ਕਿਸਾਨਾਂ, ਮਜ਼ਦੂਰਾਂ ਅਤੇ ਮੁਲਜ਼ਿਮਾਂ ਨਾਲ ਸਬੰਧਤ ਦੇਸ਼ ਭਰ ਦੀਆਂ ਵੱਖ ਵੱਖ ਜਥੇਬੰਦੀਆਂ ਵੱਲੋਂ ਪੇਂਡੂ ਭਾਰਤ ਬੰਦ ਦੌਰਾਨ ਮਖ਼ੂ ਵਿਖੇ ਕੌਮੀ ਜਰਨੈਲੀ ਸੜਕ ਨੰਬਰ 54 ਨੂੰ ਤਿੰਨ ਘੰਟੇ ਲਈ ਮੁਕੰਮਲ ਬੰਦ ਰੱਖਿਆ ਗਿਆ। ਕਿਸਾਨ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਇੰਦਰਜੀਤ ਸਿੰਘ ਕੋਟਬੁੱਢਾ, ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਮੰਡ, ਜਨਰਲ ਸਕੱਤਰ ਕਰਨੈਲ ਸਿੰਘ ਭੋਲਾ, ਮੀਤ ਪ੍ਰਧਾਨ ਸੁਖਦੇਵ ਸਿੰਘ ਅਰਾਈਆਂਵਾਲਾ, ਸਰਪੰਚ ਗੁਰਦੇਵ ਸਿੰਘ, ਪ੍ਰੈੱਸ ਸਕੱਤਰ ਜਸਬੀਰ ਸਿੰਘ ਮਰਹਾਣਾ ਅਤੇ ਜ਼ਿਲ੍ਹਾ ਖਜ਼ਾਨਚੀ ਸਵਰਨ ਸਿੰਘ ਜੋਗੇਵਾਲਾ, ਪੀਐੱਸਈਬੀ ਇੰਪਲਾਈਜ਼ ਫ਼ੈੱਡਰੇਸ਼ਨ 14/1965 ਦੇ ਰਛਪਾਲ ਸਿੰਘ ਸੰਧੂ, ਪਾਵਰਕਾਮ ਦੇ ਟੀਐੱਸਯੂ ਗਰੁੱਪ ਦੇ ਪ੍ਰਧਾਨ ਸੁਖਦੇਵ ਸਿੰਘ ਲਹੁਕਾ, ਸੀਪੀਆਈ ਦੇ ਕਾਮਰੇਡ ਕਸ਼ਮੀਰ ਸਿੰਘ, ਸੀਪੀਆਈਐੱਮ ਦੇ ਮਾਸਟਰ ਗੁਰਦੀਪ ਸਿੰਘ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਆਗੂ ਗੁਰਚਰਨ ਸਿੰਘ, ਇੰਕਲਾਬੀ ਲੋਕ ਮੋਰਚਾ ਦੇ ਪਰਮਜੀਤ ਸਿੰਘ, ਜੇਈ ਕੌਂਸਲ ਪੰਜਾਬ ਪਾਵਰਕਾਮ, ਬਿਜਲੀ ਬੋਰਡ ਪੈਨਸ਼ਨਰਜ਼ ਐਸੋਸੀਏਸ਼ਨ ਦੇ ਬਲਾਕ ਸਕੱਤਰ ਰਛਪਾਲ ਸਿੰਘ ਸੰਧੂ, ਪੰਜਾਬ ਕਿਸਾਨ ਸਭਾ ਆਦਿ ਜਥੇਬੰਦੀਆਂ ਨੇ ਏਕਤਾ ਦਾ ਮੁਜ਼ਾਹਰਾ ਕਰਦਿਆਂ ਸਰਕਾਰਾਂ ਦੀਆਂ ਨੀਤੀਆਂ ਅਤੇ ਲੋਕਾਂ ਦੀ ਮਾੜੀ ਆਰਥਿਕਤਾ ਕਾਰਨ ਲੀਹੋਂ ਲਹਿ ਰਹੀ ਜ਼ਿੰਦਗ਼ੀ ਬਾਬਤ ਗੱਲ ਕਰਦਿਆਂ ਸਾਰੇ ਵਰਤਾਰੇ ਨੂੰ ਸਿਆਸੀ ਬੇਈਮਾਨੀ ਦੱਸਿਆ। ਆਗੂਆਂ ਨੇ ਸਿਆਸੀ, ਪੁਗਲਿਸ ਅਤੇ ਮਾਫੀਆ ਗਠਜੋੜ ਨੂੰ ਲੋਕ ਹਿਤਾਂ ਦੇ ਖਿਲਾਫ਼ ਦੱਸਿਆ। ਉਨ੍ਹਾਂ ਆਖਿਆ ਕਿ ਜਿੱਥੇ ਮੋਦੀ ਸਰਕਾਰ ਨੇ ਕਈ ਵੀ ਵਾਅਦਾ ਪੂਰਾ ਨਹੀਂ ਕੀਤਾ। ਉਥੇ ਬਿਆਸ ਦੇ ਸਕੂਲ ਬੱਚੀ, ਬਾਬਾ ਫਰੀਦ ਯੂਨੀਵਰਸਿਟੀ ਦੀ ਡਾਕਟਰ ਆਦਿ ਨਾਲ ਹੋਈਆਂ ਬਦਸਲੂਕੀ ਦੀਆਂ ਘਟਨਾਵਾਂ ਦੀ ਗੱਲ ਕਰਦਿਆਂ ਪੰਜਾਬ ‘ਚ ਔਰਤਾਂ ਖਿਲਾਫ਼ ਹੁੰਦੇ ਜ਼ੁਰਮਾਂ ਲਈ ਵੀ ਦੋਸ਼ੀਆਂ ਖਿਲਾਫ਼ ਕਾਨੂੰਨੀ ਚਾਰਾਜੋਈ ਲਈ ਜਥੇਬੰਦੀਆਂ ਨੂੰ ਧਰਨੇ ਦੇਣ ਦੀ ਗੱਲ ਕਹਿੰਦਿਆਂ ਰੋਸ ਜ਼ਾਹਰ ਕੀਤਾ। ਜਥੇਬੰਦਕ ਆਗੂਆਂ ਨੇ ਆਖਿਆ ਕਿ ਕਿਸਾਨੀ ਨੂੰ ਪੈਰਾਂ ਸਿਰ ਕੀਤੇ ਬਿਨਾਂ ਦੇਸ਼ ਦੀ ਆਰਥਿਕਤਾ ਦੀ ਗੱਡੀ ਲੀਹ ‘ਤੇ ਨਹੀਂ ਆ ਸਕਦੀ। ਇਸੇ ਦੌਰਾਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਨੂੰ ਗਰੁੱਪ ਦੇ ਸਾਹਿਬ ਸਿੰਘ ਦੀਨੇਕੇ, ਜੋਗਾ ਸਿੰਘ ਵੱਟੂਭੱਟੀ ਅਤੇ ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਕੱਲੀਵਾਲਾ ਦੀ ਅਗਵਾਈ ‘ਚ ਵੀ ਉਲੀਕੇ ਵੱਖਰੇ ਪ੍ਰੋਗਰਾਮ ਤਹਿਤ ਦਾਣਾ ਮੰਡੀ ਮਖ਼ੂ ਤੋਂਂ ਡਾਕਟਰ ਰਣਜੀਤ ਸਿੰਘ ਚੌਂਕ ਰੇਲਵੇ ਰੋਡ ਹੁੰਦਾ ਹੋਇਆ ਇਕ ਵੱਡਾ ਕਾਫਲਾ ਕੇਂਦਰ ਤੇ ਸੂਬਾ ਸਰਕਾਰਾਂ ਤੋਂ ਇਲਾਵਾ ਹਲਕਾ ਜ਼ੀਰਾ ਦੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਅਤੇ ਸਾਬਕਾ ਮੰਤਰੀ ਇੰਦਰਜੀਤ ਸਿੰਘ ਜ਼ੀਰਾ ਖ਼ਿਲਾਫ਼ ਤਕੜੀ ਨਾਅਰੇਬਾਜ਼ੀ ਕਰਦਾ ਹੋਇਆ ਜ਼ੀਰਾ ਸ਼ਹਿਰ ਨੂੰ ਰਵਾਨਾ ਹੋਇਆ। ਬੇਸ਼ੱਕ ਪੇਂਡੂ ਭਾਰਤ ਦਾ ਸੱਦਾ ਦਿੰਦਿਆਂ ਦੇਸ਼ ਦੀਆਂ ਢਾਈ ਸੌ ਦੇ ਕਰੀਬ ਜਥੇਬੰਦੀਆਂ ਵੱਲੋਂ ਸਾਂਝਾ ਪ੍ਰੋਗਰਾਮ ਜਾਰੀ ਕੀਤਾ ਗਿਆ ਸੀ। ਪਰ ਜਿੱਥੇ ਭਾਰਤੀ ਕਿਸਾਨ ਯੂਨੀਅਨ ਭੁਪਿੰਦਰ ਸਿੰਘ ਮਾਨ ਗਰੁੱਪ ਨੇ ਸੰਘਰਸ਼ ਕਰਨ ਵਾਲੀਆਂ ਜਥੇਬੰਦੀਆਂ ਦੇ ਆਗੂਆਂ ਵੱਲੋਂ ਹਾਈਕਮਾਨ ਨਾਲ ਸੰਪਰਕ ਨਾ ਕੀਤੇ ਜਾਣ ਦਾ ਕਹਿ ਕੇ ਸ਼ਮੂਲੀਅਤ ਤੋਂ ਨਾਂਹ ਕੀਤੀ। ਉਥੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਗਰੁੱਪ ਦੇ ਸੂਬਾ ਯੂਥ ਵਿੰਗ ਪ੍ਰਧਾਨ ਲਖ਼ਵਿੰਦਰ ਸਿੰਘ ਪੀਰਮੁਹੰਮਦ ਅਤੇ ਸੂਬਾ ਸਕੱਤਰ ਪ੍ਰਗਟ ਸਿੰਘ ਤਲਵੰਡੀ ਨਿਪਾਲਾਂ ਨੇ ਅੰਦੋਲਨ ਨੂੰ ਨੈਤਿਕ ਹਮਾਇਤ ਦੇਣ ਦੀ ਗੱਲ ਆਖੀ। ਉਧਰ ਰੇਲ ਟਰੈਕ ਅਤੇ ਨੈਸ਼ਨਲ ਹਾਈਵੇ ਨੰਬਰ 54 ਨੂੰ ਜਾਮ ਨਾ ਕਰਨ ਲਈ ਬੇਸ਼ੱਕ ਜਥੇਬੰਦਕ ਆਗੂਆਂ ਨੂੰ ਐੱਸਪੀ ਆਪ੍ਰੇਸ਼ਨ ਬਲਜੀਤ ਸਿੰਘ ਸਿੱਧੂ, ਡੀਐੱਸਪੀਡੀ ਫ਼ਿਰੋਜ਼ਪੁਰ ਸੁਖਵਿੰਦਰਪਾਲ ਸਿੰਘ, ਡੀਐੱਸਪੀ ਜ਼ੀਰਾ ਰਾਜਵਿੰਦਰ ਸਿੰਘ ਰੰਧਾਵਾ, ਥਾਨਾ ਮੁਖੀ ਇੰਸਪੈਕਟਰ ਬਚਨ ਸਿੰਘ ਅਤੇ ਸਬ ਇੰਸਪੈਕਟਰ ਬਲਰਾਜ ਸਿੰਘ ਆਦਿ ਪੁਲਿਸ ਅਧਿਕਾਰੀਆਂ ਨੇ ਮਿਲਕੇ ਮਨਾਉਣਾ ਚਾਹਿਆ। ਪਰ ਆਗੂਆਂ ਨੇ ਸਾਂਝੇ ਤੌਰ ‘ਤੇ ਉਲੀਕੇ ਪ੍ਰੋਗਰਾਮ ਅਨੁਸਾਰ ਲਗਾਤਾਰ ਤਿੰਨ ਘੰਟੇ ਸੜਕ ਜਾਮ ਕਰਕੇ ਲੋਕ ਹੱਕਾਂ ਲਈ ਨਾਅਰੇਬਾਜ਼ੀ ਦੌਰਾਨ ਆਪੋ ਆਪਣੇ ਵਿਚਾਰ ਸਾਂਝੇ ਕੀਤੇ। ਜਦਕਿ ਰੇਲ ਟਰੈਕ ਨੂੰ ਫਿਲਹਾਲ ਜਾਮ ਨਹੀਂ ਕੀਤਾ ਗਿਆ ਸੀ। ਪੇਂਡੂ ਭਾਰਤ ਬੰਦ ਦੌਰਾਨ ਪਿੰਡਾਂ ‘ਚੋਂ ਦੁੱਧ ਤੇ ਸਬਜ਼ੀਆਂ ਦੀ ਸਪਲਾਈ ਰੋਜ਼ਾਨਾਂ ਦੀ ਬਨਿਸਬਤ ਕੇਵਲ ਪੰਦਰਾਂ ਤੋਂ ਵੀਹ ਪ੍ਰਤੀਸ਼ਤ ਹੀ ਸ਼ਹਿਰ ‘ਚ ਆ ਸਕੀ।