ਚੰਡੀਗੜ੍ਹ- ਪੰਜਾਬ ਪੁਲੀਸ ਨੇ ਇੱਕ ਵੱਡੀ ਸਫ਼ਲਤਾ ਹਾਸਲ ਕਰਦਿਆਂ ਜੱਗੂ ਭਗਵਾਨਪੁਰੀਆ ਗੈਂਗ ਦੇ ਇੱਕ ਸਰਗਰਮ ਮੈਂਬਰ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਸ ਦੇ ਕਬਜ਼ੇ ‘ਚੋਂ ਅਤਿ-ਆਧੁਨਿਕ ਹਥਿਆਰ ਬਰਾਮਦ ਕੀਤੇ ਹਨ। ਪੰਜਾਬ ਪੁਲੀਸ ਦੇ ਡੀ ਜੀ ਪੀ ਗੌਰਵ ਯਾਦਵ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਬਟਾਲਾ, ਪੰਜਾਬ ਦੇ ਵਸਨੀਕ ਗੁਰਲਵ ਸਿੰਘ ਉਰਫ਼ ਲਵ ਰੰਧਾਵਾ ਵਜੋਂ ਹੋਈ ਹੈ। ਅਧਿਕਾਰੀਆਂ ਨੇ ਉਸਦੇ ਕਬਜ਼ੇ ‘ਚੋਂ ਤਿੰਨ ਮੈਗਜ਼ੀਨਾਂ ਅਤੇ 16 ਜ਼ਿੰਦਾ ਕਾਰਤੂਸਾਂ ਸਮੇਤ ਦੋ ਪਿਸਤੌਲ ਬਰਾਮਦ ਕੀਤੇ ਹਨ।
ਡੀ.ਜੀ.ਪੀ. ਗੌਰਵ ਯਾਦਵ ਨੇ ‘ਐਕਸ’ (X) ‘ਤੇ ਇੱਕ ਪੋਸਟ ਵਿੱਚ ਲਿਖਿਆ, ‘‘ਇੱਕ ਵੱਡੀ ਸਫ਼ਲਤਾ ਵਿੱਚ, ਐਂਟੀ-ਗੈਂਗਸਟਰ ਟਾਸਕ ਫੋਰਸ ਪੰਜਾਬ ਨੇ ਬਟਾਲਾ ਪੁਲੀਸ ਨਾਲ ਇੱਕ ਸਾਂਝੇ ਅਪਰੇਸ਼ਨ ਵਿੱਚ ਜੱਗੂ ਭਗਵਾਨਪੁਰੀਆ ਗੈਂਗ ਦੇ ਇੱਕ ਸਰਗਰਮ ਮੈਂਬਰ – ਗੁਰਲਵ ਸਿੰਘ ਉਰਫ਼ ਲਵ ਰੰਧਾਵਾ, ਵਾਸੀ ਬਟਾਲਾ ਨੂੰ ਗ੍ਰਿਫ਼ਤਾਰ ਕੀਤਾ ਅਤੇ ਅਤਿ-ਆਧੁਨਿਕ ਹਥਿਆਰ (3 ਮੈਗਜ਼ੀਨਾਂ ਅਤੇ 16 ਜ਼ਿੰਦਾ ਕਾਰਤੂਸਾਂ ਸਮੇਤ ਦੋ ਪਿਸਤੌਲ) ਬਰਾਮਦ ਕੀਤੇ।”

