ਵਾਸ਼ਿੰਗਟਨ : ਸੰਯੁਕਤ ਰਾਸ਼ਟਰ ਇਸ ਸਮੇਂ ਬਜਟ ਦੀ ਸਖਤ ਘਾਟ ਨਾਲ ਜੂਝ ਰਿਹਾ ਹੈ । ਇਸ ਸਮੇਂ ਸੰਯੁਕਤ ਰਾਸ਼ਟਰ ਅਮਰੀਕਾ, ਬ੍ਰਾਜ਼ੀਲ ਸਮੇਤ ਹੋਰ ਦੇਸ਼ਾਂ ਨੂੰ ਦਿੱਤੇ ਗਏ ਕਰਜ਼ਿਆਂ ਦੀ ਅਦਾਇਗੀ ਨਾ ਮਿਲਣ ਕਰਕੇ ਮੁੱਢਲੀਆਂ ਸਹੂਲਤਾਂ ਨੂੰ ਪੂਰਾ ਕਰਨ ਵਿੱਚ ਵੀ ਅਸਫਲ ਦਿਖਾਈ ਦੇ ਰਿਹਾ ਹੈ । ਜਿਸਨੂੰ ਦੇਖਦੇ ਹੋਏ ਸੰਯੁਕਤ ਰਾਸ਼ਟਰ ਪ੍ਰਬੰਧਨ ਵੱਲੋਂ ਹੁਣ ਨਿਊਯਾਰਕ ਸਥਿਤ ਆਪਣੇ ਦਫ਼ਤਰ ਦੀ ਇਮਾਰਤ ਹਰ ਸ਼ਨੀਵਾਰ-ਐਤਵਾਰ ਨੂੰ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਹੈ । ਇਸ ਤੋਂ ਪਹਿਲਾਂ ਇੱਥੇ ਦੋ ਦਿਨ ਦੀ ਛੁੱਟੀ ਰਹਿੰਦੀ ਸੀ, ਪਰ ਇਮਾਰਤ ਖੁੱਲ੍ਹੀ ਰਹਿੰਦੀ ਸੀ।ਸੂਤਰਾਂ ਅਨੁਸਾਰ, ਯੂਐਨ ਦੇ ਦਫਤਰ ਵਿੱਚ ਬਿਜਲੀ ਦੀ ਖਪਤ ਨੂੰ ਕੰਟਰੋਲ ਕਰਨ ਲਈ ਏਅਰ ਕੰਡੀਸ਼ਨਰ ਅਤੇ ਲਿਫਟ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ । ਇਸ ਤੋਂ ਇਲਾਵਾ ਕਰਮਚਾਰੀਆਂ ਨੂੰ ਦਿੱਤੀ ਜਾਂਦੀ ਤਨਖਾਹ ‘ਤੇ ਵੀ ਖ਼ਤਰਾ ਮੰਡਰਾ ਰਿਹਾ ਹੈ । ਇਸ ਮਾਮਲੇ ਵਿੱਚ ਸੰਯੁਕਤ ਰਾਸ਼ਟਰ ਦੇ ਪ੍ਰਬੰਧਨ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਉਨ੍ਹਾਂ ਦੇ 37 ਹਜ਼ਾਰ ਕਰਮਚਾਰੀਆਂ ਦੀਆਂ ਤਨਖਾਹਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ । ਉਨ੍ਹਾਂ ਦੱਸਿਆ ਕਿ ਸੰਯੁਕਤ ਰਾਸ਼ਟਰ ਦੇ ਸੱਕਤਰ-ਜਨਰਲ ਐਂਟੋਨੀਓ ਗੁਟੇਰੇਸ ਵੱਲੋਂ ਇਸ ਸਬੰਧ ਵਿੱਚ ਸਟਾਫ ਨੂੰ ਇਕ ਪੱਤਰ ਲਿਖਿਆ ਗਿਆ ਹੈ ।
ਜਿਸ ਵਿੱਚ ਉਨ੍ਹਾਂ ਲਿਖਿਆ ਹੈ ਕਿ ਸੰਯੁਕਤ ਰਾਸ਼ਟਰ ਪਿਛਲੇ ਦਹਾਕੇ ਵਿੱਚ ਸਭ ਤੋਂ ਵੱਡੇ ਫੰਡਾਂ ਦੀ ਘਾਟ ਨਾਲ ਜੂਝ ਰਿਹਾ ਹੈ । ਜਿਸ ਕਾਰਨ ਉਨ੍ਹਾਂ ਨੂੰ ਮਹੀਨੇ ਦੇ ਅੰਤ ਵਿੱਚ ਸਟਾਫ ਨੂੰ ਭੁਗਤਾਨ ਕਰਨ ਵਿੱਚ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ।
ਦੱਸ ਦੇਈਏ ਕਿ ਭਾਰਤ ਸੰਯੁਕਤ ਰਾਸ਼ਟਰ ਦੇ ਇਨ੍ਹਾਂ 34 ਦੇਸ਼ਾਂ ਵਿੱਚ ਸ਼ਾਮਿਲ ਹੈ, ਜਿਨ੍ਹਾਂ ਵੱਲੋਂ ਆਪਣੇ ਬਜਟ ਦਾ ਭੁਗਤਾਨ ਸਮੇਂ ‘ਤੇ ਕੀਤਾ ਗਿਆ ਹੈ । ਭਾਰਤ ਵੱਲੋਂ ਇਸ ਸਾਲ 31 ਜਨਵਰੀ ਤੱਕ ਬਜਟ ਵਿੱਚ 23.25 ਮਿਲੀਅਨ ਡਾਲਰ ਦਾ ਭੁਗਤਾਨ ਕੀਤਾ ਗਿਆ ਹੈ । ਇਸ ਤੋਂ ਇਲਾਵਾ ਭਾਰਤ ਦੇ ਸਾਥੀ 33 ਦੇਸ਼ਾਂ ਵੱਲੋਂ ਵੀ ਨਿਯਮਤ ਸਮੇਂ ਵਿੱਚ ਬਕਾਏ ਦਾ ਭੁਗਤਾਨ ਕਰ ਦਿੱਤਾ ਗਿਆ ਹੈ ।