ਭਾਰਤ ਨੇ ਇਰਾਕ ਦੀ ਉਸ ਮੰਗ ਦੀ ਹਮਾਇਤ ਕੀਤੀ ਹੈ, ਜਿਸ ‘ਚ ਉਸ ਨੇ ਆਪਣੇ ਇੱਥੇ ਅਕਤੂਬਰ ‘ਚ ਹੋਣ ਵਾਲੀਆਂ ਸੰਸਦੀ ਚੋਣਾਂ ‘ਚ ਸੰਯੁਕਤ ਰਾਸ਼ਟਰ (ਯੂਐੱਨ) ਦੇ ਆਬਜ਼ਰਵਰਾਂ ਨੂੰ ਭੇਜਣ ਦੀ ਗੱਲ ਕੀਤੀ ਹੈ। ਭਾਰਤ ਨੇ ਕਿਹਾ ਹੈ ਕਿ ਇਰਾਕ ਦੀ ਇਹ ਮੰਗ ਖਾੜੀ ਦੇ ਦੇਸ਼ ‘ਚ ਪ੍ਰਭੂਸੱਤਾ ਤੇ ਲੋਕਤੰਤਰੀ ਪ੍ਰਕਿਰਿਆ ਮਜ਼ਬੂੁਤ ਕਰੇਗੀ।
ਭਾਰਤ ਦੇ ਸੰਯੁਕਤ ਰਾਸ਼ਟਰ ਦੇ ਸਥਾਈ ਨੁਮਾਇੰਦੇ ਟੀਐੱਸ ਤਿਰੂਮੂਰਤੀ ਨੇ ਸੁਰੱਖਿਆ ਪ੍ਰਰੀਸ਼ਦ ‘ਚ ਇਰਾਕ ਦੀ ਸਥਿਤੀ ‘ਤੇ ਬੋਲਦਿਆਂ ਕਿਹਾ ਕਿ ਇਰਾਕ ‘ਚ ਅਕਤੂਬਰ 2021 ‘ਚ ਸੰਸਦੀ ਚੋਣਾਂ ਹਨ। ਇਹ ਮਹੱਤਵਪੂਰਨ ਮੌਕਾ ਹੈ, ਜਦੋਂ ਅਸੀਂ ਇਸ ਦੇਸ਼ ‘ਚ ਲੋਕਤੰਤਰ ਦੀਆਂ ਜੜਾਂ ਮਜ਼ਬੂਤ ਕਰ ਸਕਦੇ ਹਨ।
ਇਸ ਲਈ ਜ਼ਰੂਰੀ ਹੈ ਕਿ ਇੱਥੋਂ ਦੇ ਪਾਰਦਰਸ਼ੀ, ਨਿਰਪੱਖ ਤੇ ਹਿੰਸਾ ਰਹਿਤ ਮਾਹੌਲ ‘ਚ ਵੱਧ ਤੋਂ ਵੱਧ ਲੋਕਾਂ ਦੇ ਮਤਦਾਨ ਕਰਨ ਦੇ ਹਾਲਾਤ ਬਣਾਏ ਜਾਣ, ਜਿਸ ਨਾਲ ਇਕ ਅਜਿਹੀ ਸਰਕਾਰ ਬਣ ਸਕੇਗੀ, ਜੋ ਇਰਾਕੀ ਲੋਕਾਂ ਦੀਆਂ ਉਮੀਦਾਂ ‘ਤੇ ਖਰੀ ਉਤਰ ਸਕੇ, ਉਸ ਦੀ ਜਵਾਬਦੇਹੀ ਹੋਵੇ। ਨਵੀਂ ਸਰਕਾਰ ਦੇਸ਼ ‘ਚ ਖਾਸ ਤੌਰ ‘ਤੇ ਅੌਰਤਾਂ ਤੇ ਨੌਜਵਾਨਾਂ ਲਈ ਕੰਮ ਕਰ ਸਕੇ।ਭਾਰਤ ਦੇ ਸਥਾਈ ਨੁਮਾਇੰਦੇ ਨੇ ਕਿਹਾ ਕਿ ਇਰਾਕ ਦੇ ਸੁਤੰਤਰ ਉੱਚ ਚੋਣ ਕਮਿਸ਼ਨ ਨੂੰ ਕੌਮਾਂਤਰੀ ਸਹਿਯੋਗ ਤੇ ਸੰਯੁਕਤ ਰਾਸ਼ਟਰ ਦੀ ਨਿਗਰਾਨੀ ਨਾਲ ਚੋਣਾਂ ਦੀ ਭਰੋਸੇਯੋਗਤਾ ਨੂੰ ਵਧਾਉਣ ‘ਚ ਮਦਦ ਮਿਲੇਗੀ। ਇਸ ਨਾਲ ਇਰਾਕੀ ਜਨਤਾ ਵਿਚਾਲੇ ਵੀ ਲੋਕਤੰਤਰੀ ਸਰਕਾਰ ਪ੍ਰਤੀ ਭਰੋਸਾ ਬਣੇਗਾ। ਉਨ੍ਹਾਂ ਕਿਹਾ ਕਿ ਭਾਰਤ ਇਰਾਕ ਦੀ ਪੂਰੀ ਸਹਾਇਤਾ ਕਰਨ ਲਈ ਤਿਆਰ ਹੈ।