ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਨ੍ਹਾਂ ਦੇ ਦੇਸ਼ ਵਿੱਚ ਕੋਰੋਨਾ ਵਾਇਰਸ ਦੀ ਲਾਗ ਦੁਨੀਆ ਦੇ ਮੁਕਾਬਲੇ ਸਭ ਤੋਂ ਵੱਧ ਫੈਲਣਾ ਇੱਕ ਸਨਮਾਨ ਵਾਲੀ ਗੱਲ ਹੈ। ਵ੍ਹਾਈਟ ਹਾਊਸ ਵਿੱਚ ਮੰਗਲਵਾਰ ਨੂੰ ਉਨ੍ਹਾਂ ਕਿਹਾ ਕਿ ਜਦੋਂ ਤੁਸੀਂ ਕਹਿੰਦੇ ਹੋ ਕਿ ਅਸੀਂ ਕੋਰੋਨਾ ਮਾਮਲਿਆਂ ਵਿੱਚ ਅੱਗੇ ਹਾਂ ਤਾਂ ਉਹ ਇਸ ਦਾ ਬੁਰਾ ਨਹੀਂ ਮੰਨਦੇ, ਇਸ ਦਾ ਮਤਲਬ ਹੈ ਕਿ ਅਸੀਂ ਬਾਕੀਆਂ ਨਾਲੋਂ ਚੰਗੀ ਟੈਸਟਿੰਗ ਕੀਤੀ ਹੈ ਤੇ ਇਹ ਵਧੇਰੇ ਅਸਰਦਾਰ ਹੈ। ਟਰੰਪ ਇਸ ਨੂੰ ਸਨਮਾਨ ਵਜੋਂ ਮਿਲੇ ਤਗਮੇ ਦੇ ਰੂਪ ਵਿੱਚ ਦੇਖਦੇ ਹਨ।
ਟਰੰਪ ਦੇ ਇਸ ਬਿਆਨ ਦੀ ਡੈਮੋਕ੍ਰੈਟਿਕ ਨੈਸ਼ਨਲ ਕਮੇਟੀ ਨੇ ਅਲੋਚਨਾ ਕੀਤੀ ਹੈ। ਕਮੇਟੀ ਨੇ ਟਵੀਟ ਕੀਤਾ ਹੈ ਕਿ ਦੇਸ਼ ਵਿੱਚ ਕਰੋਨਾ ਦੇ 10 ਲੱਖ ਤੋਂ ਵੱਧ ਕੇਸ ਹੋਣਾ ਲੀਡਰਸ਼ਿਪ ਦੀ ਨਾਕਾਮੀ ਹੈ। ਅਮਰੀਕੀ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਮੁਤਾਬਕ ਉਨ੍ਹਾਂ ਦਾ ਦੇਸ਼ ਟੈਸਟਿੰਗ ਦੇ ਮਾਮਲੇ ਵਿੱਚ ਦੁਨੀਆਂ ਵਿੱਚੋਂ 16ਵੇਂ ਸਥਾਨ ‘ਤੇ ਹੈ। ਆਈਸਲੈਂਡ, ਨਿਊਜ਼ੀਲੈਂਡ, ਰੂਸ ਤੇ ਕੈਨੇਡਾ ਨਾਲੋਂ ਅਮਰੀਕਾ ਪਿੱਛੇ ਹੈ।
ਜੌਨ੍ਹ ਹਾਪਕਿਨਜ਼ ਯੂਨੀਵਰਸਿਟੀ ਮੁਤਾਬਕ ਅਮਰੀਕਾ ਵਿੱਚ ਹੁਣ ਤਕ 15.7 ਲੱਖ ਤੋਂ ਵੀ ਵੱਧ ਕੋਵਿਡ-19 ਮਾਮਲੇ ਦਰਜ ਕੀਤੇ ਗਏ ਹਨ ਅਤੇ ਦੇਸ਼ ਵਿੱਚ 93,000 ਤੋਂ ਵੱਧ ਮੌਤਾਂ ਹੋ ਗਈਆਂ ਹਨ। ਇਸ ਮਾਮਲੇ ਵਿੱਚ ਰੂਸ ਦੂਜੇ ਨੰਬਰ ‘ਤੇ ਹੈ, ਜਿੱਥੇ ਤਿੰਨ ਲੱਖ ਲੋਕਾਂ ਨੂੰ ਕੋਰੋਨਾ ਲਾਗ ਦੀ ਪੁਸ਼ਟੀ ਹੋਈ ਹੈ। ਉੱਧਰ, ਰਾਸ਼ਟਰਪਤੀ ਟਰੰਪ ਬ੍ਰਾਜ਼ੀਲ ਤੋਂ ਅਮਰੀਕਾ ਆਉਣ ਵਾਲੇ ਲੋਕਾਂ ‘ਤੇ ਰੋਕ ਲਾਉਣ ਦੇ ਰੌਂਅ ਵਿੱਚ ਹਨ। ਟਰੰਪ ਮੁਤਾਬਕ ਉਹ ਬ੍ਰਾਜ਼ੀਲ ਦੀ ਮਦਦ ਵੈਂਟੀਲੇਟਰ ਦੇ ਕੇ ਕਰ ਸਕਦੇ ਹਨ ਪਰ ਮੁਸ਼ਕਿਲ ਵਿੱਚ ਫਸੇ ਉੱਥੋਂ ਦੇ ਲੋਕਾਂ ਕਰਕੇ ਸਾਡੇ ਲੋਕ ਪ੍ਰਭਾਵਿਤ ਹੋਣ।