83.57 F
New York, US
June 3, 2023
PreetNama
ਸਿਹਤ/Healthਖਬਰਾਂ/News

ਸੰਤੁਲਿਤ ਭੋਜਨ ਲਈ ਜਾਗਰੂਕਤਾ ਦੀ ਲੋੜ- ਮਨੁੱਖ ਦੀਆਂ ਤਿੰਨ ਬੁਨਿਆਦੀ ਲੋੜਾਂ ਰੋਟੀ, ਕੱਪੜਾ ਅਤੇ ਮਕਾਨ

ਮਨੁੱਖ ਦੀਆਂ ਤਿੰਨ ਬੁਨਿਆਦੀ ਲੋੜਾਂ ਆਪਣੇ ਆਪ ਨੂੰ ਜੀਵਿਤ ਰੱਖਣ ਲਈ ਰੋਟੀ, ਕੱਪੜਾ ਅਤੇ ਮਕਾਨ ਹਨ ਜਿੰਨ੍ਹਾਂ ਦੇ ਸਹਾਰੇ ਮਨੁੱਖ ਆਪਣੀ ਜ਼ਿੰਦਗੀ ਬਸਰ ਕਰਦਾ ਹੈ। ਮਨੱੁਖ ਇਕ ਸਮਾਜਿਕ ਪ੍ਰਾਣੀ ਹੋਣ ਕਰਕੇ ਵਿਸ਼ੇਸ਼ ਸੱਭਿਆਚਾਰਕ ਮਾਹੌਲ ਨੂੰ ਸਿਰਜਦਾ ਹੈ। ਪੰਜਾਬ ਜਿਸ ਨੂੰ ਪੰਜਾਬੀ ਸੱਭਿਆਚਾਰ ਦਾ ਪੰਘੂੜਾ ਕਿਹਾ ਜਾਂਦਾ ਹੈ ਅਤੇ ਜੋ ਕਿਸੇ ਭੁਗੋਲਿਕ ਖਿੱਤੇ ਦੇ ਲੋਕਾਂ ਦੀ ਜੀਵਨ ਜਾਚ ਨਾਲ ਸੰਬੰਧਿਤ ਹੁੰਦਾ ਹੈ। ਸੱਭਿਆਚਾਰ ਮਨੁੱਖ ਦੇ ਰਹਿਣ-ਸਹਿਣ, ਆਚਾਰ-ਵਿਵਹਾਰ, ਖਾਣ-ਪੀਣ ਅਤੇ ਪਹਿਰਾਵੇ ਨਾਲ ਸਬੰਧਿਤ ਹੁੰਦਾ ਹੈ। ਖਾਣਾ-ਪੀਣਾ ਮਨੱੁਖੀ ਸੁਭਾਅ ਹੈ ਅਤੇ ਹਰੇਕ ਮਨੁੱਖ ਦਾ ਖਾਣ-ਪੀਣ ਆਪਣੇ ਹੀ ਢੰਗ ਜਾਂ ਆਪਣੇ ਹੀ ਤਰੀਕੇ ਦਾ ਹੈ ਅਤੇ ਉਸ ਵਿਚੋਂ ਹੀ ਉਸਦੇ ਸੱਭਿਆਚਾਰ ਦੀ ਪਹਿਚਾਣ ਹੁੰਦੀ ਹੈ। ਪੁਰਾਤਨ ਸਮੇਂ ਵਿਚ ਮਨੁੱਖੀ ਸੁਭਾਅ ਦੀ ਮੁੱਖ ਪ੍ਰਵਿਰਤੀ ਕੰਮ-ਕਾਜ ਦੇ ਅਨੁਕੂਲ ਖੁਰਾਕ ਖਾਣ ਦੀ ਪ੍ਰਵਿਰਤੀ ਸੀ ਕਿਉਂਕਿ ਉਸਦਾ ਮੁੱਖ ਮਕਸਦ ‘ਰੱਜ ਕੇ ਖਾਹ ਤੇ ਦੱਬ ਕੇ ਵਾਹ’ ਦਾ ਹੀ ਸੀ। ਇਸ ਕਰਕੇ ਸੰਤੁਲਿਤ ਆਹਾਰ ਨੂੰ ਤਰਜੀਹ ਦਿੱਤੀ ਜਾਂਦੀ ਸੀ।

ਸਭਿਆਚਾਰ ਦਾ ਅਹਿਮ ਅੰਗ

ਭੋਜਨ ਸੱਭਿਆਚਾਰ ਦਾ ਅਹਿਮ ਅੰਗ ਹੈ ਜੋ ਸਰੀਰਕ ਅਤੇ ਮਾਨਸਿਕ ਪੱਖੋਂ ਸਾਡੀ ਸਿਹਤ ਦੀ ਸਿਰਜਣਾ ਕਰਦਾ ਹੈ। ਮਾਸ, ਦੁੱਧ, ਦਹੀਂ,ਲੱਸੀ, ਘਿਓ- ਸ਼ੱਕਰ, ਕਣਕ ਦੀ ਰੋਟੀ, ਮੱਕੀ ਦੀ ਰੋਟੀ ਅਤੇ ਸਰ੍ਹੋਂ ਦਾ ਸਾਗ, ਬਾਜਰੇ ਦੀ ਖਿੱਚੜੀ ਅਜਿਹੇ ਸੰਤੁਲਿਤ ਭੋਜਨ ਹਨ ਜਿੰਨ੍ਹਾਂ ਨੂੰ ਖਾ ਕੇ ਸਾਨੂੰ ਊਰਜਾ ਮਿਲਦੀ ਹੈ ਅਤੇ ਇਹ ਸਾਡੇ ਦਿਮਾਗ ਨੂੰ ਤਰੋ-ਤਾਜ਼ਾ ਕਰਕੇ ਸਾਡੀ ਕੰਮ ਕਰਨ ਦੀ ਸਮਰੱਥਾ ਨੂੰ ਵਧਾਉਂਦੇ ਹਨ। ਲੋਕ ਸਿਆਣਪਾਂ ਵਿਚ ਵੀ ਸੰਤੁਲਿਤ ਭੋਜਨ ਬਾਰੇ ਕਿਹਾ ਗਿਆ ਹੈ:

ਮਾਸ ਖਾਧਿਆਂ ਮਾਸ ਵਧੇ,

ਘਿਓ ਖਾਧਿਆਂ ਖੋਪੜੀ

ਦੁੱਧ ਪੀਤਿਆਂ ਕਾਮ ਵਧੇ,

ਸਾਗ ਖਾਧਿਆਂ ਊੱਜਰੀ।’

ਜੇਕਰ ਇਤਿਹਾਸਕ ਪੱਖ ਤੋਂ ਦੇਖੀਏ ਤਾਂ ਮੁਸਲਮਾਨਾਂ ਦੇ ਪ੍ਰਵੇਸ਼ ਕਰਨ ਨਾਲ ਕੋਰਮੇ, ਕੀਮਾ, ਕਬਾਬ, ਬੱਕਰੇ ਦਾ ਭੁੰਨਿਆਂ ਮਾਸ ਆਦਿ ਹੋਰ ਅਨੇਕ ਤਰ੍ਹਾਂ ਦੇ ਗਰਮ ਮਸਾਲਿਆਂ, ਪਾਨ, ਤੰਬਾਕੂ ਦਾ ਸੇਵਨ ਕੀਤਾ ਜਾਣ ਲੱਗਾ ਪਰ ਸਾਡੇ ਪੰਜਾਬੀ ਸਾਦੇ ਭੋਜਨ ਨੂੰ ਹੀ ਤਰਜੀਹ ਦਿੰਦੇ ਸਨ। ਪੰਜਾਬੀਆਂ ਲਈ ਤਾਂ ਘਿਓ ਦਾਰੂ ਦੇ ਸਮਾਨ ਹੈ ਜਿਸ ਬਾਰੇ ਬਿਲਕੁਲ ਸੱਚ ਕਿਹਾ ਗਿਆ ਹੈ: ‘ਸੌ ਦਾਰੂ ਇਕ ਘਿਓ।’ ਇਸ ਤੋਂ ਇਲਾਵਾ ਹਰੀਆਂ ਪੱਤੇਦਾਰ ਸਬਜ਼ੀਆਂ, ਦਾਲਾਂ, ਗੁੜ ਵਾਲੇ ਚੌਲ, ਕਣਕ ਦਾ ਉਬਲਿਆ ਦਲੀਆ ਅਨੇਕਾਂ ਹੋਰ ਪਕਵਾਨ ਪੰਜਾਬੀ ਲੋਕਾਂ ਦੀ ਸੱਭਿਆਚਾਰਕ ਪਹਿਚਾਨ ਬਣਾਈ ਰੱਖਣ ਵਿਚ ਸਹਾਈ ਹੁੰਦੇ ਹਨ।

ਕਈ ਰਸਮਾਂ ਨਾਲ ਵੀ ਜੋੜਿਆ

ਸੱਭਿਆਚਾਰ ਵਿਸ਼ਾਲ ਅਰਥਾਂ ਦਾ ਧਾਰਨੀ ਹੋਣ ਕਰਕੇ ਭੋਜਨ ਨੂੰ ਕਈ ਰਸਮਾਂ ਨਾਲ ਵੀ ਜੋੜਿਆ ਗਿਆ ਹੈ। ਜਿਵੇਂ ਪਿੱਤਰਾਂ ਦਾ ਸਰਾਧ ਕਰਨਾ, ਨਵਰਾਤਰਿਆਂ ਦੇ ਦਿਨਾਂ ਵਿਚ ਕੰਜਕਾਂ ਬਿਠਾਉਣਾ, ਲੋਕਾਂ ਦੁਆਰਾ ਧਾਰਮਿਕ ਮੌਕਿਆਂ ’ਤੇ ਲੰਗਰ ਲਾਉਣੇ ਆਦਿ ਮਨੁੱਖੀ ਸੱਭਿਆਚਾਰ ਦੀ ਤਸਵੀਰ ਪੇਸ਼ ਕਰਦੇ ਹੋਏ ਸਮੁੱਚੇ ਜਨ ਸਮੂਹ ਨੂੰ ਆਪਣੇ ਸੱਭਿਆਚਾਰ ਨਾਲ ਜੋੜਦੇ ਹਨ। ਇਹ ਮਨੁੱਖ ਦੀਆਂ ਸਰੀਰਕ ਲੋੜਾਂ ਤੱਕ ਹੀ ਸੀਮਿਤ ਨਹੀਂ ਰਹਿੰਦਾ ਬਲਕਿ ਜੀਵਨ ਦੇ ਸਮਾਜਿਕ, ਰਾਜਨੀਤਕ, ਆਰਥਿਕ, ਧਾਰਮਿਕ ਅਤੇ ਸੱਭਿਆਚਾਰਕ ਪੱਖ ਨੂੰ ਵੀ ਪੇਸ਼ ਕਰਦਾ ਹੈ। ਸੱਭਿਆਚਾਰ ਦਾ ਨਜ਼ਾਰਾ ਤਾਂ ਸਾਨੂੰ ਪੁਰਾਤਨ ਵਿਚੋਂ ਹੀ ਦੇਖਣ ਨੂੰ ਮਿਲਦਾ ਹੈ ਜਦੋਂ ਘਰ ਦੇ ਇਕ ਚੌਂਕੇ ਵਿਚ ਭੋਜਨ ਤਿਆਰ ਹੁੰਦਾ ਸੀ ਤੇ ਪਰਿਵਾਰ ਦੇ ਸਾਰੇ ਜੀਅ ਰਲ ਕੇ ਭੋਜਨ ਖਾਂਦੇ ਸਨ। ਅਜੋਕੇ ਸਮੇਂ ਵਿਚ ਨਾ ਤਾਂ ਉਹ ਚੁੱਲੇ੍ਹ-ਚੌਂਕੇ ਹਨ ਅਤੇ ਨਾ ਹੀ ਸੰਯੁਕਤ ਪਰਿਵਾਰ।

ਅਜੋਕੇ ਦੌਰ ਵਿਚ ਸੱਭਿਆਚਾਰ ’ਚ ਭਾਰੀ ਪਰਿਵਰਤਨ ਦੇਖਣ ਨੂੰ ਮਿਲਿਆ ਹੈ। ਸਾਡਾ ਅਮੀਰ ਵਿਰਸਾ ਸਾਡੇ ਕੋਲੋਂ ਪੂਰੀ ਤਰ੍ਹਾਂ ਖੁੰਝ ਰਿਹਾ ਹੈ। ਇਸ ਲਈ ਨੌਜਵਾਨ ਪੀੜ੍ਹੀ ਨੂੰ ਇਸ ਪਾਸੇ ਵੱਲ ਤੋਰਨ ਦੀ ਅਤਿਅੰਤ ਲੋੜ ਹੈ। ਅੱਜ ਜੋ ਮਨੁੱਖ ਸੰਤੁਲਿਤ ਖੁਰਾਕ ਨਾ ਲੈਣ ਕਾਰਨ ਕਈ ਅਲਾਮਤਾਂ ਨੂੰ ਸੱਦਾ ਦੇ ਰਿਹਾ ਹੈ। ਸਾਨੂੰ ਉਨ੍ਹਾਂ ਨੂੰ ਪੰਜਾਬੀ ਵਿਰਸੇ ਵਿਚੋਂ ਮਿਲੀ ਖ਼ੁਰਾਕ ਬਾਰੇ ਜਾਗਰੂਕ ਕਰਕੇ ਸਾਨੂੰ ਉਸ ਪਾਸੇ ਤੋਰਨਾ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ ਤਾਂ ਜੋ ਭਵਿੱਖ ’ਚ ਹੋਣ ਵਾਲੀਆਂ ਬਿਮਾਰੀਆਂ ਤੋਂ ਛੁਟਕਾਰਾ ਪਵਾ ਕੇ ਉਹਨਾਂ ਨੂੰ ਵਿਰਸੇ ਨਾਲ ਜੋੜੀਏ।

ਮਨੁੱਖ ਦੀ ਬਦਲੀ ਖ਼ੁਰਾਕ

ਜੇਕਰ ਗੱਲ ਕੀਤੀ ਜਾਵੇ ਅਜੋਕੇ ਸੰਦਰਭ ਦੀ ਤਾਂ ਸਮੁੱਚਾ ਵਿਸ਼ਵ ਮੰਡੀਕਰਨ ਦਾ ਰੂਪ ਧਾਰਨ ਕਰ ਚੁੱਕਾ ਹੈ। ਅੱਜ ਮਨੱੁਖ ਦੀ ਖੁਰਾਕ ਬਿਲਕੁਲ ਬਦਲ ਚੁੱਕੀ ਹੈ। ਘਿਓ, ਮਾਸ, ਦੁੱਧ, ਸਾਗ ਵਰਗੇ ਪੌਸ਼ਟਿਕ ਭੋਜਨਾਂ ਦੀ ਥਾਂ ਹੁਣ ਪੀਜ਼ਾ, ਬਰਗਰਾਂ, ਮੈਕ ਪੈਫ, ਕੋਲਡਰਿੰਕਸ ਨੇ ਲੈ ਲਈ ਹੈ। ਹਵੇਲੀਆਂ ਵਿਚ ਭਾਵੇਂ ਪੁਰਾਤਨ ਸੱਭਿਆਚਾਰ ਦੇ ਨਮੂਨੇ ਅਤੇ ਭੋਜਨ ਦੇਖਣ ਨੂੰ ਤਾਂ ਮਿਲਦੇ ਹਨ ਪਰ ਨੌਜਵਾਨ ਪੀੜ੍ਹੀ ਦੀ ਸੋਚ ਸਿਰਫ਼ ਮਨੋਰੰਜਨ ਤੱਕ ਹੀ ਸੀਮਿਤ ਰਹਿ ਗਈ ਹੈ।

ਦੂਜੇ ਪਾਸੇ ਵਪਾਰੀਕਰਨ ਦੀਆਂ ਨੀਤੀਆਂ ਵੱਧ ਤੋਂ ਵੱਧ ਮੁਨਾਫ਼ਾ ਕਮਾ ਰਹੀਆਂ ਹਨ। ਨੌਜਵਾਨ ਪੀੜ੍ਹੀ ਨੂੰ ਤਾਂ ਦੁੱਧ, ਘਿਓ ਹਜ਼ਮ ਹੀ ਨਹੀਂ ਹੁੰਦਾ ਅਤੇ ਨਾ ਹੀ ਕੋਈ ਸਵਾਦ ਆਉਂਦਾ ਹੈ ਪੀਜ਼ੇ, ਬਰਗਰ ਦੀ ਤਰ੍ਹਾਂ। ਉਹਨਾਂ ਦੀ ਸੋਚ ਮੰਡੀ ਤੱਕ ਹੀ ਸੀਮਿਤ ਬਣ ਕੇ ਰਹਿ ਗਈ ਹੈ। ਘਰ ਦੀਆਂ ਬਣੀਆਂ ਵਸਤਾਂ ਦਾ ਕੋਈ ਸੁਰ ਸਵਾਦ ਨਹੀਂ। ਬਾਹਰਲੇ ਬਣੇ ਮਿਲਾਵਟੀ ਖਾਣੇ ਹੀ ਸਵਾਦਿਸ਼ਟ ਬਣ ਕੇ ਰਹਿ ਗਏ ਹਨ। ਸਵੇਰ ਵੇਲੇ ਦੀ ਮਿੱਸੀ ਰੋਟੀ, ਦੱੁਧ ਰਿੜਕੀ ਲੱਸੀ, ਅੱਧ ਰਿੜਕਿਆ, ਸਾਗ, ਮੱਕੀ ਦੀ ਰੋਟੀ ਭਾਵੇਂ ਪਿੰਡਾਂ ਵਿਚ ਤਾਂ ਅਜੇ ਵੀ ਦੇਖਣ ਨੂੰ ਮਿਲਦੀਆਂ ਹਨ ਪਰ ਸ਼ਹਿਰਾਂ ਤੇ ਪੱਛਮੀ ਸੱਭਿਆਚਾਰ ਦੀ ਰੰਗਤ ਹੋਣ ਕਰਕੇ ਨਾ ਮਾਤਰ ਹੀ ਦੇਖਣ ਨੂੰ ਮਿਲਦੀਆ ਹਨ।

Related posts

ਜੇ ਤੁਸੀਂ ਵੀ ਭਾਰ ਵਧਾਉਣਾ ਚਾਹੁੰਦੇ ਹੋ ਤਾਂ ਖਾਣੇ ’ਚ ਸ਼ਾਮਲ ਕਰੋ ਇਹ 10 ਚੀਜ਼ਾਂ, ਕੁਝ ਦਿਨਾਂ ’ਚ ਵੇਖੋ ਅਸਰ

On Punjab

Milk Precautions : ਆਯੁਰਵੈਦ ਮੁਤਾਬਕ ਕਦੀ ਨਾ ਕਰੋ ਦੁੱਧ ਦੇ ਨਾਲ ਇਨ੍ਹਾਂ ਚੀਜ਼ਾਂ ਦਾ ਸੇਵਨ, ਹੋ ਸਕਦੈ ਨੁਕਸਾਨ

On Punjab

ਸ਼ਹੀਦ-ਏ-ਆਜ਼ਮ ਸ. ਊਧਮ ਸਿੰਘ ਜੀ ਦੇ ਸੰਕਲਪ ਦਿਵਸ ਨੂੰ ਸਮਰਪਿਤ ਦੋ ਰੋਜ਼ਾ ਮੇਲਾ ਫਿਰੋਜ਼ਪੁਰ ‘ਚ

Pritpal Kaur