ਚੀਨ ਅਜਿਹਾ ਦੇਸ਼ ਹੈ ਜੋ ਆਪਣੇ ਕਰਜ਼ ਦੇ ਜਾਲ ਵਿਚ ਹੋਰ ਦੇਸ਼ਾਂ ਨੂੰ ਫਸਾ ਕੇ ਆਪਣੀਆਂ ਵਪਾਰਕ ਅਤੇ ਕੂਟਨੀਤਕ ਸਥਿਤੀਆਂ ਨੂੰ ਮਜ਼ਬੂਤ ਕਰਦਾ ਹੈ। ਦੱਖਣੀ ਅਮਰੀਕਾ ਦੇ ਕਈ ਦੇਸ਼ ਪਿਛਲੇ ਸਾਲਾਂ ਵਿਚ ਸਾਧਨਾਂ ਦੇ ਲਿਹਾਜ਼ ਨਾਲ ਮਜ਼ਬੂਤ ਹੁੰਦੇ ਹੋਏ ਵੀ ਪੂੰਜੀ ਦੀਆਂ ਦਿੱਕਤਾਂ ਨਾਲ ਜੂਝਣ ਕਾਰਨ ਚੀਨ ਤੋਂ ਲੰਬਾ ਕਰਜ਼ਾ ਲੈਂਦੇ ਰਹਿੰਦੇ ਹਨ। ਕੋਰੋਨਾ ਮਹਾਮਾਰੀ ਪਿੱਛੋਂ ਹਾਲਾਤ ਬਦਲ ਰਹੇ ਹਨ।
2010 ਵਿਚ ਜਦੋਂ ਚੀਨ ਦੀ ਆਰਥਿਕ ਸਥਿਤੀ ਬਹੁਤ ਹੀ ਮਜ਼ਬੂਤ ਸੀ ਅਤੇ ਉਸ ਦੀਆਂ ਕੰਪਨੀਆਂ ਆਪਣਾ ਵਿਸ਼ਵ ਪੱਧਰ ‘ਤੇ ਵਿਸਥਾਰ ਕਰ ਰਹੀਆਂ ਸਨ ਉਸ ਸਮੇਂ ਦੱਖਣੀ ਅਮਰੀਕੀ ਦੇਸ਼ਾਂ ਨੂੰ ਚੀਨ ਨੇ ਰਿਕਾਰਡ 35 ਅਰਬ ਡਾਲਰ (ਕਰੀਬ ਢਾਈ ਲੱਖ ਕਰੋੜ ਤੋਂ ਜ਼ਿਆਦਾ ਰੁਪਏ) ਦਾ ਕਰਜ਼ਾ ਦਿੱਤਾ ਸੀ। ਪਹਿਲੀ ਵਾਰ 15 ਸਾਲਾਂ ਬਾਅਦ ਹਾਲਾਤ ਬਦਲ ਰਹੇ ਹਨ। ਚੀਨ ਦੇ ਦੋ ਵੱਡੇ ਬੈਂਕਾਂ ਚਾਈਨਾ ਡਿਵੈਲਪਮੈਂਟ ਬੈਂਕ (ਸੀਡੀਬੀ) ਅਤੇ ਐਕਸਪੋਰਟ ਇੰਪੋਰਟ ਬੈਂਕ ਆਫ ਚਾਈਨਾ ਨੇ 2020 ਵਿਚ ਇਸ ਖੇਤਰ ਵਿਚ ਵਿਗੜਦੀ ਆਰਥਿਕ ਸਥਿਤੀ ਦੇ ਬਾਵਜੂਦ ਕੋਈ ਕਰਜ਼ਾ ਨਹੀਂ ਦਿੱਤਾ ਹੈ। ਇਹ ਅੰਕੜੇ ਹਾਲ ਹੀ ਵਿਚ ਵਾਸ਼ਿੰਗਟਨ ਥਿੰਕ ਟੈਂਕ ਅਤੇ ਬੋਸਟਨ ਯੂਨੀਵਰਸਿਟੀ ਗਲੋਬਲ ਡਿਵੈਲਪਮੈਂਟ ਪਾਲਿਸੀ ਦੀ ਰਿਪੋਰਟ ਵਿਚ ਦਿੱਤੇ ਗਏ ਹਨ। ਫਿਲਹਾਲ ਚੀਨ ਦੇ ਬੈਂਕ ਹੁਣ ਕਰਜ਼ੇ ਨੂੰ ਲੈ ਕੇ ਜ਼ਿਆਦਾ ਸਾਵਧਾਨ ਦਿਖਾਈ ਦੇ ਰਹੇ ਹਨ। ਹੁਣ ਉਹ ਇਹ ਵੀ ਦੇਖ ਰਹੇ ਹਨ ਕਿ ਕੀ ਉਨ੍ਹਾਂ ਨੂੰ ਕਰਜ਼ੇ ਦੀ ਅਦਾਇਗੀ ਸਮੇਂ ‘ਤੇ ਮਿਲ ਸਕਦੀ ਹੈ। 2020 ਵਿਚ ਦੱਖਣੀ ਅਮਰੀਕਾ ਨੂੰ ਕਰਜ਼ਾ ਦੇਣ ਦੇ ਅੰਕੜਿਆਂ ਵਿਚ ਆਈ ਗਿਰਾਵਟ ‘ਤੇ ਚੀਨ ਦੇ ਬੈਂਕਾਂ ਅਤੇ ਵਿਦੇਸ਼ ਮੰਤਰਾਲੇ ਨੇ ਕੋਈ ਟਿੱਪਣੀ ਨਹੀਂ ਕੀਤੀ ਹੈ।