PreetNama
ਖਬਰਾਂ/News

(ਪੁਸਤਕ ਚਰਚਾ) ਸਾਮਵਾਦ ਹੀ ਕਿਉਂ?

ਪੁਸਤਕ ਚਰਚਾ
ਸਾਮਵਾਦ ਹੀ ਕਿਉਂ?
ਸੰਗਮ ਪੁਬਲਿਕੇਸ਼ਨ
ਪੰਨੇ 94 ਮੁੱਲ 125 ਰੁਪਏ

ਸਰਵ ਸਮਰੱਥ ਅਤੇ ਖੁਸ਼ਹਾਲ ਵਿਗਿਆਨਕ ਸਮਾਜ ਦਾ ਖ਼ਾਕਾ ਸਾਮਵਾਦ

ਦੁਨੀਆ ਦੇ ਮਹਾਨ ਫਿਲਾਸਫਰ ਕਾਰਲ ਮਾਰਕਸ ਨੇ ਦੁਨੀਆ ਦੀ ਬੰਦ ਖਲਾਸੀ ਕਰਨ ਲਈ ਪੂੰਜੀਵਾਦੀ ਅਤੇ ਸਾਮਰਾਜਵਾਦੀ ਪ੍ਰਬੰਧ ਦੇ ਉਲਟ ਸਿਖਰਲੇ ਵਿਗਿਆਨਕ ਸਾਮਵਾਦੀ ਪ੍ਰੰਬਧ ਦੇ ਸਿਧਾਂਤ ਦੀ ਖੋਜ ਕੀਤੀ। ਮਾਰਕਸਵਾਦ ਦੇ ਤਿੰਨ ਮੁੱਖ ਅੰਗ ਫਲਸਫਾ, ਰਾਜਨੀਤਕ ਆਰਥਿਕਤਾ ਅਤੇ ਵਿਗਿਆਨਕ ਸਮਾਜਵਾਦ/ਸਾਮਵਾਦ ਵਿਚੋਂ ਸਾਮਵਾਦ ਮਨੁੱਖ ਦੀ ਤਰੱਕੀ ਅਤੇ ਖੁਸ਼ਹਾਲੀ ਦਾ ਉੱਚਤਮ ਪੜਾਅ ਹੈ। ਹਿੰਦੀ ਸਾਹਿਤ ਦੇ ਧਰੂ ਤਾਰਾ ਰਾਹੁਲ ਸੰਕਰਤਾਈਨ ਨੇ ਅਜੌਕੇ ਦੌਰ ਵਿਚ, ਜਦੋਂ ਮਨੁੱਖ ਧਰਤੀ ਤੇ ਆਪਣੀ ਤਬਾਹੀ ਦੇ ਮੌੜ ਤੇ ਲਾਚਾਰ ਖੜ੍ਹਾ ਹੈ ਤਾਂ ਇਸ ਤਬਾਹੀ ਦੇ ਇਕੋ ਇਕ ਵਿਗਿਆਨਕ ਹੱਲ ‘ਸਾਮਵਾਦੀ ਪ੍ਰਬੰਧ’ ਦੀ ਸਥਾਪਤੀ ਤੇ ਜੋਰ ਦਿੰਦੀ ਪੁਸਤਕ “ਸਾਮਵਾਦ ਹੀ ਕਿਉ?” ਦੀ ਰਚਨਾ ਕਰਕੇ ਸਾਮਵਾਦ ਦੇ ਅਮਲ ਅਤੇ ਇਹਦੇ ਸਮਾਜ ਉੱਤੇ ਸਾਰਥਕ ਪ੍ਰਭਾਵ ਦੀ ਸਰਲ ਅਤੇ ਸ਼ਾਨਦਾਰ ਪੇਸ਼ਕਾਰੀ ਕੀਤੀ ਹੈ। ਜਗਿਆਸੂ ਨੌਜਵਾਨ ਲੇਖਕ ਸੁਮੀਤ ਸ਼ੰਮੀ ਨੇ ਇਸ ਸ਼ਾਹਕਾਰ ਦਾ ਹਿੰਦੀ ਤੋਂ ਪੰਜਾਬੀ ਵਿੱਚ ਅਨੁਵਾਦ ਤੇ ਸੰਪਾਦਨ ਕਰਕੇ ਪੰਜਾਬੀ ਪਾਠਕਾਂ ਦੀ ਬਹੁਤ ਵੱਡੀ ਲੋੜ ਪੂਰੀ ਕੀਤੀ ਹੈ। ਮੂਲ ਲੇਖਕ ਵਲੋਂ ਇਸ ਕਿਤਾਬ ਵਿੱਚ ਮੁੱਖ ਰੂਪ ਵਿੱਚ ਚੁੱਕਿਆ ਸਵਾਲ ਸਾਮਵਾਦ ਹੀ ਕਿਉਂ ਪੈਦਾ ਹੋਇਆ? ਅਤੇ ਸਾਮਵਾਦ ਨੂੰ ਪੈਦਾ ਕਰਨ ਵਾਲੇ ਆਰਥਿਕ-ਸਮਾਜਕ ਹਾਲਾਤਾਂ ਦਾ ਜ਼ਿਕਰ ਕਰਦਿਆਂ ਵਿਖਿਆਨ ਕੀਤਾ ਹੈ “ਸਾਮਵਾਦ ਇਸ ਲਈ ਪੈਦਾ ਹੋਇਆ ਕਿਉਂਕਿ 1) ਘੱਟ ਮਿਹਨਤ ਜਾਂ ਬਿਨਾਂ ਮਿਹਨਤ ਦੇ ਮਨੁੱਖ ਦੀ ਅਮੀਰ ਹੋਣ ਦੀ ਇਛਾ 2)ਮਸ਼ੀਨ ਦੇ ਪੈਦਾ ਹੋਣ ਨਾਲ ਘੱਟ ਮਿਹਨਤ ਨਾਲ ਜ਼ਿਆਦਾ ਚੀਜ਼ਾਂ ਤਿਆਰ ਕਰਕੇ ਸਸਤੇ ਭਾਅ ‘ਤੇ ਵੇਚ ਕੇ ਉਸਤੋਂ ਲਾਭ ਲਈ ਅਤੇ 3) ਮਸ਼ੀਨਾਂ ਨਾਲ ਬਣੀਆਂ ਹੋਈਆਂ ਚੀਜ਼ਾਂ ਨਾਲ ਬਾਜ਼ਾਰ ਵਿੱਚ ਮੁਕਾਬਲਾ ਨਾ ਕਰ ਸਕਣ ਕਰਕੇ, ਸੁਤੰਤਰ ਕਾਰੀਗਰਾਂ ਦੀ ਯੋਗਤਾ ਦਾ ਖਤਮ ਹੋ ਜਾਣਾ” ਸਮੇਤ ਅਨੇਕਾਂ ਕਾਰਨਾਂ ਨੇ ਸਾਮਵਾਦ ਦੇ ਪੈਦਾ ਹੋਣ ਲਈ ਜ਼ਮੀਨ ਤਿਆਰ ਕੀਤੀ ਜਿਸ ਵਿੱਚ ਸਮੇਂ ਦੇ ਮਹਾਨ ਕਰਤਿਆਂ ਵਲੋਂ ਸਾਮਵਾਦੀ ਵਿਚਾਰਾਂ ਦੀ ਪਨੀਰੀ ਪਿਉਂਦ ਕੀਤੀ ਗਈ ਅਤੇ ਇਹਨਾਂ ਵਿਚਾਰਾਂ ਦਾ ਸਫਲ ਤਜ਼ਰਬਾ ਦੁਨੀਆਂ ਦੇ ਵੱਖ ਵੱਖ ਦੇਸ਼ਾਂ ਵਿੱਚ ਕੀਤਾ ਗਿਆ।
ਲੇਖਕ ਨੇ ਪੂੰਜੀਵਾਦੀ ਸਮਾਜ ਵਿਚ ਪੂੰਜੀ ਦੇ ਬਲ ਨਾਲ ਪੈਦਾਵਾਰ ਦੇ ਸਾਧਨਾਂ ਤੇ ਕੁਝ ਕੁ ਸਰਮਾਏਦਾਰਾਂ ਦਾ ਕਬਜਾ ਅਤੇ ਕਿਰਤੀਆਂ ਦੀ ਬੇਤਰਸ ਲੁੱਟ ਦਾ ਖ਼ਾਕਾ ਉਲੀਕਦੀਆਂ ਕਿਰਤੀਆਂ ਦੀ ਬੰਦ ਖਲਾਸੀ ਲਈ ਸਾਮਵਾਦੀ ਪ੍ਰਬੰਧ (ਜਿਸ ਵਿੱਚ ਸਾਰੇ ਪੈਦਾਵਾਰ ਦੇ ਸਾਧਨਾਂ ਦੀ ਕੁਲ ਮਾਲਕੀ ਪੂਰੇ ਸਮਾਜ ਦੀ ਹੋਵੇਗੀ ਅਤੇ ਨਵੀਂ ਵਿਗਿਆਨਕ ਤਕਨੀਕ ਦੀ ਵਰਤੋਂ ਲੋਕਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਦੇਣ ਲਈ ਕੀਤੀ ਜਾਵੇਗੀ) ਨੂੰ ਪੂੰਜੀਵਾਦੀ ਪ੍ਰਬੰਧ ਦਾ ਬਦਲ ਪੇਸ਼ ਕੀਤਾ ਹੈ। ਪੁਸਤਕ ਦੇ ਮੱਧ ਵਿੱਚ ਸਾਮਵਾਦ ਦੇ ਅਮਲ ਵੇਲੇ ਕਿਸੇ ਦੇਸ਼ ਜਾਂ ਸਮਾਜ ਨੂੰ ਦਰਪੇਸ਼ ਮੁਸ਼ਕਲਾਂ ਖਤਰਨਾਕ ਗਰੀਬੀ, ਬੇਰੁਜ਼ਗਾਰੀ, ਸਮਾਜਕ ਰੋਗ ਜਾਂ ਬਿਮਾਰੀ ਅਤੇ ਇਹਨਾਂ ਦਾ ਇਲਾਜ ਅਤੇ ਔਰਤਾਂ ਦੀ ਗੁਲਾਮੀ ਆਦਿ ਮੁੱਖ ਮੁਸ਼ਕਲਾਂ ਦੇ ਹੱਲ ਲਈ ਸਾਮਵਾਦ ਦੇ ਰੋਲ ਨੂੰ ਜਾਦੂ ਦੀ ਛੜੀ ਵਾਂਗ ਇਹਨਾਂ ਮੁਸ਼ਕਲਾਂ ਦੇ ਹੱਲ ਕਰਦਿਆਂ ਦਿਖਾਇਆ ਹੈ। ਸਾਮਵਾਦ ਵਿੱਚ ਉਕਤ ਸਮੇਤ ਸਮਾਜ ਦੀ ਹਰ ਮੁਸ਼ਕਲ ਦਮ ਤੋੜਦੀ ਦਿਖਦੀ ਹੈ। ਕਿਤਾਬ ਦੀ ਅੰਤਲੇ ਅਧਿਆਇ ਕਿਤਾਬ ਦੀ ਰੂਹ/ਆਤਮਾ ਮੰਨੇ ਜਾ ਸਕਦੇ ਹਨ। ਸਾਮਵਾਦ ਤੇ ਵਿਅਕਤੀਗਤ ਸੁਤੰਤਰਤਾ ਅਧਿਆਇ ਵਿੱਚ ਲੇਖਕ ਵੱਲੋਂ ਸਵਾਲ ਕਰਦਿਆਂ ਕਿ “..ਕੀ ਤੁਸੀਂ ਦਸ ਸਕਦੇ ਹੋ ਕਿ ਸੰਸਾਰ ਵਿੱਚ ਕਿਹੜੇ-ਕਿਹੜੇ ਸਾਧਨ ਜਾਂ ਵਿਅਕਤੀ ਸਰਮਾਏਦਾਰਾਂ ਦੇ ਖਰੀਦੇ ਹੋਏ ਨਹੀਂ ਹਨ? ਕੀ ਮੀਡੀਆ ਲੋਕਾਂ ਸਾਹਮਣੇ ਸੁਤੰਤਰ ਵਿਚਾਰ ਰੱਖ ਸਕਦਾ ਹੈ? ਕੀ ਲੇਖਕਾਂ ਅਤੇ ਕਵੀਆਂ ਨੂੰ ਪੂੰਜੀਪਤੀਆਂ ਨੇ ਨਹੀਂ ਖਰੀਦਿਆ ਹੋਇਆ? ਕੀ ਪੰਡਿਤ, ਮੌਲਵੀ ਪਾਦਰੀ ਵਿਅਕਤੀਗਤ ਸੁਤੰਤਰਤਾ ਦੇ ਮਾਲਕ ਹਨ? ਤੁਸੀਂ ਮਸ਼ਾਲ ਲੈ ਕੇ ਸੰਸਾਰ ਦੇ ਕੋਨੇ-ਕੋਨੇ ਵਿੱਚ ਲੱਭ ਲਵੋ, ਵਿਅਕਤੀਗਤ ਸੁਤੰਤਰਤਾ ਦਾ ਪੂੰਜੀਵਾਦੀ ਦੇਸ਼ਾਂ ਵਿੱਚ ਕੋਈ ਪਤਾ ਨਹੀਂ ਮਿਲਦਾ, ਇਹਨਾਂ ਦੇਸ਼ਾਂ ਵਿੱਚ ਇਹ ਫਾਲਤੂ ਸ਼ਬਦ ਮਹਿਸੂਸ ਹੁੰਦਾ ਹੈ।” ਰਾਹੀਂ ਪੂੰਜੀਵਾਦੀ ਵਿਵਸਥਾ ਦੀ ਅਸਲ ਡਰਾਵਣੀ ਤਸਵੀਰ ਖਿੱਚੀ ਹੈ ਅਤੇ ਖੁਦ ਉਠਾਏ ਸਵਾਲਾਂ ਦੇ ਜਵਾਬ ਵਿੱਚ “ਸਾਮਵਾਦ ਧਨ ਨੂੰ ਵਿਅਕਤੀ ਦੇ ਹੱਥ ਨਹੀਂ ਰਹਿਣ ਦਿੰਦਾ ਅਤੇ ਆਰਥਿਕ ਤੌਰ ਤੇ ਸਾਰਿਆਂ ਨੂੰ ਇਕ ਬਰਾਬਰ ਕਰ ਦਿੰਦਾ ਹੈ, ਇਸ ਲਈ ਉਹ ਵਿਅਕਤੀਗਤ ਸੁਤੰਤਰਤਾ ਦਾ ਵੱਡਾ ਸਹਾਇਕ ਹੈ। ਸਾਮਵਾਦ ਸਾਰੇ ਤਰ੍ਹਾਂ ਦੀਆਂ ਯੋਗਤਾਵਾਂ ਨੂੰ ਵਿਕਸਿਤ ਅਤੇ ਸਫਲ ਕਰਨ ਦਾ ਪੂਰਾ ਮੌਕਾ ਦਿੰਦਾ ਹੈ। ਸਾਮਵਾਦ ਸਾਰੇ ਤਰ੍ਹਾਂ ਦੀ ਕਿਰਤ ਨੂੰ ਸਮਾਜ ਲਈ ਇਕੋ ਜਿੰਨਾ ਜਰੂਰੀ ਸਮਝਦਾ ਹੈ।” ਰਾਹੀਂ ਪੂੰਜੀਵਾਦੀ ਪ੍ਰਬੰਧ ਢਹਿ ਢੇਰੀ ਹੁੰਦਾ ਦਿਖਾਇਆ ਹੈ।ਸਮੇਂ ਨਾਲ ਵਿਗਿਆਨਕ ਤਕਨੀਕ ਵਿੱਚ ਹੁੰਦਾ ਲਗਾਤਾਰ ਸੁਧਾਰ ਅਤੇ ਪੈਦਾਵਾਰ ਵਿੱਚ ਲੱਗੀ ਮਸ਼ੀਨ ਦੀ ਲਗਾਤਾਰ ਬੇਹਤਰੀ ਨੇ ਜਿੱਥੇ ਰੋਜ਼ਾਨਾ ਵਰਤੋਂ ਦੀਆਂ ਚੀਜਾਂ ਦੇ ਅੰਬਾਰ ਲਗਾ ਦਿੱਤੇ ਨੇ ਓਥੇ ਦੂਜੇ ਪਾਸੇ ਮਸ਼ੀਨ ਨੇ ਮਨੁੱਖੀ ਮਿਹਨਤ ਨੂੰ ਘਟੋ ਘੱਟ ਕਰਕੇ ਵੱਡੀ ਗਿਣਤੀ ਕਾਮਿਆਂ ਨੂੰ ਕੰਮ ਤੋਂ ਬਾਹਰ ਕਰ ਦਿੱਤਾ ਹੈ। ਪਰ ਸਾਮਵਾਦ ਵਿਚ ਮਸ਼ੀਨ ਤੋਂ ਪੈਦਾ ਹੋਏ ਵੇਹਲੇ ਸਮੇਂ ਦੀ ਕਿਵੇਂ ਸੁਚੱਜੀ ਵਰਤੋਂ ਕਰਕੇ ਲੋਕਾਂ ਨੂੰ ਖੁਸ਼ਹਾਲ ਕੀਤਾ ਜਾਵੇਗਾ ਬਾਰੇ ਜਿਕਰ ਕਰਦਿਆਂ ਕਿ
“…ਮਸ਼ੀਨਾਂ ਵਿੱਚ ਦਿਨੋਂ ਦਿਨ ਸੁਧਾਰ ਹੁੰਦਾ ਰਹੇ ਅਤੇ ਹੋ ਸਕਦਾ ਹੈ ਕਿ ਅਜਿਹਾ ਸਮਾਂ ਆ ਜਾਵੇ ਜਦੋਂ ਸੰਸਾਰ ਦੇ ਸਾਰੇ ਕੰਮ ਕਰਨ ਯੋਗ ਮਨੁੱਖਾਂ ਦੀ ਇਕ ਘੰਟੇ ਦੀ ਮਿਹਨਤ ਹੀ ਉਹਨਾਂ ਦੇ ਜੀਵਨ ਦੀਆਂ ਸਾਰੀਆਂ ਮਹੱਤਵਪੂਰਨ ਚੀਜ਼ਾਂ ਰੋਟੀ, ਕੱਪੜਾ, ਮਕਾਨ, ਸੜਕ, ਬਾਗ, ਸਕੂਲ, ਥੀਏਟਰ ਆਦਿ ਲਈ ਬਹੁਤ ਹੋਵੇ। ਅਜਿਹੀ ਸੂਰਤ ਵਿੱਚ 8 ਘੰਟੇ ਸੌਣ ਲਈ ਰੱਖ ਕੇ ਬਾਕੀ 15 ਘੰਟੇ ਆਦਮੀ ਕੀ ਕਰੇਗਾ?” ਵਿਅਕਤੀਗਤ ਸੁਤੰਤਰਤਾ ਪ੍ਰੇਮੀਆਂ ਨੂੰ ਤਾਂ ਖੁਸ਼ ਹੋਣਾ ਚਾਹੀਦਾ ਹੈ, ਬਾਕੀ 15 ਘੰਟਿਆਂ ਦੇ ਕੰਮ ਲਈ ਤੁਹਾਨੂੰ ਚਿੰਤਾ ਨਹੀਂ ਕਰਨੀ ਚਾਹੀਦੀ। ਉਸ ਸਮੇਂ ਆਪਣੀ-ਆਪਣੀ ਇੱਛਾ ਦੇ ਮੁਤਾਬਿਕ ਮਨੁੱਖ ਸਾਹਿਤ, ਸੰਗੀਤ ਅਤੇ ਕਲਾ ਦਾ ਨਿਰਮਾਣ ਕਰ ਸਕਦਾ ਹੈ। ਆਕਾਸ਼, ਧਰਤੀ ਅਤੇ ਸਮੁੰਦਰ ਦੀਆਂ ਯਾਤਰਾਵਾਂ ਕੀ ਮਨੁੱਖ ਲਈ ਗਿਆਨ ਭਰਪੂਰ ਨਹੀਂ ਹੋਣਗੀਆਂ? ਮਨੁੱਖ ਪਸ਼ੂ ਪੰਛੀ ਅਤੇ ਹੋਰ ਛੋਟੇ ਵੱਡੇ ਜੰਤੂਆ ਦੇ ਮਨੋਵਿਗਿਆਨ ਦੀ ਖੋਜ ਜਾਂ ਅਧਿਐਨ ਕਰ ਸਕਦਾ ਹੈ। ਫਲਸਫੇ ਅਤੇ ਵਿਗਿਆਨ ਸੰਬੰਧੀ ਖੋਜ ਕੰਮਾਂ ਵਿੱਚ ਲੱਗ ਸਕਦਾ ਹੈ। ਵਿਹਲੇ ਸਮੇਂ ਅਤੇ ਹੁਨਰ ਦੀ ਵਰਤੋਂ ਦੇ ਰਾਹ ਮਨੁੱਖ ਲਈ ਖੁਲ੍ਹ ਜਾਣ ‘ਤੇ ਉਸ ਸਮੇਂ ਮਨੁੱਖ ਧਰਤੀ ਦੇ ਹਰੇਕ ਹਿੱਸੇ ਨੂੰ ਸੋਹਣਾ ਬਣਾ ਦੇਵੇਗਾ।..” ਪੂੰਜੀਵਾਦ ਦੇ ਝੂਠ-ਫਰੇਬ (ਏਕਾਧਿਕਾਰ) ਨੂੰ ਸ਼ੀਸ਼ੇ ਵਾਂਗ ਸਾਫ ਕੀਤਾ ਹੈ। ਸਾਮਵਾਦ ਵਿੱਚ ਮਸ਼ੀਨ ਤੋਂ ਪੈਦਾ ਹੋਏ ਵੇਹਲੇ ਸਮੇਂ ਦੀ ਵਰਤੋਂ ਸੰਬੰਧੀ ਲੇਖਕ ਵਲੋਂ ਕੀਤਾ ਸਰਲ ਉਕਤ ਉਲੇਖ ਸਰਵ ਸਮਰੱਥ ਅਤੇ ਖੁਸ਼ਹਾਲ ਵਿਗਿਆਨਕ ਸਮਾਜ ਦਾ ਅਮਲੀ ਖ਼ਾਕਾ ਉਲੀਕਦਾ ਹੈ।
13 ਅਧਿਆਇਆਂ ਵਿੱਚ ਵੰਡੀ ਇਸ ਪੁਸਤਕ ਦਾ ਇਕ-ਇਕ ਅਧਿਆਇ ਇਕ ਦੂਜੇ ਤੋਂ ਵੱਧ ਮਹੱਤਵਪੂਰਨ ਹੈ ਅਤੇ ਸਾਰੇ ਹੀ ਅਧਿਆਇ ਇਕ ਦੂਜੇ ਦੀ ਪੂਰਤੀ ਕਰਦੇ ਹਨ। ਕਿਤਾਬ ਦੇ ਅੰਤ ਤੱਕ ਰੋਚਕਤਾ ਅਤੇ ਜਗਿਆਸਾ ਦੀ ਲੜੀ ਬਣੀ ਰਹਿੰਦੀ ਹੈ।ਪੁਸਤਕ ਪੜ੍ਹਦਿਆਂ ਕਿਤੇ ਨਹੀਂ ਲਗਦਾ ਕਿ ਇਹ ਹਿੰਦੀ ਦਾ ਅਨੁਵਾਦ ਹੈ ਬਲਕਿ ਇੰਜ ਲਗਦਾ ਲੇਖਕ ਨੇ ਖਾਸ ਪੰਜਾਬੀ ਪਾਠਕਾਂ ਲਈ ਲਿਖੀ ਹੋਵੇ। ਮੂਲ ਪੁਸਤਕ ਦੀ ਮੁੱਖ ਰੂਹ/ਆਤਮਾ ਬਰਕਰਾਰ ਰੱਖੀ ਗਈ ਹੈ। ਹੱਥਲੀ ਕਿਤਾਬ ਦਾ ਹਿੰਦੀ ਤੋਂ ਪੰਜਾਬੀ ਵਿਚ ਅਨੁਵਾਦ ਕਰਨ ਲਈ ਪੰਜਾਬੀ ਪਾਠਕ ਸੁਮੀਤ ਸ਼ੰਮੀ ਦਾ ਰਿਣੀ ਰਹੇਗਾ। ਉਮੀਦ ਹੈ ਪੰਜਾਬ ਵਿੱਚ ਇਨਕਲਾਬੀ ਤਬਦੀਲੀ ਲਈ ਸਰਗਰਮ ਧਿਰਾਂ ਇਹਦਾ ਭਰਪੂਰ ਫਾਇਦਾ ਲੈਂਦਿਆਂ ਸਾਮਵਾਦ ਦੀ ਸਿਧਾਂਤਕ ਸੂਝ ਨੂੰ ਪਕੇਰਾ ਕਰਦਿਆਂ ਇਹਦੇ ਅਮਲ ਲਈ ਉਪਰਾਲੇ ਕਰਨਗੀਆਂ।

ਚਰਨਜੀਤ ਸਿੰਘ ਛਾਂਗਾ ਰਾਏ
98559-17776

Related posts

ਕੱਸ਼ਤੀ ਤੇ ਕਿਨਾਰਾ

Preet Nama usa

ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਡਾਵਾਂਡੋਲ

Preet Nama usa

ਦੀ ਕਲਾਸ ਫੋਰ ਗੋਰਮਿੰਟ ਇੰਮਲਾਈਜ਼ ਯੂਨੀਅਨ ਵੱਲੋ ਖਾਲੀ ਪੀਪੇ ਖੜਕਾ ਕੇ ਕੀਤਾ ਰੋਸ ਪ੍ਰਦਰਸ਼ਨ

Preet Nama usa
%d bloggers like this: