ਸ਼੍ਰੀਨਗਰ: ਕਸ਼ਮੀਰ ਵਾਦੀ ਵਿੱਚ 28ਵੇਂ ਦਿਨ ਵੀ ਜਨ-ਜੀਵਨ ਆਮ ਨਹੀਂ ਹੋ ਸਕਿਆ। ਕਰੜੇ ਸੁਰੱਖਿਆ ਪ੍ਰਬੰਧਾਂ ਵਿੱਚ ਦਹਿਸ਼ਤ ਦਾ ਆਲਮ ਹੈ। ਲੋਕ ਘਰਾਂ ਵਿੱਚੋਂ ਘੱਟ ਹੀ ਬਾਹਰ ਆ ਰਹੇ ਹਨ। ਸਕੂਲਾਂ-ਕਾਲਜਾਂ ਵਿੱਚ ਅਧਿਆਪਕ ਤਾਂ ਪਹੁੰਚ ਰਹੇ ਹਨ ਪਰ ਵਿਦਿਆਰਥੀਂ ਨਹੀਂ।
ਅੱਜ ਕਸ਼ਮੀਰ ਵਾਦੀ ਦੇ 11 ਹੋਰ ਥਾਣਿਆਂ ਦੇ ਖੇਤਰਾਂ ਵਿੱਚ ਪਾਬੰਦੀਆਂ ਵਿੱਚ ਢਿੱਲ ਦਿੱਤੀ ਗਈ। ਇਸ ਦੇ ਬਾਵਜੂਦ ਐਤਵਾਰ ਨੂੰ ਲਗਾਤਾਰ 28 ਦਿਨ ਜ਼ਿੰਦਗੀ ਪਟੜੀ ‘ਤੇ ਨਹੀਂ ਚੜ੍ਹ ਸਕੀ। ਅਧਿਕਾਰੀਆਂ ਨੇ ਦੱਸਿਆ ਕਿ ਹੁਣ ਵਾਦੀ ਦੇ 105 ਥਾਣਾ ਖੇਤਰਾਂ ਵਿੱਚੋਂ 82 ਵਿੱਚ ਕੋਈ ਪਾਬੰਦੀ ਨਹੀਂ। 29 ਲੈਂਡਲਾਈਨ ਐਕਸਚੇਜ਼ਾਂ ਵਿੱਚ ਲੈਂਡਲਾਈਨ ਸੇਵਾਵਾਂ ਬਹਾਲ ਕਰ ਦਿੱਤੀਆਂ ਹਨ। ਇਹ ਪਹਿਲੀਆਂ ਚਾਲੂ 47 ਐਕਸਚੇਂਜਾਂ ਤੋਂ ਵੱਖ ਹਨ। ਹਾਲਾਂਕਿ ਲਾਲ ਚੌਕ ਤੇ ਪ੍ਰੈੱਸ ਐਨਕਲੇਵ ਵਿੱਚ ਅਜੇ ਵੀ ਪਾਬੰਦੀਆਂ ਲਾਗੂ ਹਨ।
ਅਧਿਕਾਰੀਆਂ ਨੇ ਮੰਨਿਆ ਕਿ ਐਤਵਾਰ ਨੂੰ 28ਵੇਂ ਦਿਨ ਵੀ ਸੜਕਾਂ ਸੁਨਸਾਨ ਰਹੀਆਂ। ਆਮ-ਜੀਵਨ ਕਾਫੀ ਪ੍ਰਭਾਵਿਤ ਨਜ਼ਰ ਆਇਆ। ਦੁਕਾਨਾਂ ਬੰਦ ਰਹੀਆਂ ਤੇ ਸੜਕਾਂ ਤੋਂ ਵਾਹਨ ਨਜ਼ਰ ਨਹੀਂ ਆਏ। ਉਨ੍ਹਾਂ ਦੱਸਿਆ ਕਿ ਬੇਸ਼ੱਕ ਬਹੁਤੇ ਇਲਾਕਿਆਂ ਵਿੱਚੋਂ ਪਾਬੰਦੀਆਂ ਹਟਾ ਲਈਆਂ ਗਈਆਂ ਹਨ ਪਰ ਸੁਰੱਖਿਆ ਬਲ ਤਾਇਨਾਤ ਹਨ।