ਵਾਸ਼ਿੰਗਟਨ : ਇੱਕ ਪਾਸੇ ਚੀਨ ਆਪਣੀ ਫ਼ੌਜੀ ਤਾਕਤ ਵਧਾ ਰਿਹਾ ਹੈ, ਦੂਜੇ ਪਾਸੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ਨੀਵਾਰ ਨੂੰ ਇਸ ਵਿਸ਼ੇ ‘ਤੇ ਚਿੰਤਾ ਜ਼ਾਹਰ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਚੀਨ ਹੁਣ ਵਿਸ਼ਵ ਲਈ ਖ਼ਤਰਾ ਬਣਦਾ ਜਾ ਰਿਹਾ ਹੈ। ਅਮਰੀਕੀ ਰਾਸ਼ਟਰਪਤੀ ਦਾ ਕਹਿਣਾ ਹੈ ਕਿ ਚੀਨ ਨੇ ਫ਼ੌਜੀ ਬਜਟ ਵੀ ਵਧਾ ਦਿੱਤਾ ਹੈ। ਚੀਨ ਨੇ ਇਸ ਨੂੰ 7 ਫ਼ੀਸਦੀ ਵਧਾ ਕੇ 15.2 ਕਰੋੜ ਡਾਲਰ ਕਰ ਦਿੱਤਾ ਹੈ। ਚੀਨ ਵੱਲੋਂ ਦੱਖਣੀ ਚੀਨ ਸਾਗਰ ਵਿੱਚ ਅਮਰੀਕਾ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਮਰੀਕੀ ਰਾਸ਼ਟਰਪਤੀ ਨੇ ਸ਼ੁੱਕਰਵਾਰ ਨੂੰ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰਿਸਨ ਨਾਲ ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨੂੰ ਸੰਬੋਧਨ ਕੀਤਾ।ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਚੀਨ ਤੇਜ਼ੀ ਨਾਲ ਫ਼ੌਜੀ ਤਾਕਤ ਵਧਾ ਰਿਹਾ ਹੈ ਅਤੇ ਦੁਨੀਆਂ ਲਈ ਖ਼ਤਰਾ ਬਣਦਾ ਜਾ ਰਿਹਾ ਹੈ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀਆਂ ਨੇ ਹਰ ਸਾਲ ਚੀਨ ਨੂੰ 50 ਹਜ਼ਾਰ ਕਰੋੜ ਅਮਰੀਕੀ ਡਾਲਰ ਅਤੇ ਸਾਡੇ ਬੌਧਿਕ ਜਾਇਦਾਦ ਦੇ ਅਧਿਕਾਰ ਲੈਣ ਦੀ ਆਗਿਆ ਦਿੱਤੀ ਹੋਈ ਹੈ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਹੁਣ ਅਮਰੀਕਾ ਨੂੰ ਇਸ ਵਿਸ਼ੇ ‘ਤੇ ਕਦਮ ਚੁੱਕਣ ਦੀ ਲੋੜ ਹੈ।