67.23 F
New York, US
October 2, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਕਨੋਈ ਦੇ ਨੌਜਵਾਨ ਦੇ ਜਬਰੀ ਸਸਕਾਰ ਮਗਰੋਂ ਹੁਣ ਫੁੱਲ ਵੀ ਪੁਲੀਸ ਦੇ ਪਹਿਰੇ ਹੇਠ

ਸੰਗਰੂਰ-  ਖ਼ੁਦਕੁਸ਼ੀ ਕਰਨ ਵਾਲੇ ਪਿੰਡ ਕਨੋਈ ਦੇ ਨੌਜਵਾਨ ਸਨਮਦੀਪ ਸਿੰਘ, ਜਿਸ ਦਾ ਬੀਤੇ ਕੱਲ੍ਹ ਪੁਲੀਸ ਵੱਲੋਂ ਪਰਿਵਾਰ ਨੂੰ ਹਿਰਾਸਤ ’ਚ ਲੈਣ ਮਗਰੋਂ ਉਨ੍ਹਾਂ ਦੀ ਗ਼ੈਰਹਾਜ਼ਰੀ ਵਿੱਚ ਕਥਿਤ ਤੌਰ ’ਤੇ ਜਬਰੀ ਅੰਤਿਮ ਸਸਕਾਰ ਕਰ ਦਿੱਤਾ ਗਿਆ ਸੀ, ਦਾ ਅੰਗੀਠਾ/ਫੁੱਲ ਵੀ ਹੁਣ ਪੁਲੀਸ ਦੇ ਪਹਿਰੇ ਹੇਠ ਹਨ। ਸਥਾਨਕ ਉਭਾਵਾਲ ਰੋਡ ’ਤੇ ਸਥਿਤ ਸ਼ਮਸ਼ਾਨਘਾਟ ਵਿੱਚ ਪੁਲੀਸ ਮੁਲਾਜ਼ਮ ਤਾਇਨਾਤ ਹਨ। ਮ੍ਰਿਤਕ ਨੌਜਵਾਨ ਦੇ ਮਾਤਾ-ਪਿਤਾ ਅਤੇ ਦਾਦਾ-ਦਾਦੀ ਸਮੇਤ ਕਰੀਬ 8-10 ਸਕੇ ਸਬੰਧੀ ਹਾਲੇ ਵੀ ਪੁਲੀਸ ਹਿਰਾਸਤ ਵਿੱਚ ਹਨ, ਜਿਨ੍ਹਾਂ ਨੂੰ ਰਿਹਾਅ ਨਹੀਂ ਕੀਤਾ ਗਿਆ।

ਮ੍ਰਿਤਕ ਦੇ ਮਾਮਾ ਸੰਦੀਪ ਸਿੰਘ ਵਾਸੀ ਧਨੌਲਾ ਨੇ ‘ਪੰਜਾਬੀ ਟ੍ਰਿਬਿਊਨ’ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਪਤਾ ਨਹੀਂ ਲੱਗ ਰਿਹਾ ਹੈ ਕਿ ਬੀਤੇ ਕੱਲ੍ਹ ਹਿਰਾਸਤ ’ਚ ਸਨਮਦੀਪ ਦੇ ਮਾਤਾ-ਪਿਤਾ ਅਤੇ ਦਾਦਾ-ਦਾਦੀ ਸਣੇ 8-10 ਜਣਿਆਂ ਨੂੰ ਪੁਲੀਸ ਨੇ ਕਿੱਥੇ ਰੱਖਿਆ ਹੈ। ਉਨ੍ਹਾਂ ਕਿਹਾ ਕਿ ਉਹ ਪਹਿਲਾਂ ਪੁਲੀਸ ਥਾਣਾ ਧੂਰੀ ਜਾ ਕੇ ਆਏ ਹਨ, ਜਿਸ ਤੋਂ ਬਾਅਦ ਉਹ ਥਾਣਾ ਸਦਰ ਸੰਗਰੂਰ ਗਏ, ਪਰ ਪੁਲੀਸ ਕੁਝ ਨਹੀਂ ਦੱਸ ਰਹੀ ਕਿ ਪਰਿਵਾਰਕ ਮੈਂਬਰਾਂ ਨੂੰ ਕਿੱਥੇ ਰੱਖਿਆ ਹੈ। ਉਨ੍ਹਾਂ ਕਿਹਾ ਕਿ ਉਹ ਸਵੇਰ ਤੋਂ ਦਰ-ਦਰ ਦੀਆਂ ਠੋਕਰਾਂ ਖਾ ਰਹੇ ਹਨ, ਪਰ ਕੁਝ ਪਤਾ ਨਹੀਂ ਲੱਗਿਆ।

ਉਨ੍ਹਾਂ ਦੋਸ਼ ਲਾਇਆ ਕਿ ਸਵੇਰੇ ਕੁਝ ਰਿਸ਼ਤੇਦਾਰ ਸ਼ਮਸ਼ਾਨਘਾਟ ਸੰਗਰੂਰ ਗਏ ਸਨ ਤਾਂ ਜੋ ਫੁੱਲ ਚੁਗਣ ਬਾਰੇ ਪਤਾ ਕੀਤਾ ਜਾ ਸਕੇ, ਪਰ ਉੱਥੇ ਪੁਲੀਸ ਤਾਇਨਾਤ ਹੈ ਅਤੇ ਉਨ੍ਹਾਂ ਨੂੰ ਵਾਪਸ ਮੋੜ ਦਿੱਤਾ ਗਿਆ। ਫੁੱਲ ਚੁਗਣ ਤੇ ਅੰਗੀਠਾ ਸੰਭਾਲਣ ਦੀ ਰਸਮ ਬਾਰੇ ਉਨ੍ਹਾਂ ਕਿਹਾ ਕਿ ਫ਼ਿਲਹਾਲ ਉਹ ਪਰਿਵਾਰ ਦਾ ਪਤਾ ਲਗਾ ਰਹੇ ਹਨ ਅਤੇ ਪਰਿਵਾਰ ਮਿਲਣ ਮਗਰੋਂ ਫੁੱਲ ਚੁਗੇ ਜਾਣਗੇ। ਸੰਦੀਪ ਸਿੰਘ ਨੇ ਕਿਹਾ ਕਿ ਪਰਿਵਾਰ ਨੂੰ ਨਾ ਆਪਣੇ ਪੁੱਤ ਦਾ ਆਖਰੀ ਵਾਰ ਮੂੰਹ ਵੇਖਣਾ ਨਸੀਬ ਹੋਇਆ ਅਤੇ ਨਾ ਹੀ ਉਹ ਅੰਤਿਮ ਰਸਮਾਂ ਨਿਭਾ ਸਕੇ, ਹੁਣ ਘੱਟੋ-ਘੱਟ ਫੁੱਲ ਤਾਂ ਪਰਿਵਾਰ ਨੂੰ ਚੁਗ ਲੈਣ ਦਿਓ। ਉਨ੍ਹਾਂ ਖ਼ਦਸ਼ਾ ਜ਼ਾਹਰ ਕੀਤਾ ਕਿ ਕਿਤੇ ਪਰਿਵਾਰ ਦੀ ਸਹਿਮਤੀ ਤੋਂ ਬਗੈਰ ਸਸਕਾਰ ਦੀ ਤਰ੍ਹਾਂ ਪੁਲੀਸ ਜਬਰੀ ਫੁੱਲ ਵੀ ਚੁਗ ਕੇ ਨਾ ਪਾ ਆਵੇ।

Related posts

ਫਿਲੀਪੀਨਜ਼ ‘ਚ ਕਿਸ਼ਤੀ ਪਲਟਣ ਕਾਰਨ 30 ਲੋਕਾਂ ਦੀ ਮੌਤ ਦਾ ਖ਼ਦਸ਼ਾ, ਬਚਾਅ ਕਾਰਜ ਜਾਰੀ

On Punjab

ਆਸਟ੍ਰੇਲੀਆ ਦੇ ਵਿਕਟੋਰੀਆ ’ਚ ਲਾਕਡਾਊਨ ’ਚ ਨਹੀਂ ਮਿਲੇਗੀ ਕੋਈ ਛੂਟ, ਡੈਲਟਾ ਵੇਰੀਐਂਟ ਦੇ ਮਾਮਲਿਆਂ ’ਚ ਆਈ ਕਮੀ

On Punjab

Lakhimpur Keri Violance: ਅਸਤੀਫ਼ਾ ਨਹੀਂ ਦੇਣਗੇ ਗ੍ਰਹਿ ਮੰਤਰੀ ਅਜੇ ਮਿਸ਼ਰਾ ਟੇਨੀ! ਚੁਣੌਤੀ ਦਿੰਦੇ ਹੋਏ ਕਹੀ ਇਹ ਗੱਲ…

On Punjab