Manali Tourist bus accident: ਨਵੇਂ ਸਾਲ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ. ਜਿਸ ਦਾ ਜਸ਼ਨ ਮਨਾਉਣ ਲੋਕਾਂ ਬਾਹਰ ਘੁੰਮਣ ਲਈ ਜਾ ਰਹੇ ਹਨ । ਇੱਕ ਮਾਮਲਾ ਹਿਮਾਚਲ ਪ੍ਰਦੇਸ਼ ਤੋਂ ਸਾਹਮਣੇ ਆਇਆ ਹੈ, ਜਿੱਥੇ ਮਨਾਲੀ ਜਾ ਰਹੀ ਟੂਰਿਸਟ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ । ਇਸ ਹਾਦਸੇ ਵਿੱਚ 15 ਸੈਲਾਨੀ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਹੈ । ਇਸ ਘਟਨਾ ਤੋਂ ਬਾਅਦ ਫਿਲਹਾਲ ਰਾਹਤ ਤੇ ਬਚਾਅ ਕਾਰਜ ਜਾਰੀ ਹੈ ।
ਮਿਲੀ ਜਾਣਕਾਰੀ ਅਨੁਸਾਰ ਮੰਗਲਵਾਰ ਸਵੇਰੇ ਕੌਮੀ ਮਾਰਗ ਮਨਾਲੀ-ਚੰਡੀਗੜ੍ਹ ਹਾਈਵੇ ਨੇੜੇ ਸੈਲਾਨੀਆਂ ਨਾਲ ਭਰੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ । ਇਸ ਹਾਦਸੇ ਵਿੱਚ 15 ਸੈਲਾਨੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਹਨ । ਇਸ ਹਾਦਸੇ ਵਿੱਚ ਜ਼ਖਮੀ ਹੋਏ ਲੋਕਾਂ ਨੂੰ ਇਲਾਜ ਲਈ ਖੇਤਰੀ ਹਸਪਤਾਲ ਬਿਲਾਸਪੁਰ ਵਿੱਚ ਦਾਖਿਲ ਕਰਵਾਇਆ ਗਿਆ ਹੈ । ਦੱਸਿਆ ਜਾ ਰਿਹਾ ਹੈ ਕਿ ਇਸ ਬੱਸ ਵਿੱਚ ਕੁੱਲ 53 ਸੈਲਾਨੀ ਸਵਾਰ ਸਨ ।
ਦੱਸ ਦੇਈਏ ਕਿ ਇਸ ਬੱਸ ਹਾਦਸੇ ਵਿੱਚ ਜ਼ਖਮੀ ਸੈਲਾਨੀ ਦਿੱਲੀ ਤੋਂ ਮਨਾਲੀ ਜਾ ਰਹੇ ਸਨ ਅਤੇ ਉਹ ਸਾਰੇ ਕੇਰਲਾ ਦੇ ਕਾਲੀਕਟ ਸਤ ਮੰਗਲਮ ਐਮਈਐਸ ਕਾਲਜ ਦੇ ਵਿਦਿਆਰਥੀ ਸਨ । ਮਿਲੀ ਜਾਣਕਾਰੀ ਅਨੁਸਾਰ ਇਹ ਸਾਰੇ ਲੋਕ ਨਵੇਂ ਸਾਲ ਦਾ ਜਸ਼ਨ ਮਨਾਉਣ ਲਈ ਮਨਾਲੀ ਘੁੰਮਣ ਜਾ ਰਹੇ ਸਨ । ਫਿਲਹਾਲ ਇਸ ਹਾਦਸੇ ਦੇ ਕਾਰਨਾਂ ਦਾ ਕੁਝ ਪਤਾ ਨਹੀਂ ਲੱਗ ਸਕਿਆ ਹੈ । ਇਸ ਹਾਦਸੇ ਤੋਂ ਬਾਅਦ ਸੜਕ ‘ਤੇ ਵਾਹਨਾਂ ਦਾ ਲੰਮਾ ਜਾਮ ਲੱਗ ਗਿਆ ।