ਸੋਸ਼ਲ ਮੀਡੀਆ ਕੰਪਨੀ ਮੈਟਾ ਏਆਈ ਨੇ ਇੱਥੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕਰ ਰਹੀ ਲੜਕੀ ਦੀ ਜਾਨ ਬਚਾਈ ਹੈ। ਜਾਣਕਾਰੀ ਅਨੁਸਾਰ ਕਥਿਤ ਤੌਰ ’ਤੇ ਪਤੀ ਦੁਆਰਾ ਛੱਡੇ ਜਾਣ ਤੋਂ ਬਾਅਦ ਲੜਕੀ ਪ੍ਰੇਸ਼ਾਨ ਚੱਲ ਰਹੀ ਸੀ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ 21 ਸਾਲਾ ਨੌਜਵਾਨ ਲੜਕੀ ਖੁਦਕੁਸ਼ੀ ਕਰਨ ਜਾ ਰਹੀ ਸੀ।
ਉਸ ਨੇ ਗਲੇ ‘ਚ ਫਾਹਾ ਪਾ ਕੇ ਵੀਡੀਓ ਬਣਾਈ ਅਤੇ ਸੋਸ਼ਲ ਮੀਡੀਆ ’ਤੇ ਪੋਸਟ ਕਰ ਦਿੱਤੀ। ਵੀਡੀਓ ਵਾਇਰਲ ਹੋਣ ਦੌਰਾਨ ਡਾਇਰੈਕਟੋਰੇਟ ਜਨਰਲ ਆਫ਼ ਪੁਲਿਸ ਦੇ ਦਫ਼ਤਰ ਦੇ ਸੋਸ਼ਲ ਮੀਡੀਆ ਸੈਂਟਰ ਨੂੰ ਮੈਟਾ ਤੋਂ ਅਲਰਟ ਮਿਲਿਆ। ਉਨ੍ਹਾਂ ਤੁਰੰਤ ਪਿੰਡ ਦਾ ਪਤਾ ਲਗਾ ਕੇ ਮੌਕੇ ‘ਤੇ ਪਹੁੰਚ ਕੇ ਉਸ ਨੂੰ ਖੁਦਕੁਸ਼ੀ ਕਰਨ ਤੋਂ ਰੋਕਿਆ। ਮੋਹਨਲਾਲਗੰਜ ਦੇ ਏਸੀਪੀ ਰਜਨੀਸ਼ ਵਰਮਾ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਪੁਲੀਸ ਦੀ ਟੀਮ ਨੇ ਮੌਕੇ ‘ਤੇ ਪਹੁੰਚ ਕੇ ਲੜਕੀ ਨੂੰ ਸੁਰੱਖਿਅਤ ਬਚਾਇਆ, ਇਸ ਘਟਨਾ ਬਾਰੇ ਲੜਕੀ ਦੇ ਮਾਪੇ ਬਿਲਕੁਲ ਅਣਜਾਣ ਸਨ।
ਏਸੀਪੀ ਨੇ ਦੱਸਿਆ ਕਿ ਕਰੀਬ ਇਕ ਘੰਟੇ ਤੱਕ ਮਹਿਲਾ ਪੁਲੀਸ ਅਧਿਕਾਰੀਆਂ ਵੱਲੋਂ ਉਸ ਦੀ ਕਾਊਂਸਲਿੰਗ ਕੀਤੀ ਗਈ, ਹੁਣ ਠੀਕ ਹੈ ਅਤੇ ਪੁਲੀਸ ਲਗਾਤਾਰ ਉਸ ਦੇ ਸੰਪਰਕ ਵਿੱਚ ਹੈ। ਉਨ੍ਹਾਂ ਕਿਹਾ ਕਿ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਵਰਮਾ ਨੇ ਦੱਸਿਆ ਕਿ ਔਰਤ ਦੀ ਸ਼ਿਕਾਇਤ ‘ਤੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।