ਨਵੀਂ ਦਿੱਲੀ-ਕੇਂਦਰੀ ਸੜਕ ਟਰਾਂਸਪੋਰਟ ਤੇ ਸ਼ਾਹਰਾਹ ਮੰਤਰੀ ਨਿਤਿਨ ਗਡਕਰੀ ਨੇ ਅੱਜ ਕਿਹਾ ਕਿ ਸੜਕੀ ਟਰਾਂਸਪੋਸਟ ਮੰਤਰਾਲੇ ਕੌਮੀ ਸ਼ਾਹਰਾਹਾਂ ’ਤੇ ਯਾਤਰੀਆਂ ਨੂੰ ਰਾਹਤ ਦੇਣ ਲਈ ਇਕਸਾਰ ਟੌਲ ਨੀਤੀ ’ਤੇ ਕੰਮ ਕਰ ਰਿਹਾ ਹੈ। ਗਡਕਰੀ ਨੇ ਇਹ ਵੀ ਕਿਹਾ ਕਿ ਹੁਣ ਭਾਰਤ ਦਾ ਸ਼ਾਹਰਾਹ ਬੁਨਿਆਦੀ ਢਾਂਚਾ ਅਮਰੀਕਾ ਦੇ ਬਰਾਬਰ ਹੈ। ਉਨ੍ਹਾਂ ਪੀਟੀਆਈ ਨੂੰ ਦਿੱਤੇ ਇਕ ਇੰਟਰਵਿਊ ਵਿੱਚ ਕਿਹਾ, ‘‘ਅਸੀਂ ਇਕਸਾਰ ਟੌਲ ਨੀਤੀ ’ਤੇ ਕੰਮ ਕਰ ਰਹੇ ਹਾਂ। ਇਸ ਨਾਲ ਯਾਤਰੀਆਂ ਨੂੰ ਹੋਣ ਵਾਲੀਆਂ ਮੁਸ਼ਕਲਾਂ ਦਾ ਹੱਲ ਹੋਵੇਗਾ।’’ ਗਡਕਰੀ ਵਧੇਰੇ ਟੌਲ ਫੀਸ ਅਤੇ ਖ਼ਰਾਬ ਸੜਕਾਂ ਦੀਆਂ ਸ਼ਿਕਾਇਤਾਂ ਕਾਰਨ ਕੌਮੀ ਸ਼ਾਹਰਾਹਾਂ ’ਤੇ ਚੱਲਣ ਵਾਲਿਆਂ ਵਿਚਾਲੇ ਵਧਦੀ ਅਸੰਤੁਸ਼ਟੀ ’ਤੇ ਸਵਾਲ ਦੇ ਜਵਾਬ ਦੇ ਰਹੇ ਸਨ।
ਕੇਂਦਰੀ ਮੰਤਰੀ ਨੇ ਕਿਹਾ ਕਿ ਮੰਤਰਾਲੇ ਨੇ ਕੌਮੀ ਸ਼ਾਹਰਾਹਾਂ ’ਤੇ ਅੜਿੱਕਾ ਰਹਿਤ ਆਲਮੀ ਨੇਵੀਗੇਸ਼ਨ ਉਪ ਗ੍ਰਹਿ ਪ੍ਰਣਾਲੀ (ਜੀਐੱਨਐੱਸਐੱਸ) ਆਧਾਰਿਤ ਟੌਲ ਕੁਲੈਕਸ਼ਨ ਪ੍ਰਣਾਲੀ ਨੂੰ ਲਾਗੂ ਕਰਨ ਦਾ ਫੈਸਲਾ ਲਿਆ ਹੈ। ਗਡਕਰੀ ਨੇ ਕਿਹਾ ਕਿ ਸੜਕੀ ਆਵਾਜਾਈ ਅਤੇ ਸ਼ਾਹਰਾਹ ਮੰਤਰਾਲੇ ਸੋਸ਼ਲ ਮੀਡੀਆ ’ਤੇ ਯਾਤਰੀਆਂ ਦੀਆਂ ਸ਼ਿਕਾਇਤਾਂ ਨੂੰ ਬਹੁਤ ਗੰਭੀਰਤਾ ਨਾਲ ਲੈ ਰਿਹਾ ਹੈ ਅਤੇ ਇਸ ਵਿੱਚ ਸ਼ਾਮਲ ਠੇਕੇਦਾਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰ ਰਿਹਾ ਹੈ।