼ੁਬਾਨ ਧੀਆਂ ਦੀਆਂ ਕੁਰਬਾਨੀਆਂ ਦਿੱਤੀਆਂ ਜਾਂਦੀਆਂ। ਇਸ ਦਾ ਸਾਰਾ ਜਿੰਮਾ ਤਾਂ ਪੰਡਿਤਾਂ, ਮਾਪਿਆਂ, ਢੌਂਗੀ ਬਾਬਿਆਂ ਨੂੰ ਜਾਂਦਾ ਹੈ, ਜੋ ਧੀਆਂ ਦੀ ਕੁਰਬਾਨੀ ਲਈ ਮੋਹਰੀ ਬਣਦੇ ਹਨ, ਕਿਉਂਕਿ ਇਹੀ ਉਹ ਲੋਕ ਹਨ, ਜੋ ਦੱਸਦੇ ਹਨ ਕਿ ਸੱਤਾ ਧੀਆਂ… ਪੰਜਾਂ ਧੀਆਂ ਪਿਛੋਂ ਹੀ ਪੁੱਤਰ ਦੀ ਪ੍ਰਾਪਤੀ ਹੋਵੇਗੀ। ਪਰ ਇਹ ਅੰਧ ਵਿਸਵਾਸ਼ੀ ਲੋਕ ਇਹ ਕਿਉਂ ਇਹ ਨਹੀਂ ਸਮਝਦੇ…ਕੀ ਜਰੂਰੀ ਹੈ ਕਿ ਸੱਤਾ ਕਤਲਾਂ ਪਿਛੋਂ ਪੈਦਾ ਹੋਇਆ ਪੁੱਤਰ ਬਹੁਤ ਹੀ ਜ਼ਿਆਦਾ ਕਿਸਮਤ ਦਾ ਧਨੀ ਹੋਵੇ। ਕਿੰਨੀਆਂ ਬੇਕਸੂਰ ਜਿੰਦੜੀਆਂ ਦੀ ਮੌਤ ਦਾ ਕਾਰਨ ਬਣਨ ਵਾਲਾ ਕਿਵੇਂ ਸੁਖੀ ਰਹਿ ਸਕਦਾ ਹੈ?

ਆਧੁਨਿਕ ਉਪਕਰਨ ਅਲਟਰਾ ਸਾਊਡ ਮਸ਼ੀਨ, ਚਾਇਨਜ਼ ਚਾਰਟ ਵੀ ਪਿੱਛੇ ਨਹੀਂ ਹਨ। ਇਹ ਵੀ ਖੂਨ ਖਰਾਬੇ ਤੇ ਜਿੰਦਗੀ ਦੇ ਖਾਤਮੇ ਦਾ ਕਾਰਨ ਬਣਦੇ ਹਨ। ਇਨ੍ਹਾਂ ਦੀ ਪ੍ਰਮਾਣਿਕਤਾ ਉਪਰ ਵੀ ਵਿਸਵਾਸ਼ ਕਰਨਾ ਬਹੁਤ ਵਾਰ ਮਹਿੰਗਾ ਹੀ ਸਾਬਤ ਹੁੰਦਾ ਹੈ। ਬਹੁਤ ਵਾਰ ਇਨ੍ਹਾਂ ਦੁਆਰਾ ਲਾਏ ਕਿਆਸੇ ਗਲਤ ਹੁੰਦੇ ਹਨ। ਮੁੰਡੇ ਦੀ ਥਾਂ ਕੁੜੀ ਅਤੇ ਕੁੜੀ ਦੀ ਥਾਂ ਮੁੰਡਾ ਵੀ ਦੱਸ ਦਿੰਦੇ ਹਨ। ਕਿਉਂਕਿ ਕਿਸਮਤ… ਕਿਸਮਤ ਹੈ। ਜਿਸ ਜੀਵ ਨੇ ਇਸ ਧਰਤੀ ਦੇ ਰੰਗ ਤਮਾਸ਼ੇ ਮਾਨਣੇ ਹਨ, ਉਹ ਆ ਕੇ ਹੀ ਰਹੇਗਾ ਜਾਂ ਰਹੇਗੀ। ਉਸ ਨੂੰ ਦੁਨੀਆਂ ਦੀ ਕੋਈ ਵੀ ਤਾਕਤ ਨਹੀਂ ਰੋਕ ਸਕਦੀ।

ਪੁੱਤਰ ਪ੍ਰਾਪਤੀ ਦੇ ਮੋਹ ਵਿਚ ਡੁੱਬੇ ਮਾਪੇ ਪਤਾ ਨਹੀਂ ਕਿਹੋਂ ਜਿਹੀ ਸੋਚ ਰੱਖਦੇ ਹਨ ਕਿ ਰੱਬ ਦੁਆਰਾ ਬਖਸ਼ਿਸ਼ ਕੀਤੇ ਹੋਏ ਤੋਹਫਿਆਂ ਦੀ ਬੇਕਦਰੀ ਕਰਦੇ ਹਨ। ਕਈ ਮਾਪੇ ਤਾਂ ਧੀਆਂ ਨੂੰ ਕੁੱਖ ਵਿਚ ਹੀ ਕਤਲ ਕਰਵਾ ਦਿੰਦੇ ਹਨ, ਪਰ ਜਦੋਂ ਪਤਾ ਲੱਗਦਾ ਹੈ ਕਿ ਜਿਸ ਨੂੰ ਉਨ੍ਹਾਂ ਨੇ ਖਤਮ ਕਰਵਾ ਦਿੱਤਾ, ਉਹ ਧੀ ਨਹੀਂ, ਬਲਕਿ ਪੁੱਤਰ ਸੀ ਤਾਂ ਪੈਰਾਂ ਥੱਲੋਂ ਜ਼ਮੀਨ ਖਿਸਕਣਾ ਸੁਭਾਵਿਕ ਹੈ ਤੇ ਜਿੰਦਗੀ ਵਿਚ ਹਮੇਸ਼ਾਂ ਲਈ ਹਨੇਰਾ ਹੀ ਛਾਂ ਜਾਂਦਾ ਹੈ ਅਤੇ ਪੁੱਤਰ ਵਿਯੋਗ ਦਾ ਦੁੱਖ ਸਾਰੀ ਉਮਰ ਲਈ ਖਹਿੜਾ ਹੀ ਨਹੀਂ ਛੱਡਦਾ ਤੇ ਇਹ ਸਾਰੀ ਉਮਰ ਦਾ ਸੰਤਾਪ ਮਾਪੇ ਹੰਢਾਉਂਦੇ ਹਨ ਕਿ ਉਨ੍ਹਾਂ ਹੱਥੋਂ ਕੀ ਹੋ ਗਿਆ?

ਆਮ ਤੌਰ ਤੇ ਧੀਆਂ ਦੇ ਜਨਮ ਤੋਂ ਹੀ ਉਨ੍ਹਾਂ ਨਾਲ ਵਿਤਕਰਾ ਆਰੰਭ ਹੋ ਜਾਂਦਾ ਹੈ ਤੇ ਮਾਂ ਧੀ ਦੇ ਜੰਮਣ ਦਾ ਸੰਤਾਪ ਸਾਰੀ ਉਮਰ ਮਨ ਨਾਲ ਲਾ ਕੇ ਰੱਖਦੀ ਹੈ ਤੇ ਉਹ ਸਮਾਜ ਦੇ ਤਾਹਨੇ ਮਿਹਨਿਆਂ ਦਾ ਸ਼ਿਕਾਰ ਹੁੰਦੀ ਹੈ ਕਿਉਂਕਿ ਉਹ ਸਿਰਫ ਕੁੜੀਆਂ ਨੂੰ ਹੀ ਜਨਮ ਦੇ ਸਕਦੀ ਹੈ.. ‘ਬਦਕਿਸਮਤ’ ਇਸ ਦੇ ਪੁੱਤਰ ਕਰਮਾਂ ਵਿਚ ਕਿਥੇਂ? ਜਦੋਂਕਿ ਪੁੱਤਰ ਨੂੰ ਜਨਮ ਦੇਣਾ ਸਿਰਫ ਔਰਤ ‘ਤੇ ਨਿਰਭਰ ਨਹੀਂ ਕਰਦਾ।

ਜਿਸ ਔਰਤ ਦੇ ਬੇਟਾ ਨਹੀਂ ਹੁੰਦਾ, ਉਸ ਨੂੰ ਕਈ ਵਾਰ ਸਮਾਜ ਵਿਚ ਰਹਿੰਦੇ ਹੋਏ ਅਜਿਹੀ ਸਥਿਤੀ ਦਾ ਸਾਹਮਣਾ ਕਰਨਾ ਪੈਂਦਾ ਕਿ ਜਿਸ ਦੀ ਉਸ ਦੇ ਫਰਿਸ਼ਤਿਆਂ ਤੱਕ ਨੂੰ ਖ਼ਬਰ ਨਹੀਂ ਹੁੰਦੀ, ਜੋ ਉਸ ਦੀ ਕਲਪਨਾ ਤੋਂ ਵੀ ਬਾਹਰ ਹੋ ਜਾਂਦਾ ਹੈ ਕਿ ਕਦੇ ਅਜਿਹਾ ਵੀ ਹੋ ਸਕਦਾ ਹੈ। ਜੋ ਉਸ ਦੇ ਮਾਣ ਸਨਮਾਨ ਅਤੇ ਆਤਮ ਵਿਸਵਾਸ਼ ਨੂੰ ਚਕਨਾਚੂਰ ਕਰ ਜਾਵੇ। ਇਸ ਦੇ ਚਲਦੇ ਹੀ ਰਾਜਸਥਾਨ ਦੀ ਇਕ ਰਸਮ ਹੈ ਕਿ ਜਦੋਂ ਵੀ ਉਨ੍ਹਾਂ ਦੇ ਘਰ ਪੁੱਤਰ ਜਨਮ ਲੈਂਦਾ ਹੈ ਤਾਂ ਉਹ ਪ੍ਰੋਗਰਾਮ ਕਰਦੇ ਹਨ ਤਾਂ ਕੂਆ ਪੂਜਣਾ (ਖੂਹ ਪੂਜਣਾ) ਦੀ ਇਕ ਰਸਮ ਹੁੰਦੀ ਹੈ। ਇਸ ਵਿਚ ਸ਼ਾਮਲ ਸਾਰੀਆਂ ਔਰਤਾਂ ਜੋ ਪੀਲੇ, ਲਾਲ ਚਟਕ ਰੰਗਾਂ ਦਾ ਗੋਟਾਂ ਕਿਨਾਰੀ ਲੱਗਾ ਦੁਪੱਟਾ ਲੈਂਦੀਆਂ ਹਨ, ਜਿਸ ਨੂੰ ‘ਪੀਲੋ’ ਕਿਹਾ ਜਾਂਦਾ ਹੈ।

ਮੇਰੀ ਦੋਸਤ ਨੂੰ ਵੀ ਇਕ ਅਜਿਹਾ ਪ੍ਰੋਗਰਾਮ ਅਟੈਂਡ ਕਰਨ ਦਾ ਮੌਕਾ ਮਿਲਿਆ। ਉਸ ਦੇ ਮੁਤਾਬਿਕ ਉਸ ਨੂੰ ਉਨ੍ਹਾਂ ਦੇ ਰੀਤੀ ਰਿਵਾਜ਼ਾਂ ਦਾ ਕੋਈ ਪਤਾ ਨਹੀਂ ਸੀ। ਉਥੇ ਇਨ੍ਹੇ ਸੋਹਣੇ ਸੋਹਣੇ ‘ਪੀਲੋ’ ਨਾਲ ਦੀਆਂ ਔਰਤਾਂ ਉਪਰ ਲਏ ਦੇਖ ਕੇ ਉਸ ਦਾ ਦਿਲ ਵੀ ਕੀਤਾ ਕਿ ਉਹ ਵੀ ਪੀਲੋ ਹੰਢਾਵੇ, ਜਦ ਉਸ ਨੇ ਆਪਣੀ ਇਹ ਖਵਾਇਸ਼ ਆਪਣੀ ਭੈਣ ਅੱਗੇ ਰੱਖੀ ਕਿ ਮੈਨੂੰ ਵੀ ‘ਪੀਲੋ’ ਚਾਹੀਦਾ ਹੈ, ਮੈਨੂੰ ਵੀ ਲਿਆ ਕੇ ਦੇਵੀਂ ਜਾਂ ਕਿਸੇ ਤੋਂ ਮੰਗਵਾ ਕੇ ਦੇਵੀਂ.. ਤਾਂ ਜੋ ਉਸ ਦੀ ਭੈਣ ਨੇ ਉਸ ਨੂੰ ਕਿਹਾ ਸੁਣ ਕੇ ਉਸ ਦੇ ਪੈਰਾਂ ਹੇਠੋਂ ਜਮੀਨ ਖਿਸਕ ਗਈ.. ਤੇ ਉਹ ਹੱਕੀ ਬੱਕੀ ਰਹਿ ਗਈ, ਉਸ ਨੂੰ ਦੁਨੀਆਂ ਦਾ ਕੋਈ ਕੋਨਾਂ ਨਹੀਂ ਮਿਲ ਰਿਹਾ ਸੀ, ਜਿਥੇ ਜਾ ਕੇ ਉਹ ਆਪਣੇ ਆਪ ਨੂੰ ਸ਼ਾਂਤ ਕਰਦੀ।

ਕਿਉਂਕਿ ਇਸ ਗੱਲ ਨੇ ਉਸ ਦੇ ਮਨ ਵਿਚ ਤਰਥੱਲੀ ਮਚਾ ਦਿੱਤੀ ਸੀ, ਉਸ ਦੀ ਭੈਣ ਨੇ ਕਿਹਾ ਕਿ ”ਤੂੰ ਪਾਗਲ ਹੈ” ਪੀਲੋਂ ਹਰ ਕੋਈ ਨਹੀਂ ਲੈ ਸਕਦਾ। ਇਹ ਸਿਰਫ ਉਹੀ ਲੈ ਸਕਦੀਆਂ ਹਨ, ਜਿੰਨਾਂ ਦੇ ਮੁੰਡੇ ਹੁੰਦੇ ਹਨ। ਤੂੰ ਨਹੀਂ ਲੈ ਸਕਦੀ। ਕਿਉਂਕਿ ਮੇਰੀ ਦੋਸਤ ਦੇ ਸਿਰਫ ਇਕ ਬੇਟੀ ਸੀ, ਉਸ ਨੂੰ ਇਕ ਬੇਟੀ ਦੀ ਮਾਂ ਹੋਣ ‘ਤੇ ਬਹੁਤ ਮਾਣ ਸੀ, ਪਰ ਉਸ ਦੀ ਭੈਣ ਨੇ ਹੀ ਉਸ ਦੇ ਆਤਮ ਵਿਸਵਾਸ਼ ਦੇ ਪਰਖਚੜੇ ਉਡਾ ਕੇ ਰੱਖ ਦਿੱਤੇ। ਇਸ ਤਰ੍ਹਾਂ ਹੀ ਇਕ ਹੋਰ ਘਟਨਾ ਘਟੀ, ਜੋ ਮੇਰੇ ਮਨ ਦੇ ਆਰ ਪਾਰ ਹੋ ਗਈ। ਜਿਸ ਦਾ ਜਿਕਰ ਇਸ ਪ੍ਰਕਾਰ ਹੈ ਕਿ ਬੱਚੇ ਦੇ ਜਨਮ ਤੋਂ ਬਾਅਦ ਮਾਂ ਬੱਚੇ ਦੇ ਲਈ ਕੱਪੜੇ ਅਤੇ ਗਹਿਣੇ ਲੈ ਕੇ ਜਾਂਦੇ ਹਨ ਤੇ ਨਾਲ ਹੀ ਮਾਂ ਬੱਚਾ ਸਿਹਤਮੰਦ ਰਹੇ, ਜੜੀਆਂ ਬੂਟੀਆਂ ਤੋਂ ਤਿਆਰ ਕੀਤੀ ਪੰਜੀਰੀ ਲੈ ਕੇ ਜਾਂਦੇ ਹਨ.. ਪਰ ਇਹ ਮਾਂ ਜਿਸ ਨੇ ਆਪਣੀ ਪਹਿਲੀ ਔਲਾਦ ਬੇਟੀ ਨੂੰ ਜਨਮ ਦਿੱਤਾ, ਉਹ ਇਸ ਚੀਜ਼ ਤੋਂ ਵੀ ਸੱਖਣੀ ਰਹੀ, ਉਸ ਨੂੰ ਕਿਸੇ ਨੇ ਵੀ ਪੰਜੀਰੀ ਨਾ ਬਣਾ ਕੇ ਦਿੱਤੀ।

ਜਦੋਂ ਉਸ ਨੇ ਆਪਣੇ ਪਤੀ ਨਾਲ ਇਹ ਗੱਲ ਸਾਂਝੀ ਕੀਤੀ ਕਿ ਤੁਹਾਡੀ ਭਾਬੀ ਲਈ ਵੀ ਇਹ ਬਣਾਈ ਗਈ ਤੁਹਾਡੇ ਘਰ, ਤੁਹਾਡੀ ਭੈਣ ਲਈ ਵੀ ਇਹ ਬਣਾਈ ਗਈ.. ਮੈਂ ਹੀ ਕਿਉਂ ਰਹਿ ਗਈ। ਇਸ ਤੋਂ ਬਿਨ੍ਹਾਂ… ਮੇਰੇ ਲਈ ਕਿਉਂ ਨਹੀਂ ਬਣਾਈ ਗਈ? ਇਸ ਤੇ ਉਸ ਦੇ ਪੜੇ ਲਿਖੇ ਪਤੀ ਦਾ ਜਵਾਬ ਸੀ…ਕਿ ”ਤੂੰ ਕਿਹੜਾ ਮੁੰਡਾ ਜੰਮਿਆ” ਜਿਹੜੀਆਂ ਮੁੰਡੇ ਜੰਮਦੀਆਂ ਉਨ੍ਹਾਂ ਦੇ ਸ਼ਗਨ ਵਿਹਾਰ ਹੁੰਦੇ ਹਨ। ਪੰਜੀਰੀਆਂ ਉਨ੍ਹਾਂ ਨੂੰ ਦਿੱਤੀਆਂ ਜਾਂਦੀਆਂ ਹਨ। ਤੇਰੇ ਵਰਗੀਆਂ ਨੂੰ ਨਹੀਂ ਜੋ ਧੀਆਂ ਨੂੰ ਜਨਮ ਦਿੰਦੀਆਂ ਹਨ। ਹੈਰਾਨੀ ਹੁੰਦੀ ਹੈ, ਅਜਿਹੀ ਸੋਚ ਰੱਖਣ ਵਾਲੇ ਮਰਦਾਂ ‘ਤੇ… ਧਿਰਕਾਰ ਹੈ ਉਨ੍ਹਾਂ ਤੇ.. ਜਿਹੜੇ ਆਪਣੇ ਹੀ ਜਿਗਰ ਦਾ ਟੋਟਾ ਆਪਣੀ ਧੀ ਨੂੰ ਪੁੱਤਰਾਂ ਦੀ ਤੱਕੜੀ ਵਿਚ ਤੋਲਦੇ ਹਨ।

ਇਸ ਤਰ੍ਹਾ ਹੀ ਇਕ ਲੜਕੀ ਨੇ ਬੜੀ ਜੱਦੋ ਜਹਿਦ ਤੋਂ ਬਾਅਦ ਇਕ ਬੇਟੀ ਨੂੰ ਜਨਮ ਦਿੱਤਾ। ਬੇਟੀ ਦੇ ਜਨਮ ਦੀ ਖਬਰ ਉਸ ਦੇ ਪਤੀ ਅਤੇ ਸਹੁਰਾ ਪਰਿਵਾਰ ਨੂੰ ਦਿੱਤੀ ਗਈ, ਪਰ ਲੜਕੇ ਦੀ ਮਾਂ ਨਾ ਤਾਂ ਆਪ ਆਈ ਤੇ ਨਾ ਹੀ ਆਪਣੇ ਪੁੱਤਰ ਨੂੰ ਆਉਣ ਦਿੱਤਾ। ਹਸਪਤਾਲ ਵਿਚ ਪਈ ਲੜਕੀ ਆਪਣੇ ਪਤੀ ਨੂੰ ਤੇ ਸਹੁਰਾ ਪਰਿਵਾਰ ਨੂੰ ਉਡੀਕ ਰਹੀ ਸੀ ਤਾਂ ਜੋ ਆਪਣੀ ਪੀੜ੍ਹ ਉਨ੍ਹਾਂ ਨੂੰ ਦੱਸ ਸਕੇ। ਸੱਸ ਨੇ ਕਿਹਾ ਕਿ ਪੁੱਤਰ ਤਾਂ ਡਿਊਟੀ ਗਿਆ ਜਦੋਂ ਆਇਆ ਆ ਜਾਵਾਂਗੇ। ਲੜਕੀ ਨੂੰ ਪਤਾ ਸੀ ਕਿ ਛੁੱਟੀ ਹੋਣ ਕਰਕੇ ਸਾਰੇ ਸਰਕਾਰੀ ਦਫਤਰ ਬੰਦ ਹੁੰਦੇ ਹਨ, ਪਰ ਉਹ ਕਰ ਵੀ ਕੀ ਸਕਦੀ ਹੈ? ਫਿਰ ਪਤਾ ਲੱਗਾ ਕਿ ਉਸ ਦੇ ਸਹੁਰੇ ਘਰ ਤਾਂ ਉਸ ਦਿਨ ਰੋਟੀ ਵੀ ਨਹੀਂ ਪੱਕੀ ਸੀ ਕਿ ਮੁੰਡੇ ਦੇ ਨਿੱਕੇ ਜਿਹੇ ਮੁੰਹ ਤੇ ਕੁੜੀ ਨਾਮੀ ਪੱਥਰ ਆ ਡਿੱਗਿਆ।

ਇਸ ਤਰ੍ਹਾਂ ਦੀ ਸੋਚ ਰੱਖਦਿਆ ਉਸ ਬੇਟੀ ਦੇ ਜਨਮ ਤੇ ਦਾਦਕਿਆਂ ਵਲੋਂ ਕੋਈ ਵੀ ਸ਼ਗਨ ਵਿਹਾਰ ਨਹੀਂ ਕੀਤਾ ਗਿਆ ਤੇ ਨਾ ਹੀ ਨਵੀਂ ਜਨਮੀ ਬੇਟੀ ਨੂੰ ਕੋਈ ਦੇਖਣ ਹੀ ਆਇਆ, ਜਦੋਂ ਉਹ ਲੜਕੀ 3-4 ਮਹੀਨੇ ਬਾਅਦ ਆਪਣੀ ਨਵੀਂ ਜਨਮੀ ਬੇਟੀ ਨੂੰ ਲੈ ਕੇ ਸਹੁਰੇ ਘਰ ਗਈ ਤਾਂ ਅੱਗੋਂ ਸੱਸ ਕਹਿੰਦੀ ਕੁੜੀ ਨੂੰ ਜਨਮ ਦਿੱਤਾ, ਆਪੇ ਸਾਂਭ ਆਪਣੀ ਨੂੰ.. ਜੇ ਮੁੰਡਾ ਹੁੰਦਾ ਤਾਂ ਅਸੀਂ ਆਪ ਸਾਂਭਦੇ ਤੈਨੂੰ ਹੱਥ ਤੱਕ ਨਾ ਲਗਾਉਣ ਦਿੰਦੇ, ਮਨਹੂਸ ਕਿਤੋਂ ਦੀ… ਹੋਰ ਕੀ ਤੂੰ ਕਿਹੜਾ ਮੁੰਡਾ ਜੰਮਣਾ ਸੀ, ਜਿਹੜਾ ਸਾਡਾ ਨਾਮ ਰੋਸ਼ਨ ਕਰਦਾ।

ਔਰਤ ਬੇਟੀ ਹੋਣ ਦਾ ਤੇ ਬੇਟੀ ਨੂੰ ਜਨਮ ਦੇਣ ਦਾ ਸੰਤਾਪ ਕਿਥੋਂ ਤੱਕ ਨਹੀਂ ਹਢਾਉਂਦੀ? ਇਸੇ ਤਰ੍ਹਾ ਇਕ ਪੜ੍ਹੀ ਲਿਖੀ ਔਰਤ ਜੋ ਕਿ ਸਮਾਜ ਵਿਚ ਰੁਤਬਾ ਰੱਖਦੀ ਸੀ। ਉਸ ਨੇ ਇਕ ਖੂਬਸੂਰਤ ਬੇਟੀ ਨੂੰ ਜਨਮ ਦਿੱਤਾ.. ਜਦੋਂ ਬੇਟੀ ਹੋਣ ਦਾ ਪਤਾ ਉਸ ਦੇ ਸਹੁਰੇ ਪਰਿਵਾਰ ਨੂੰ ਲੱਗਾ ਤਾਂ ਘਰ ਵਿਚ ਮਾਤਮ ਜਿਹਾ ਛਾ ਗਿਆ। ਕੋਈ ਕਿਸੇ ਨਾਲ ਗੱਲ ਨਹੀ ਕਰ ਰਿਹਾ ਸੀ ਤਾਂ ਉਸ ਔਰਤ ਨੇ ਆਪਣੀ ਬੇਟੀ ਲਈ ਆਪਣੀ ਸੱਸ ਤੇ ਪਤੀ ਤੋਂ ਜਰੂਰਤ ਦੀਆਂ ਚੀਜ਼ਾਂ ਦੀ ਮੰਗ ਕੀਤੀ ਤਾਂ ਅੱਗੋਂ ਸੱਸ ਨੇ ਕਿਹਾ ਕਿ ‘ਸਾਡੇ ਤਾਂ ਕੁੜੀਆਂ ਨੂੰ ਬੋਰੀ ‘ਤੇ ਪਾਉਣ ਦਾ ਰਿਵਾਜ ਹੈ, ਚੱਕ ਬੋਰੀ ਤੇ ਪਾ ਦੇ ਇਸ ਨੂੰ…ਹੋਰ ਕੀ ਸੱਤ ਰੰਗਾਂ ਪਲੰਘ ਚਾਹੀਦਾ ਇਸ ਵਾਸਤੇ, ਬਹੁਤ ਮਾਯੂਸ ਹੋਈ… ਉਹ ਔਰਤ ਤੇ ਸਾਰਾ ਕੁਝ ਆਪਣੇ ਅੰਦਰ ਹੀ ਸਮੇਟ ਲਿਆ ਤੇ ਇਹ ਤੁਫਾਨ ਨੂੰ ਆਪਣੇ ਅੰਦਰ 22 ਸਾਲ ਸਮੇਟ ਕੇ ਰੱਖਿਆ, ਆਪਣੀ ਬੇਟੀ ਦੀ ਬਹੁਤ ਚੰਗੀ ਪਰਵਰਿਸ਼ ਕੀਤੀ ਅਤੇ ਉਹ ਬੱਚੀ ਬਹੁਤ ਹੀ ਖੂਬਸੂਰਤ, ਸੂਝਵਾਨ ਐਮ.ਬੀ.ਬੀ.ਐਸ. ਡਾਕਟਰ ਬਣੀ, ਫਿਰ ਉਸ ਲੜਕੀ ਦੇ ਨਾਨਾ ਜੀ ਉਸ ਲੜਕੀ ਨੂੰ ਨਾਲ ਲੈ ਕੇ ਉਸ ਦੀ ਦਾਦੀ ਕੋਲ ਦਾਦਕੇ ਪਿੰਡ ਤੋਂ ਲੈ ਆਏ। ਉਹੀ ਦਾਦੀ ਨੇ ਤੇਲ ਚੋਇਆ ਤੇ ਚੁੰਮ ਚੁੰਮ ਕੇ ਉਸੇ ਬਦਨਸੀਬ ਜੋ ਕਿ ਹੁਣ ਡਾਕਟਰ ਬਣ ਚੁੱਕੀ ਸੀ, ਲੜਕੀ ਨੂੰ ਆਪਣੇ ਕਾਲਜੇ ਨਾਲ ਲਾ ਰਹੀ ਸੀ, ਫਿਰ ਲਾਹਨਤਾਂ ਹੈ ਅਜਿਹੀ ਮਾਨਸਿਕਤਾ ਰੱਖਣ ਵਾਲਿਆਂ ‘ਤੇ..

ਇਹ ਆਮ ਤੌਰ ਤੇ ਹੀ ਦੇਖਿਆ ਜਾਂਦਾ ਹੈ ਕਿ ਪੁੱਤਰ ਜੰਮਣ ਤੇ ਲੱਡੂ ਵੰਡੇ ਜਾਂਦੇ ਹਨ ਤੇ ਧੀ ਜੰਮਣ ਤੇ ਅੱਥਰੂ ਵੰਡੇ ਜਾਂਦੇ ਹਨ, ਧੀ ਨੂੰ ਹਮੇਸ਼ਾਂ ਪਰਾਇਆ ਧੰਨ ਹੀ ਸਮਝਿਆ ਜਾਂਦਾ ਹੈ ਤੇ ਕਈ ਵਾਰ ਉਨ੍ਹਾਂ ਦੇ ਮਾਣ ਸਨਮਾਨ ਵੀ ਸੱਟ ਲੱਗ ਹੀ ਜਾਂਦੀ ਹੈ। ਮਾਂ ਦੇ ਅੰਦਰ ਬੇਟੀ ਨੂੰ ਜਨਮ ਦੇਣ ਦਾ ਇੰਨ੍ਹਾਂ ਦੁੱਖ ਨਹੀਂ ਹੁੰਦਾ, ਜਿੰਨਾਂ ਉਹ ਸਮਾਜ ਦੇ ਹੱਥੋਂ ਡਰਦੀ ਹੈ ਕਿ ਜਿੰਨਾਂ ਦੁੱਖ ਉਸ ਨੇ ਪਾਇਆ ਕਿਤੇ ਉਸ ਮਾਸੂਮ ਨੂੰ ਵੀ ਇਹ ਦੁੱਖ ਭੁਗਤਣਾ ਨਾ ਪਵੇ। ਉਹ ਆਪਣੀ ਬਾਲੜੀ ਨੂੰ ਦੁਨੀਆਂ ਦੇ ਕਟਹਿਰੇ ਵਿਚ ਨਹੀਂ ਖੜ੍ਹੇ ਦੇਖਣਾ ਚਾਹੁੰਦੀ।

ਉਹ ਹਮੇਸ਼ਾਂ ਹੀ ਡਰਦੀ ਹੈ… ਤਾਂ ਸਿਰਫ ਇਸੇ ਗੱਲ ਤੋਂ ਕਿ ਕਿਤੇ ਬੇ-ਮੌਂਸਮਾਂ ਝੱਖੜ ਉਸ ਦੀ ਫੁੱਲਾਂ ਜਿਹੀ ਨਾਜ਼ੁਕ ਬੇਟੀ ਦੇ ਖਿੜਨ ਤੋਂ ਪਹਿਲਾਂ ਹੀ ਉਸ ਨੂੰ ਕਿਤੇ ਖਾਮੋਸ਼ ਨਾ ਕਰ ਜਾਵੇ। ਮਾਂ ਦੇ ਢਿੱਡ ਦੀ ਆਂਦਰ ਹੁੰਦੀ ਹੈ ਬੇਟੀ, ਮਾਂ ਦੇ ਸੀਨੇ ਦੀ ਨਿਘਾਸ ਹੁੰਦੀ ਹੈ ਬੇਟੀ, ਮਾਂ ਦੀਆਂ ਅੱਖਾਂ ਦਾ ਨੂਰ ਹੁੰਦੀ ਹੈ ਬੇਟੀ, ਬੇਹਤਾਸ਼ਾ ਮੁਹੱਬਤ ਹੁੰਦੀ ਹੈ ਮਾਂ ਦੀ ਆਪਣੀ ਬੇਟੀ ਲਈ, ਪਰ ਸਮਾਜ ਉਸ ਨੂੰ ਇਹ ਸਭ ਕੁਝ ਕਰਨ ਤੋਂ ਰੋਕਦਾ ਹੈ। ਸਮਾਜ ਦੇ ਲਈ ਪੱਥਰ ਹੁੰਦੀ ਹੈ ਬੇਟੀ ਤੇ ਘੋਰ ਅਪਮਾਨ ਤੇ ਚਿੰਤਾਂ ਦਾ ਘਰ ਹੁੰਦੀ ਹੈ ਬੇਟੀ, ਹਰ ਸਮੇਂ ਡਰ ਦਾ ਕਾਰਨ ਹੁੰਦੀ ਹੈ ਬੇਟੀ, ਪਰ ਜੇਕਰ ਮਾਂ ਆਪਣੇ ਆਪਣੇ ਆਪ ਨੂੰ ਮਜ਼ਬੂਤ ਕਰ ਲਵੇ ਤਾਂ ਬੇਟੀ ਰਾਣੀ ਲਕਸ਼ਮੀ ਬਾਈ ਹੁੰਦੀ ਹੈ, ਬੇਟੀ ਕਲਪਨਾ ਚਾਵਲਾ ਹੁੰਦੀ ਹੈ, ਪੀ.ਟੀ. ਊਸ਼ਾ ਹੁੰਦੀ ਹੈ ਬੇਟੀ, ਸਾਨੀਆਂ ਮਿਰਜ਼ਾ ਹੁੰਦੀ ਹੈ ਬੇਟੀ………

ਲੇਖਿਕਾ : ਪਰਮਜੀਤ ਕੌਰ ਸਿੱਧੂ
ਮੋਬਾਈਲ: 98148-90905  

Related posts

ਇੰਡੋਨੇਸ਼ੀਆ ‘ਚ ਫਟਿਆ ਜਵਾਲਾਮੁਖੀ, ਦੋ ਦੀ ਮੌਤ; ਫਸੇ ਦਸ ਲੋਕਾਂ ਨੂੰ ਕੱਢਿਆ ਗਿਆ- ਆਫ਼ਤ ਪ੍ਰਬੰਧਨ ਏਜੰਸੀ

On Punjab

ਦੇਖੋ…ਜਵਾਨਾਂ ਦੀ ਚਿਤਾਵਾਂ ਦਾ ਸੇਕ ,

Pritpal Kaur

ਕਸ਼ਮੀਰ ਅਜੇ ਵੀ ਨਹੀਂ ਬਣਿਆ ਸਵਰਗ, ਦਹਿਸ਼ਤ ਦਾ ਆਲਮ

On Punjab